Headlines

ਜਬਰੀ ਵਸੂਲੀ ਦੇ ਅਪਰਾਧੀਆਂ ਲਈ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਲਾਜ਼ਮੀ ਕਰਾਂਗੇ-ਪੋਲੀਵਰ

ਸਰੀ ( ਦੇ ਪ੍ਰ ਬਿ)-ਕੈਨੇਡਾ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਸਾਉਥ ਏਸ਼ੀਅਨ ਭਾਈਚਾਰੇ ਵਿਚ ਵਾਪਰ ਰਹੀਆਂ ਜਬਰੀ ਵਸੂਲੀ ਅਤੇ ਹਿੰਸਾ ਦੀਆਂ ਘਟਨਾਵਾਂ ਉਪਰ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਆਉਣ ਤੇ ਅਜਿਹੀਆਂ ਵਾਰਦਾਤਾਂ ਦੇ ਦੋਸ਼ੀਆਂ ਲਈ ਘੱਟੋ ਘੱਟ ਜੇਲ ਦੀ ਸਜ਼ਾ ਨੂੰ ਲਾਜਮੀ ਬਣਾਇਆ ਜਾਵੇਗਾ।
ਇਥੇ ਸਰੀ ਦੇ ਇਕ ਵਪਾਰਕ ਕੇਂਦਰ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰੀ ਵਰਗੇ ਭਾਈਚਾਰਿਆਂ ਵਿੱਚ ਛੋਟੇ ਕਾਰੋਬਾਰੀਆਂ ਨੂੰ ਹਿੰਸਾ, ਅਗਵਾ, ਅੱਗਜ਼ਨੀ ਅਤੇ ਗੋਲੀਬਾਰੀ ਦੇ ਵੱਧ ਰਹੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਪਰਾਧ ਦਾ ਇਹ ਨਵਾਂ ਰੁਝਾਨ ਇਕ ਪਾਗਲਪਣ ਹੈ ਅਤੇ ਕੈਨੇਡਾ ਵਿੱਚ ਅਜਿਹੇ ਲੋਕਾਂ ਲਈ ਕੋਈ ਥਾਂ ਨਹੀ ਹੋਣੀ ਚਾਹੀਦੀ।
ਵਿਰੋਧੀ ਧਿਰ ਦੇ ਨੇਤਾ ਨੇ 2022 ਵਿੱਚ ਕ੍ਰਿਮੀਨਲ ਕੋਡ ਵਿੱਚ ਲਿਬਰਲ ਸਰਕਾਰ ਦੀਆਂ ਸੋਧਾਂ ਦਾ ਜ਼ਿਕਰ ਕੀਤਾ ਜਿਸ ਵਿੱਚ ਹਥਿਆਰਾਂ ਨਾਲ ਜਬਰੀ ਵਸੂਲੀ ਲਈ ਚਾਰ ਸਾਲ ਦੀ ਘੱਟੋ-ਘੱਟ ਸਜ਼ਾ ਦੀ ਵਿਵਸਥਾ ਨੂੰ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ  ਕੰਜ਼ਰਵੇਟਿਵ ਸਰਕਾਰ ਜਬਰੀ ਵਸੂਲੀ ਲਈ  ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਤਿੰਨ ਸਾਲ ਦੀ ਲਾਜ਼ਮੀ ਘੱਟੋ-ਘੱਟ ਸਜ਼ਾ ਅਤੇ ਕਿਸੇ ਨੂੰ “ਗੈਂਗ ਜਾਂ ਸੰਗਠਿਤ ਅਪਰਾਧ ਦੀ ਤਰਫੋਂ ਕੰਮ ਕਰਦੇ ਹੋਏ” ਪੰਜ ਸਾਲ ਦੀ ਸਜ਼ਾ ਦੀ ਵਿਵਸਥਾ ਕਰੇਗੀ।
ਉਹਨਾਂ ਹੋਰ ਕਿਹਾ ਕਿ ਜਬਰੀ ਵਸੂਲੀ ਦੇ ਮਾਮਲਿਆਂ ਦੇ ਨਾਲ ਅਗਜ਼ਨੀ ਦੀਆਂ ਘਟਨਾਵਾਂ ਨੂੰ ਵੀ ਗੰਭੀਰ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ। ਪੁਲਿਸ ਵਲੋਂ ਅਪਰਾਧੀਆਂ ਨੂੰ ਫੜਨਾ ਤੇ ਛੱਡ ਦੇਣਾ ਅਪਰਾਧ ਨੂੰ ਬੜਾਵਾ ਦੇਣ ਵਾਲੀ ਗੱਲ ਹੈ। ਪੁਲਿਸ ਨੂੰ ਅਜਿਹੇ ਅਪਰਾਧਾਂ ਨਾਲ ਨਿਪਟਣ ਲਈ ਵਧੇਰੇ ਅਧਿਕਾਰ ਦੇਣ ਦੀ ਲੋੜ ਹੈ।
ਉਹਨਾਂ ਹੋਰ ਕਿਹਾ ਕਿ ਨੌਜਵਾਨਾਂ ਨੂੰ ਵਰਗਲਾਉਣ ਵਾਲੇ ਗੈਂਗਾਂ ‘ਖਿਲਾਫ ਵੀ  “ਮਜ਼ਬੂਤ ਕਾਰਵਾਈ” ਦੀ ਲੋੜ ਹੈ।
ਪੁਲਿਸ ਘੱਟੋ-ਘੱਟ ਤਿੰਨ ਪ੍ਰਾਂਤਾਂ ਵਿੱਚ ਸਾਉਥ ਏਸ਼ੀਆਈ ਭਾਈਚਾਰੇ ਦੇ  ਵਿੱਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਰਿਪੋਰਟਾਂ ਹਨ ਕਿ ਜਬਰੀ ਵਸੂਲੀ ਕਰਨ ਵਾਲੇ ਗੈਂਗ ਦਾ ਪੰਜਾਬ ਦੇ ਇਕ ਸੰਗਠਿਤ ਅਪਰਾਧ ਸਮੂਹ ਨਾਲ ਸਬੰਧ ਹੈ।
ਜਨਵਰੀ ਵਿੱਚ, ਐਡਮੰਟਨ ਪੁਲਿਸ ਨੇ ਜਬਰੀ ਵਸੂਲੀ ਤੇ ਅਗਜ਼ਨੀ ਦੀਆਂ 18 ਘਟਨਾਵਾਂ ਨਾਲ ਸਬੰਧਿਤ ਕਈ ਗ੍ਰਿਫਤਾਰੀਆਂ ਦਾ ਐਲਾਨ ਕੀਤਾ ਸੀ।
ਬੀ.ਸੀ. ਵਿੱਚ ਆਰ.ਸੀ.ਐਮ.ਪੀ. ਨੇ ਵੀ ਪੁਸ਼ਟੀ ਕੀਤੀ ਹੈ ਕਿ  ਸਰੀ, ਵੈਸਟ ਵੈਨਕੂਵਰ ਅਤੇ ਵ੍ਹਾਈਟ ਰੌਕ ਵਿੱਚ ਕਾਰੋਬਾਰੀਆਂ ਨੂੰ ਜਬਰੀ ਵਸੂਲੀ ਲਈ ਨਿਸ਼ਾਨਾ ਬਣਾਇਆ ਗਿਆ ਹੈ।

  • ਪੀਅਰ ਪੋਲੀਵਰ ਤੇ ਐਮ ਪੀ ਜਸਰਾਜ ਸਿੰਘ ਹੱਲਣ ਇਕ ਫਾਈਲ ਫੋਟੋ।