Headlines

ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਕੈਲਗਰੀ  ਦੀ ਮੀਟਿੰਗ

ਸਰੀ, 12 ਮਾਰਚ (ਹਰਦਮ ਮਾਨ)-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ ਨੂੰ ਸਮਰਪਿਤ ਰਹੀ। ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਕੈਲਗਰੀ ਦੇ ਨਕਸਲੀ ਲਹਿਰ ਦੇ ਘੁਲਾਟੀਏ ਅਤੇ ਪ੍ਰਸਿੱਧ ਸ਼ਾਇਰ ਇਕਬਾਲ ਖ਼ਾਨ, ਸੁਰਜੀਤ ਸਿੰਘ ਪੰਨੂ (ਸੀਤਲ), ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਨੌਜੁਆਨ ਭਤੀਜੇ ਅਤੇ ਮਾ. ਸੁਖਦੇਵ ਸਿੰਘ ਧਾਲ਼ੀਵਾਲ ਦੇ ਸਪੁੱਤਰ ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਉਪਰੰਤ ਕੇਸਰ ਸਿੰਘ ਨੀਰ ਨੇ ਇਕਬਾਲ ਖ਼ਾਨ ਦੀ ਸਾਹਿਤਕ ਦੇਣ ਅਤੇ ਕੰਮਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਸਤਨਾਮ ਸਿੰਘ ਢਾਅ ਨੇ ਇਕਬਾਲ ਖ਼ਾਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਆਖਿਆ ਕਿ ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਕਬਾਲ ਖ਼ਾਨ ਸਾਡੇ ਵਿਚ ਨਹੀਂ ਰਹੇ ਪਰ ਉਹਨਾਂ ਵੱਲੋਂ ਕੀਤੇ ਕੰਮ ਹਮੇਸ਼ਾਂ ਯਾਦ ਰਹਿਣਗੇ। ਪੰਜਾਬ ਤੋਂ ਆਏ ਸ਼ਾਇਰ ਜਸਵਿੰਦਰ ਸਿੰਘ ਰੁਪਾਲ, ਡਾ. ਬਾਠ, ਗੁਰਚਰਨ ਕੌਰ ਥਿੰਦ, ਸੁਖਵਿੰਦਰ ਸਿੰਘ ਤੂਰ, ਲਖਬਿੰਦਰ ਸਿੰਘ ਜੌਹਲ, ਕੁਲਦੀਪ ਕੌਰ ਘਟੌੜਾ, ਜਸਵਿੰਦਰ ਅਰਪਨ, ਪ੍ਰੋ. ਸੁਖਵਿੰਦਰ ਸਿੰਘ ਥਿੰਦ, ਡਾ. ਜੋਗਾ ਸਿੰਘ ਸਿਹੋਤਾ, ਜਸਵਿੰਦਰ ਸਿੰਘ ਅਰਪਨ, ਪ੍ਰਿਤਪਾਲ ਸਿੰਘ ਮੱਲ੍ਹੀ ਅਤੇ ਸੁਖਦੇਵ ਕੌਰ ਢਾਅ ਨੇ ਇਕਬਾਲ ਖ਼ਾਨ ਦੀ ਸ਼ਾਇਰੀ ਦੇ ਵੱਖ ਵੱਖ ਰੰਗਾਂ ਰਾਹੀਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

ਗੁਰਚਰਨ ਕੌਰ ਥਿੰਦ ਨੇ ਵੋਮਿਨ-ਡੇ ਦੀ ਗੱਲ ਸਾਂਝੀ ਕਰਦਿਆਂ ਆਖਿਆ ਕਿ ਕੈਨੇਡਾ ਵਰਗੇ ਅਗਾਂਹ-ਵਧੂ ਮੁਲਕ ਵਿਚ ਵੀ ਇਸਤਰੀ ਨੂੰ ਪੁਰਸ਼ ਦੇ ਬਰਾਬਰ ਤਨਖ਼ਾਹ ਨਹੀਂ ਮਿਲਦੀ। ਕੁਲਦੀਪ ਕੌਰ ਘਟੌੜਾ ਨੇ ਇਸਤਰੀ ਨੂੰ ਮਾਣ ਸਨਮਾਨ ਦੇਣ ਦੀ ਗੱਲ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਇਸਤਰੀ ਦਿਵਸ ਦੀ ਗੱਲ ਕਰਦਿਆਂ ਕਿਹਾ ਕਿ ਲੜਕੀਆਂ ਦੀ ਸਿਹਤ ਅਤੇ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਫੇਰ ਹੀ ਬਰਾਬਰੀ ਗੱਲ ਕੀਤੀ ਜਾ ਸਕਦੀ ਹੈ। ਅਖ਼ੀਰ ਵਿਚ ਡਾ. ਜੋਗਾ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।