Headlines

ਡਾ ਕੁਲਵੰਤ ਮੈਮੋਰੀਅਲ ਐਵਾਰਡ ਤੇ ਪ੍ਰਮਿੰਦਰਜੀਤ ਯਾਦਗਾਰੀ ਸਨਮਾਨ ਦਾ ਸ਼ਾਨਦਾਰ ਆਯੋਜਨ

ਅੰਮ੍ਰਿਤਸਰ-ਬੀਤੇ ਸ਼ਨੀਵਾਰ ਵਿਰਸਾ ਵਿਹਾਰ ਵਿਖੇ 23ਵਾਂ ਡਾਕਟਰ ਕੁਲਵੰਤ ਮੈਮੋਰੀਅਲ ਐਵਾਰਡ ਅਤੇ ਪਰਮਿੰਦਰਜੀਤ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ। ਡਾਕਟਰ ਕੁਲਵੰਤ ਟਰੱਸਟ ਵੱਲੋਂ ਵਿਦਵਾਨ ਲੇਖਕ ਨਿਰਮਲ ਅਰਪਨ ਨੂੰ ਡਾ ਕੁਲਵੰਤ ਯਾਦਗਾਰੀ ਪੁਰਸਕਾਰ ਦਿੱਤਾ ਗਿਆ । ਇਸੇ ਤਰ੍ਹਾਂ ਅੱਖਰ ਸਾਹਿਤ ਅਕਾਦਮੀ ਵੱਲੋਂ ਪਰਮਿੰਦਰਜੀਤ ਯਾਦਗਾਰੀ ਪੁਰਸਕਾਰ ਮੋਹਨ ਮਤਿਆਲਵੀ ਨੂੰ ਦਿੱਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ  ਇੱਕ ਸੰਖੇਪ ਕਵੀ ਦਰਬਾਰ ਵੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਈ ਕਵੀ, ਲੇਖਕ, ਵਿਦਵਾਨ ਅਤੇ ਕਈ ਡਾਕਟਰ ਵੀ ਹਾਜ਼ਰ ਸਨ। ਇਸ ਦੀ ਪ੍ਰਧਾਨਗੀ ਵਿਦਵਾਨ ਆਲੋਚਕ ਡਾ: ਹਰਭਜਨ ਸਿੰਘ ਭਾਟੀਆ ਅਤੇ ਪ੍ਰਸਿੱਧ ਆਲੋਚਕ ਡਾ: ਨਰੇਸ਼ ਇਸ ਦੇ ਵਿਸ਼ੇਸ਼ ਮਹਿਮਾਨ ਸਨ। ਇਸ ਸਮਾਗਮ ਵਿੱਚ ਆਸਟਰੇਲੀਆ ਤੋਂ  ਡਾ: ਕੁਲਵੰਤ ਦੇ ਪੁੱਤਰ ਡਾ: ਮਨਕੁਲ ਸ਼ੇਰਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ।  ਮੰਚ ਸੰਚਾਲਨ ਅੱਖਰ ਦੇ ਸੰਪਾਦਕ ਵਿਸ਼ਾਲ ਨੇ ਕੀਤਾ।
ਯਾਦ ਰਹੇ ਕਿ ਅੱਖਰ ਦੇ ਮੂਲ ਮੋਢੀ ਮੈਂ, ਪਰਮਿੰਦਰਜੀਤ, ਮੁਖਤਾਰ ਗਿੱਲ, ਗੁਲ ਚੌਹਾਨ ਅਤੇ ਡਾ: ਰਵਿੰਦਰ ਸਨ। ਜਦੋਂ 1975 ਵਿੱਚ ਪ੍ਰੀਤ ਨਗਰ ਤੋਂ ਅੱਖਰ ਦੀ ਛਪਾਈ ਸ਼ੁਰੂ ਹੋਈ ਤਾਂ ਪਰਮਿੰਦਰਜੀਤ ਅੱਖੜ ਦਾ ਸੰਪਾਦਕ ਸੀ । ਉਸ ਸਮੇਂ ਡਾ: ਕੁਲਵੰਤ ਨੇ ਵੀ ਮਾਲੀ ਅਤੇ ਸਾਹਿਤਕ ਯੋਗਦਾਨ ਪਾਇਆ। ਪਰਮਿੰਦਰਜੀਤ ਦੇ ਸਦੀਵੀ ਦੇ ਵਿਛੋੜੇ ਤੋਂ ਬਾਅਦ ਵਿਸ਼ਾਲ ਨੇ ਅੱਖਰ ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਅੱਖਰ ਨੂੰ ਚਲਦਾ ਰੱਖਣ ਲਈ ਮੇਰਾ, ਡਾਕਟਰ ਕੁਲਵੰਤ ਅਤੇ ਭਤੀਜੇ ਡਾਕਟਰ ਵਿਕਰਮਜੀਤ ਦਾ ਹਮੇਸ਼ਾ ਸਾਹਿਤਕ ਅਤੇ ਆਰਥਿਕ ਯੋਗਦਾਨ ਰਿਹਾ ਹੈ।
ਅੱਖਰ ਟੀਮ ਵਿੱਚ ਪ੍ਰੋਫੈਸਰ ਬਖਤਾਵਰ ਧਾਲੀਵਾਲ, ਕਮਲਜੀਤ ਭੁੱਲਰ, ਮੈਡਮ ਬਲਵਿੰਦਰ, ਕਰਨਲ ਕੰਵਲਜੀਤ ਸੰਧਾ, ਪਰਮਿੰਦਰ ਸੋਢੀ, ਤਰਲੋਚਨ ਅਤੇ ਦਲਵੀਰ ਕੌਰ ਯੂ.ਕੇ ਸ਼ਾਮਿਲ ਹਨ। ਅੱਖਰ ਮੈਗਜ਼ੀਨ ਲਈ ਦੋ ਦਫਤਰ ਖੋਲ੍ਹੇ ਗਏ ਹਨ, ਇੱਕ ਬਸੰਤ ਐਵੀਨਿਊ ਮਾਰਕੀਟ ਅੰਮ੍ਰਿਤਸਰ ਅਤੇ ਦੂਜਾ ਮੇਨ ਮਾਰਕੀਟ ਬਿਆਸ ਵਿਖੇ।
ਦੁਨੀਆ ਭਰ ਦੇ ਬਹੁਤ ਸਾਰੇ ਲੇਖਕ ਅਤੇ ਪਾਠਕ ਅੱਖਰ ਦੀ ਮਾਇਕ ਸਹਾਇਤਾ ਵਾਸਤੇ  ਦਾਨ ਦੇ ਕੇ ਸਹਿਯੋਗ ਕਰ ਰਹੇ ਹਨ। ਅੱਖਰ ਦੀ ਟੀਮ ਵਲੋਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।

ਰਿਪੋਰਟ- ਡਾ ਕਰਨੈਲ ਸਿੰਘ ਸ਼ੇਰਗਿੱਲ