-ਸੁਖਵਿੰਦਰ ਸਿੰਘ ਚੋਹਲਾ—–
ਬੀਤੀ 7 ਅਕਤੂਬਰ ਨੂੰ ਹਮਾਸ ਗੁਰੀਲਿਆਂ ਵਲੋਂ ਕੀਤੀ ਗਈ ਇਕ ਅੱਤਵਾਦੀ ਕਾਰਵਾਈ ਦੌਰਾਨ 1200 ਲੋਕਾਂ ਨੂੰ ਮਾਰਨ ਤੇ 250 ਹੋਰਾਂ ਨੂੰ ਬੰਦੀ ਬਣਾਏ ਜਾਣ ਤੋਂ ਬਾਦ ਸ਼ੁਰੂ ਹੋਈ ਹਮਾਸ-ਇਜਰਾਈਲ ਜੰਗ ਨੂੰ ਲਗਪਗ 5 ਮਹੀਨੇ ਗੁਜਰ ਗਏ ਹਨ। ਇਸ ਦੌਰਾਨ ਇਜਰਾਈਲੀ ਸੈਨਾ ਵਲੋਂ ਹਮਾਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਕੇ ਕੀਤੇ ਜਾ ਰਹੇ ਹਮਲਿਆਂ ਦੌਰਾਨ ਹਜਾਰਾਂ ਲੋਕ ਮਾਰੇ ਜਾ ਚੁੱਕੇ ਹਨ। ਇਕ ਰਿਪੋਰਟ ਮੁਤਾਬਿਕ ਹੁਣ ਤੱਕ 30 ਹਜਾਰ ਤੋ ਉਪਰ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਇਜਰਾਈਲੀ ਸੈਨਾ ਵਲੋਂ ਇਹ ਕਹਿੰਦਿਆਂ ਕਿ ਹਮਾਸ ਅਤਵਾਦੀਆਂ ਨੇ ਹਸਪਤਾਲਾਂ ਵਿਚ ਬੰਕਰ ਬਣਾ ਰੱਖੇ ਹਨ, ਜ਼ਖਮੀਆਂ ਤੇ ਮਰੀਜਾਂ ਨਾਲ ਭਰੇ ਹਸਪਤਾਲਾਂ ਉਪਰ ਵੀ ਬੰਬਾਰੀ ਕੀਤੀ ਗਈ, ਜਿਸ ਨਾਲ ਦਰਦ ਨਾਲ ਕਰਾਹ ਰਹੇ ਬੱਚੇ ਅਤੇ ਔਰਤਾਂ ਦੀਆਂ ਤਸਵੀਰਾਂ ਵੇਖਦਿਆਂ ਕਾਲਜਾ ਮੂੰਹ ਨੂੰ ਆਉਂਦਾ ਹੈ। ਬੀਤੇ ਦਿਨ ਇਜਰਾਈਲੀ ਫੌਜ ਨੇ ਇਕ ਹੋਰ ਕਾਰਾ ਕਰਦਿਆਂ ਰਾਸ਼ਨ ਤੇ ਹੋਰ ਸਹਾਇਤਾ ਸਮੱਗਰੀ ਨੂੰ ਉਡੀਕਦੇ ਲੋਕਾਂ ਉਪਰ ਗੋਲੀਬਾਰੀ ਕਰਦਿਆਂ 115 ਨਿਰਦੋਸ਼ ਲੋਕਾਂ ਨੂੰ ਮਾਰ ਮੁਕਾਇਆ ਹੈ। ਸੈਂਕੜੇ ਲੋਕ ਜ਼ਖਮੀ ਹੋਏ ਹਨ। ਇਜਰਾਈਲੀ ਫੌਜ ਨੇ ਸਫਾਈ ਪੇਸ਼ ਕਰਦਿਆਂ ਕਿਹਾ ਹੈ ਕਿ ਸਹਾਇਤਾ ਸਮੱਗਰੀ ਨੂੰ ਉਡੀਕ ਰਹੀ ਭੀੜ ਫੌਜੀ ਕਾਨਵਾਈ ਉਪਰ ਹਮਲਾ ਕਰਨ ਦੇ ਰੌਂਅ ਵਿਚ ਸੀ ਜਿਸ ਕਾਰਣ ਫੌਜ ਨੂੰ ਗੋਲੀ ਚਲਾਉਣੀ ਪਈ ਤੇ ਕਈ ਲੋਕ ਭਗਦੜ ਵਿਚ ਮਾਰੇ ਗਏ।
ਇਜਰਾਈਲੀ ਫੌਜ ਲਗਾਤਾਰ ਫਲਸਤੀਨੀ ਲੋਕਾਂ ਉਪਰ ਜੁਲਮ ਢਾਹ ਰਹੀ ਹੈ ਪਰ ਪੱਛਮੀ ਮੁਲਕ ਵਿਸ਼ੇਸ਼ ਕਰਕੇ ਅਮਰੀਕਾ-ਕੈਨੇਡਾ ਵਰਗੀਆਂ ਮਹਾਂਸ਼ਕਤੀਆਂ ਉਸਦੀ ਪਿੱਠ ਪੂਰ ਰਹੀਆਂ ਹਨ। ਮਾਨਵੀ ਸੰਗਠਨਾਂ ਵਲੋਂ ਜੰਗ ਬੰਦੀ ਅਤੇ ਸਮਝੌਤੇ ਦੀਆਂ ਕਈ ਅਪੀਲਾਂ ਦੇ ਬਾਵਜੂਦ ਇਜ਼ਰਾਈਲ ਜੰਗ ਜਾਰੀ ਰੱਖਣ ਦੀ ਜਿੱਦ ਪੁਗਾ ਰਿਹਾ ਹੈ।
ਇਜ਼ਰਾਈਲ- ਹਮਾਸ ਜੰਗ ਦੇ ਚਲਦਿਆਂ ਅਮਰੀਕਾ ਵਲੋਂ ਲਗਾਤਾਰ ਇਜਰਾਈਲ ਦੀ ਪਿੱਠ ਥਾਪੜਨ ਦੇ ਨਾਲ ਮਾਨੁਖਤਾ ਵਿਰੋਧੀ ਵਤੀਰੇ ਦਾ ਬੀਤੇ ਦਿਨ ਉਸਦੇ ਆਪਣੇ ਇਕ ਫੌਜੀ ਅਫਸਰ ਨੇ ਵਿਰੋਧ ਕਰਦਿਆਂ ਜੋ ਕਦਮ ਉਠਾਇਆ ਹੈ, ਉਸਨੇ ਪੂਰੀ ਦੁਨੀਆ ਦਾ ਧਿਆਨ ਖਿਚਦਿਆਂ ਅਮਰੀਕੀ ਨੀਤੀਆਂ ਲਈ ਜਿੰਮੇਵਾਰ ਹਾਕਮਾਂ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਦੁਖਦਾਈ ਖਬਰ ਹੈ ਕਿ ਅਮਰੀਕੀ ਹਵਾਈ ਸੈਨਾ ਦੇ ਇਕ 25 ਸਾਲਾ ਨੌਜਵਾਨ ਅਫਸਰ ਐਰਨ ਬੁਸ਼ਨੈਲ ਨੇ ਵਾਸ਼ਿੰਗਟਨ ਸਥਿਤ ਇਜਰਾਈਲੀ ਅੰਬੈਸੀ ਦੇ ਬਾਹਰ ਇਹ ਕਹਿੰਦਿਆਂ ਆਪਣੇ ਆਪਨੂੰ ਅੱਗ ਲਗਾ ਲਈ ਕਿ ਉਹ ਅਮਰੀਕਾ ਵਲੋਂ ਗਾਜਾ ਪੱਟੀ ਵਿਚ ਫਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦਾ ਹਿੱਸਾ ਨਹੀਂ ਬਣ ਸਕਦਾ। ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ ਵਿਚ ਅਮਰੀਕੀ ਫੌਜੀ ਅਫਸਰ ਇਜਰਾਈਲੀ ਅੰਬੈਸੀ ਦੇ ਗੇਟ ਵੱਲ ਵਧਦਾ ਦਿਖਾਈ ਦਿੰਦਾ ਹੈ ਤੇ ਨਾਲ ਫਲਸਤੀਨ ਵਿਚ ਇਜਰਾਈਲੀ ਫੌਜ ਦੇ ਜ਼ਬਰ ਦੀ ਨਿੰਦਾ ਕਰਦਿਆਂ ਖੁਦ ਉਪਰ ਤੇਲ ਛਿੜਕਦਾ ਤੇ ਫਿਰ ਅੱਗ ਲਗਾ ਲੈਂਦਾ ਹੈ। ਅਮਰੀਕੀ ਫੌਜੀ ਵਰਦੀ ਪਹਿਨੀ ਨੌਜਵਾਨ ਅਫਸਰ ਅੱਗ ਦੀਆਂ ਲਪਟਾਂ ਵਿਚ ਘਿਰਿਆ ਫਲਸਤੀਨ ਨੂੰ ਆਜਾਦ ਕਰਨ ਦੇ ਨਾਅਰੇ ਵੀ ਲਗਾਉਂਦਾ ਹੈ। ਇਸਤੋਂ ਪਹਿਲਾਂ ਕਿ ਬਚਾਓ ਕਰਮੀ ਪੁੱਜਦੇ, ਉਹ ਅੱਗ ਦੀਆਂ ਲਪਟਾਂ ਵਿਚ ਘਿਰਿਆ ਪਿੰਜਰ ਹੁੰਦਾ ਢੇਰ ਹੋ ਜਾਂਦਾ ਹੈ। ਅਮਰੀਕੀ ਸਿਹਤ ਵਿਭਾਗ ਨੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੈਂਟਾਗਾਨ ਨੇ ਇਸ ਘਟਨਾ ਨੂੰ ਦੁਖਦਾਈ ਕਰਾਰ ਦਿੰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਉਹ ਹਾਲ ਦੀ ਘੜੀ ਪੀੜਤ ਪਰਿਵਾਰ ਨਾਲ ਸੰਵੇਦਨਾ ਪ੍ਰਗਟਾਉਣ ਤੋਂ ਵੱਧ ਕੁਝ ਨਹੀ ਕਹਿ ਸਕਦੇ।
ਇਕ ਅਮਰੀਕੀ ਫੌਜੀ ਅਫਸਰ ਵਲੋਂ ਗਾਜਾ ਪੱਟੀ ਵਿਚ ਥੋਪੀ ਗਈ ਜੰਗ ਤੇ ਉਸ ਵਿਚ ਅਮਰੀਕਾ ਦੀ ਭੂਮਿਕਾ ਖਿਲਾਫ ਰੋਸ ਪ੍ਰਗਟਾਵੇ ਦੀ ਇਹ ਕਾਰਵਾਈ ਅਤਿ ਦਰਦਨਾਕ ਮਿਸਾਲ ਹੈ। ਆਤਮਦਾਹ ਕਰਨ ਵਾਲੇ ਫੌਜੀ ਅਫਸਰ ਦੀ ਗਾਜਾ ਪੱਟੀ ਨਾਲ ਕੋਈ ਪਰਿਵਾਰਕ ਜਾਂ ਨਿੱਜੀ ਸਾਂਝ ਨਹੀ ਸੀ। ਉਸਦੀ ਫਲਸਤੀਨ ਦੇ ਲੋਕਾਂ ਨਾਲ ਇਕ ਮਾਨਵੀ ਸਾਂਝ ਸੀ ਕਿ ਉਹ ਉਹਨਾਂ ਦੇ ਦੁੱਖ ਤੇ ਉਹਨਾਂ ਉਪਰ ਢਾਹੇ ਜਾ ਰਹੇ ਜਬਰ ਲਈ ਆਪਣੇ ਮੁਲਕ ਨੂੰ ਜਿੰਮੇਵਾਰ ਸਮਝ ਰਿਹਾ ਸੀ। ਅਮਰੀਕੀ ਹਕੂਮਤ ਇਸ ਮਾਮਲੇ ਵਿਚ ਕੁਝ ਵੀ ਕਹੇ, ਚਾਹੇ ਫੌਜੀ ਅਫਸਰ ਨੂੰ ਮਾਨਸਿਕ ਰੋਗੀ ਐਲਾਨੇ ਪਰ ਇਸ ਸਮੇਂ ਐਰਨ ਬੁਸ਼ਨੈਲ ਦੇ ਇਸ ਬਲੀਦਾਨ ਨੂੰ ਫਲਸਤੀਨੀ ਲੋਕਾਂ ਦੇ ਹਮਦਰਦ ਹੀਰੋ ਵਜੋਂ ਵੇਖਿਆ ਜਾ ਰਿਹਾ ਹੈ। ਉਂਜ ਦੁਨੀਆ ਦੇ ਇਤਿਹਾਸ ਵਿਚ ਕਿਸੇ ਹੱਕ ਹਕੂਕ ਜਾਂ ਸਰਕਾਰਾਂ ਦੇ ਵਤੀਰੇ ਖਿਲਾਫ ਆਤਮਦਾਹ ਦੀ ਇਹ ਘਟਨਾ ਕੋਈ ਪਹਿਲੀ ਨਹੀ ਹੈ। 29 ਅਪ੍ਰੈਲ 1993 ਨੂੰ ਗਰੈਹਮ ਬੈਮਫੋਰਡ ਨਾਮ ਦੇ ਇਕ ਵਿਅਕਤੀ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਬਾਹਰ ਬੋਸਨੀਆ ਜੰਗ ਦੇ ਵਿਰੋਧ ਵਿਚ ਆਤਮਦਾਹ ਕਰ ਲਿਆ ਸੀ। ਆਤਮਦਾਹ ਦੀਆਂ ਅਨੇਕਾਂ ਹੋਰ ਉਦਾਹਰਣਾਂ ਸਮੇਤ ਹੁਣ ਤੱਕ 159 ਤਿਬਤੀ ਬੋਧੀ ਤਿਬਤ ਦੀ ਆਜਾਦੀ ਲਈ ਚੀਨ ਦੇ ਜੁਲਮਾਂ ਵਿਰੁੱਧ ਆਤਮਦਾਹ ਕਰ ਚੁੱਕੇ ਹਨ। ਆਤਮਦਾਹ ਦਾ ਫੈਸਲਾ ਕੋਈ ਆਸਾਨ ਫੈਸਲਾ ਨਹੀ ਹੈ। ਭਾਰਤ ਵਿਚ ਵੀ 27 ਦਸੰਬਰ 1966 ਨੂੰ ਪੰਜਾਬੀ ਸੂਬੇ ਦੀ ਮੰਗ ਨੂੰ ਲੈਕੇ ਸੰਤ ਫਤਹਿ ਸਿੰਘ ਵਲੋਂ ਆਤਮਦਾਹ ਦਾ ਐਲਾਨ ਕੀਤਾ ਗਿਆ ਸੀ ਪਰ ਆਖਰੀ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਭੇਜੇ ਗਏ ਦੂਤ ਲੋਕ ਸਭਾ ਦੇ ਸਪੀਕਰ ਹੁਕਮ ਸਿੰਘ ਵਲੋਂ ਉਹਨਾਂ ਨੂੰ ਆਤਮਦਾਹ ਕਰਨ ਤੋਂ ਰੋਕ ਲਿਆ ਗਿਆ ਸੀ।
ਇਜਰਾਈਲ-ਹਮਾਸ ਜੰਗ ਦੌਰਾਨ ਮਾਨੁੱਖਤਾ ਦੇ ਹੋ ਰਹੇ ਘਾਣ ਨੂੰ ਰੋਕਣ ਲਈ ਅਮਰੀਕੀ ਫੌਜੀ ਅਫਸਰ ਦੇ ਇਸ ਪਾਗਲਪਣ ਵਾਲੇ ਬਲੀਦਾਨ ਨੇ ਜੰਗਬਾਜ਼ਾਂ ਦੇ ਕਰੂਪ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਆਪਣੇ ਹੀ ਕਰੂਰ ਹਾਕਮਾਂ ਖਿਲਾਫ ਉਸਦੇ ਬਲੀਦਾਨ ਨੂੰ ਇਤਿਹਾਸ ਯਾਦ ਰੱਖੇਗਾ ਪਰ ਸਵਾਲ ਹੈ, ਕੀ ਅਮਰੀਕੀ ਹਾਕਮ ਆਪਣੇ ਇਸ ਫੌਜੀ ਅਫਸਰ ਦੀ ਅਤਿ ਸੰਵੇਦਨਸ਼ੀਲ ਤੇ ਵਿਆਕੁਲ ਕਰ ਦੇਣ ਵਾਲੀ ਕਾਰਵਾਈ ਨੂੰ ਆਪਣੀਆਂ ਗਲੋਬਲ ਨੀਤੀਆਂ ਦੀ ਪੜਚੋਲ ਦੇ ਏਜੰਡੇ ਤੇ ਲੈਕੇ ਆਉਣਗੇ ?