Headlines

ਪੰਜਾਬੀ ਸਭਿਆਚਾਰ-“ਰੀਤੀ-ਰਿਵਾਜ਼”

ਗੁਰਦੇਵ ਸਿੰਘ ‘ਆਲਮਵਾਲਾ’—-
ਭਾਗ- 1.
ਜਦੋਂ ਤੋਂ ਮਨੁੱਖੀ ਜੀਵ ਦੇ ਜੀਵਨ ਦੀ ਹੋਂਦ ਇਸ ਧਰਤੀ ਉੱਤੇ ਆਈ ਹੈ। ਜਿਹੜੇ ਵੀ ਦੇਸ਼ ਦੀ ਧਰਤੀ ਉੱਤੇ ਵਾਸ ਪ੍ਰਵਾਸ ਕੀਤਾ, ਉਸ ਦੇ ਨਾਲ ਹੀ ਉਥੋਂ ਦੇ ਰੀਤਾਂ ਰਸਮ ਜਾਂ ਰਿਵਾਜ਼ ਮੁਤਾਬਿਕ ਆਪੋ ਆਪਣੀ ਸੱਭਿਅਕ ਜਾਂ ਸਮਾਜਿਕ ਰਹੁ ਰੀਤਾਂ ਨੂੰ ਅੱਪਣਾਅ ਲਿਆ। ਜਿਹੜੀ ਰੀਤ ਤੋਂ ਸ਼ੁਰੂ ਹੋ ਗਈ ਬਸ ਉਹ ਹੀ ਇੱਕ ਰਿਵਾਜ ਬਣ (ਪੱਕ) ਗਿਆ। ਭਿੰਨ ੨ ਕਿਸਮ ਦੇ ਲੋਕਾ ਦਾ ਵੱਖਰਾ ੨ ਖਾਣ ਪੀਣ ਅਤੇ ਪਹਿਰਾਵਾ ਪਹਿਣ, ਰਹਿਣ ਦਾ ਬਸੇਰਾ ਉਥੋਂ ਦੇ ਰਿਵਾਜਾਂ ਦੇ ਤਾਲਮੇਲ ਨਾਲ ਹੋਣ ਲੱਗਾ। ਲੋਕ ਉਹੋ ਜਿਹੀ ਸਭਿਅਤ ਅਪਣਾਅ ਕੇ ਨ੍ਰਿਵਾਹ ਕਰਕੇ ਉਥੋਂ ਦੇ ਰਿਵਾਜਾਂ ਮੁਤਾਬਿਕ ਘਰ ਅੱਗੇ ਤੋਰਨ ਲੱਗ ਪਏ।
ਸੰਤਾਨ ਦੀ ਉਤਪਤੀ ਨੂੰ ਅੱਗੇ ਤੋਰਨ ਵਾਸਤੇ ਇਸਤ੍ਰੀ ਪੁਰਸ਼ ਦਾ ਮਿਲਾਪ, ਮਿਲਣਾ ਜ਼ਰੂਰੀ ਹੋ ਗਿਆ। ਚਾਹੇ ਵਿਆਹ ਦੇ ਬੰਧਨ ਵਿਚ ਬੱਝ ਜਾਣ ਜਾਂ ਬਗੈਰ ਵਿਆਹ ਤੋਂ ਰਹਿਣ। ਸਮਾਜ ਸ਼ਰੇਆਂਮ ਪਬਲਿਕ ਜਾਂ ਸੰਗਤ ਵਿੱਚ ਵਿਆਹ ਕੀਤੇ ਨੂੰ ਮਾਨਤਾ ਦਿੰਦਾ ਭਾਵੇਂ ਵਿਆਹ ਵੀ ਇਕ ਰਸਮ, ਰੀਤੀ, ਰਿਵਾਜ ਹੀ ਹੈ। ਕਈ ਜੋੜੇ ਰੀਤੀ ਰਿਵਾਜਾ ਨੂੰ ਛਿੱਕੇ ਟੰਗ ਕੇ ਇਕੱਠੇ ਰਹੀ ਜਾਂਦੇ ਹਨ ਉਲਾਦ ਤਾਂ ਉਹਨਾਂ ਦੇ ਵੀ ਹੁੰਦੀ ਹੈ। ਪ੍ਰੰਤੂ ਸਮਾਜ ਵਿੱਚ ਪ੍ਰਮਾਣਤ ਹੋਣ ਵਾਸਤੇ, ਉਹਨਾਂ ਨੂੰ ਕਈ ਦਹਾਕੇ ਲੱਗ ਜਾਂਦੇ ਹਨ। ਘਰੋਂ ਭੱਜੀ (ਨੱਸੀ) ਜਾਂ ਉੱਧਲ਼ ਗਈ ਦੀ ਮਾੜੀ ਰੀਤ, ਆਉਣ ਵਾਲੀਆਂ ਕਈ ਪੀੜੀਆਂ ਨੂੰ ਮੇਹਣੇ ਦੁਆਉਂਦੀ, ਉਮਰ ਭਰ ਮਗਰੋਂ ਨਹੀ ਲਹਿੰਦੀ। ਅਜੋਕੇ ਸਮੇਂ ਵਿੱਚ ਲਵ-ਮੈਰਿਜ (ਪਿਆਰ ਮੁਹਬੱਤੀ ਸੰਯੋਗ) ਜਾਂ ਅੰਰੇਜ-ਮੈਰਿਜ (ਸਨੇਹੀਆਂ ਵਿਚੋਲਿਆਂ ਰਾਹੀਂ ਸੰਯੋਗ) ਦਾ ਰਿਵਾਜ ਕਾਫੀ ਚੱਲ ਪਿਆ ਹੈ। ਆਪ ਦੀ ਜਾਤ ਦੇ ਉਲਟ (ਇੰਟਰਕਾਸਟ) ਦੀ ਰੀਤ ਵੀ ਸਮਾਜ ਦੀਆਂ ਕਈ ਹੱਦਾਂ ਭੰਨਦੀ ਹੈ। ਆਪ ਦੇ ਗੋਤ ਵਿੱਚ ਵਿਆਹ ਕਰਾਉਣਾ, ਪਹਿਲਾਂ ਪਹਿਲ ਸਮਾਜ ਨੂੰ ਇਹ ਪ੍ਰਵਾਣਿਤ ਨਹੀ ਸੀ ਕਈ ਵਾਰ ਤਾਂ ਨਾਨਕਿਆਂ ਦਾ ਗੋਤ ਵੀ ਛੱਡ ਲਿਆ ਜਾਂਦਾ ਸੀ। ਜਿੱਥੇ ਪਿੰਡ ਦੀ ਕੁੜੀ ਵਿਆਹੀ ਓਸ ਪਿੰਡ ਮੁੰਡੇ ਦਾ ਰਿਸ਼ਤਾ ਨਹੀ ਸੀ ਹੁੰਦਾ। ਲੋਕ ਸਮਝਦੇ ਕਿ ਇੱਕ ਪਿੰਡ ਇੱਕ ਜਾਂ ਦੋ ਬਜ਼ੁਰਗਾਂ ਦੀ ਮਾਰਫਤ ਬੰਨਿਆ ਅੱਗੇ ਉਹਨਾਂ ਦੀ ਹੀ ਉਲਾਦ ਅੰਸ਼ ਇੱਕੋ ਖੂਨ ਰਿਸ਼ਤੇ ਵਿੱਚੋਂ ਹਨ। ਇਹ ਪੁਰਾਣੇ ਜ਼ਮਾਨੇ ਦੀ ਸੋਚ ਤੇ ਰੀਤੀ (ਰਸਮ) ਰਿਵਾਜ ਸਨ। ਪ੍ਰੰਤੂ ਅਜੋਕੇ ਵਿਆਹ ਜਾਤਾਂ ਗੋਤਾਂ ਦੀਆਂ ਸਾਰੀਆਂ ਵੱਟਾਂ ਢਾਹ ਰਹੇ ਹਨ।
ਜੇਕਰ ਜਨਮ ਤੋਂ ਲੈਕੇ ਸੋਚੀਏ, ਸੰਤਾਨ ਹੋਣ ਵਾਲੀ ਹੋਣੀ ਤਾਂ ਖ਼ੈਰ ਸੁੱਖਾਂ ਜ਼ਿਆਦਾ ਮੁੰਡੇ ਵਾਸਤੇ ਸੁੱਖੀਆਂ ਜਾਣੀਆਂ, ਕੁੜੀ ਜੰਮੀ ਨੂੰ ਭਾਰ ਸਮਝਿਆ ਜਾਂਦਾ। ਬਹੁਤੀ ਵਾਰ ਤਾਂ ਜੰਮਦੀ ਕੁੜੀ ਨੂੰ ਮਾਰਨ ਦੀ ਮਾੜੀ ਰੀਤ ਵੀ ਹੁੰਦੀ ਸੀ ਤਾਂ ਹੀ ਸਿੱਖ ਧਰਮ ਵਿੱਚ ਅੰਮ੍ਰਿਤ ਛਾਕਾਉਣ ਵੇਲੇ ਚਾਰ ਕੁਰਾਇਤਾਂ ਯਾਦ ਕਰਵਾਈਆਂ ਜਾਂਦੀਆਂ ਜਿੰਨਾਂ ਵਿਚੋ ਇੱਕ ‘ਕੁੜੀ ਮਾਰ’ ਹੁੰਦੀ ਕਿ ਕੁੜੀਮਾਰ ਨਾਲ ਕੋਈ ਸਬੰਧ ਨਹੀਂ ਰੱਖਣਾ, ਅੰਕਿਤ ਹੈ। ਜੇਕਰ ਕੁੜੀ ਮਜਬੂਰਨ ਪਾਲਣੀ ਵੀ ਪੈਂਦੀ ਤਾਂ ਪ੍ਰਵਾਰ ਆਪ ਦੇ ਸਿਰ ਭਾਰ ਸਮਝਦੇ ਜਿੰਨਾ ਚਿਰ ਉਸ ਨੂੰ ਵਿਆਹ ਕੇ ਸੁਰਖਰੂ ਨਾਂ ਹੋ ਜਾਂਦੇ। ਪਰ ਸੰਸਾਰ ਤਾਂ ਤੁਰਦਾ ਹੀ ਕੁੜੀ ਕੁੱਖ ਕਰਕੇ ਹੈ। ਪੁਰਾਣੇ ਜ਼ਮਾਨੇ ਕੁੜੀ ਜੰਨਮੀਂ ਤੋਂ ਸੋਗ ਮਨਾਇਆ ਜਾਂਦਾ ਇਹ ਵੀ ਇੱਕ ਪੁਰਾਣੀ ਬੇਫਜੂਲ ਤੇ ਨਿਰ-ਅਧਾਰਿਤ ਰੀਤ ਸੀ। ਰਸਮ ਤੇ ਰੀਤ ਵਿਚ ਕੁਝ ਅੰਤਰ ਹੁੰਦਾ ਹੈ। ਰੀਤ ਜੋਂ ਸਾਲਾਂ ਬੱਧੀ ਕਿਸੇ ਗੱਲ ਦੇ ਬੰਧਨ ਵਿਚ ਬੱਝ ਕੇ ਤੁਰੀ ਆਉਂਦੀ ਤੇ ਉਹ ਫੇਰ ਰਿਵਾਜ ਬਣ ਜਾਂਦਾ, ਰਸਮ ਕੋਈ ਕਿਸੇ ਨੀਯਤ ਸਮੇਂ ਤੇ ਨਿਭਾਉਣੀ ਪੈਂਦੀ ਹੈ। ਰੀਤ ਲੰਮਾਂ ਸਮਾਂ ਚੱਲਦੀ ਰਹਿੰਦੀ ਰਿਵਾਜ ਬਦਲਦੇ ਰਹਿੰਦੇ ਹਨ। ਰਸਮ ਕੋਈ ਵੀ ਸਮਾਂ ਹੋਵੇ ਕਰਨੀ ਤੇ ਨਿਭਾਉਣੀ ਪੈਂਦੀ ਹੈ। ਇੱਕ ਉਦਾਹਰਣ, ਰੀਤ ਇਕ ਮੀਲ ਦੇ ਵਾਂਗੂੰ ਹੈ, ਉਸ ਤੇ ਰਿਵਾਜ ਪਹਿਲਾਂ ਮੀਲਾਂ ਲਿਖਿਆ ਜਾਂਦਾ ਫਿਰ ਰਿਵਾਜ ਕਿਲੋਮੀਟਰਾਂ ਦਾ ਪੈ ਗਿਆ। ਉਸ ਨੂੰ ਕਿਤੇ ਸ਼ੁਸ਼ੋਬਤ ਕਰਨ ਵਾਸਤੇ ਕਿਸੇ ਨੇ ਨਿਸ਼ਚਿਤ ਜਗ੍ਹਾ ਲਾਕੇ ਰਸਮ ਪੂਰੀ ਕੀਤੀ।
ਪਿੰਡਾਂ ਵਿਚ ਨਵੀਂ ਆਈ ਨੌਂਹ ਤੋਂ ਮਿੱਟੀ ਕਢਵਾਉਣ ਦੀ ਰਸਮ ਦਾ ਰਿਵਾਜ ਸੀ। ਜਦੋਂ ਪੁਰਾਣੇ ਜ਼ਮਾਨੇ ਵਿੱਚ ਪਿੰਡ ਬੱਝਣੇ ਸ਼ੁਰੂ ਹੋਏ ਤਾਂ ਛੱਪਣ, ਢਾਬ, ਟੋਬੇ ਕਿਨਾਰੇ ਦਾ ਆਸਰਾ ਲਿਆ ਜਾਂਦਾ। ਤਾਕਿ ਪਾਣੀ ਦੀ ਸਹੂਲਤ ਦੀ ਸੌਖ ਰਹੇ। ਪਿੰਡ ਨੂੰ ਬੰਨਣ ਵਾਸਤੇ ਹਰ ਕੋਈ ਪ੍ਰਾਣੀ ਛੱਪੜ ਜਾਂ ਛੱਪੜੀ ਵਿੱਚੋਂ ਚੀਕਣੀ ਮਿੱਟੀ ਵਿੱਚੋਂ ਗੁੰਮੇ, ਇੱਟਾਂ ਕੱਢ ਕੇ ਆਪ ਦਾ ਯੋਗਦਾਨ ਪਾਉਂਦਾ। ਨਵੇਂ ਆਏ ਮੈਂਬਰ (ਨੌਂਹ) ਤੋਂ ਵੀ ਏਸੇ ਤਰਾਂ ਦੀ ਰਸਮ ਕਰਵਾ ਕੇ ਛੱਪੜ ਛੱਪੜੀ ਵਿੱਚੋਂ ਗਿੱਲੀ ਮਿੱਠੀ ਵੱਡ ਵੱਡੇਰੇ (ਪਿੰਡ ਬੰਨਣ ਵਾਲੇ) ਦੀ ਸਮਾਧ ਮੜੀ ਤੇ ਕੱਢਵਾਈ ਜਾਂਦੀ। ਪਰਵਾਰਿਕ ਤੇ ਕੁਝ ਗੁਆਂਢਣ ਇਸਤ੍ਰੀਆਂ ਪ੍ਰਸ਼ਾਦ ਦਲ਼ੀਆ ਤਿਆਰ ਕਰਕੇ, ਨਾਲ ਅੱਧ ਸੜੇ ਗੋਹੇ ਦੀ ਪਾਥੀ ਉਪਰ ਘਿਓ ਪਾਇਆ ਜਾਂਦਾ, ਨਾਲ ਕੱਚੀ ਲੱਸੀ ਦੀ ਬਾਲਟੀ ਲੈਕੇ ਛਿੱਟਾ ਦਿੰਦੇ ਜਾਂਦੇ, ਧੁੱਖਦੇ ਗੋਹੇ ਦੀ ਖੁਸ਼ਬੋ ਦੂਰ ਤੱਕ ਜਾਣੀਂ, ਮਹੱਲੇ ਦੇ ਜੁਆਕ ਕੌਲ਼ੀਆਂ ਚੱਕ ਨਾਲ ਜਾ ਰਲਦੇ, ਨੇੜਲੇ ਹਾਲ਼ੀ ਪਾਲ਼ੀ (ਆਜੜੀ) ਵੀ ਘਿਓ ਦੀ ਖੁਸ਼ਬੋ ਵੱਲ ਖਿੱਚੇ ਜਾਂਦੇ। ਹਰ ਇੱਕ ਦਾ ਥੰਦੇ ਨਾਲ, ਸੰਘ ਤਰੌਤ ਹੁੰਦਾ। ਵਾਪਿਸੀ ਉੱਤੇ ਬਾਕੀ ਬਚੀ ਕੱਚੀ ਲੱਸੀ ਮੜੀ ਬਾਹਰ ਬਣੇ ਕੁੰਡ ਜਾਂ ਪੁਰਾਣੇ ਕੂੰਡੇ ਪਾ ਆਉਣੀ ਤਾਕਿ ਧਿਆਇਆ ਕੁੱਤਾ ਬਿੱਲਾ ਛੱਕ ਲਵੇ। ਓਸ ਦਿਨ ਤੋਂ ਨਵੀਂ ਆਈ ਨੌਂਹ ਦੀ ਸਾਂਝ ਵੀ ਓਸ ਪਿੰਡ ਨਾਲ ਸਦਾ ਵਾਸਤੇ ਜੁੜ ਜਾਂਦੀ। ਏਸੇ ਤਰਾਂ ਪਿੰਡਾਂ ਵਿੱਚ ਗੁੱਗਾ, ਵਾਛੜੀਆ ਪੂਜਣ ਦੇ ਵੀ ਰਿਵਾਜ਼ ਸੀ ਜੋ ਅਲੋਪ ਹੋ ਗਏ ਹਨ।
ਮੁੰਡੇ ਨੇ ਜਨਮ ਲੈਣਾ ਖੁਸ਼ੀ ਦੀ ਲਹਿਰ ਸਾਰੇ ਪਾਸ ਫੈਲ ਜਾਣੀ, ਵੱਡੇ ਦਰਵਾਜੇ ਨਿੰਮ ਦੇ ਸਿਹਰੇ (ਸਰੀਂਹ) ਬੰਨਣ ਦੀ ਰਸਮ ਦਾ ਰਿਵਾਜ ਸੀ ਅਤੇ ਹੈ। ਅੰਗ ਦੀ ਡਾਹਣੀਆਂ ਜਾਂ ਸ਼ਰੀਂਹ ਦੇ ਪੱਤੇ ਨਾਲੋਂ ਨਿੰਮ ਬੰਨਣ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਕਿਉਕ ਜੱਚਾ (ਜੰਮਣ ਵਾਲੀ) ਨੂੰ ਸੂਚਿਕ ਜਾਂ ਸੂਤੱਕ (ਸ਼ੂਸ਼ਕ) ਵਿਚ ਗਿਣਿਆ ਜਾਂਦਾ। ਨਿੰਮ ਦੇ ਪੱਤਿਆਂ ਦੀ ਵਾਸ਼ਨਾਂ ਚੌਗਿਰਦੇ ਵਿੱਚ ਫੈਲਦੀ ਜੋਂ ਜੱਚੇ ਤੇ ਬੱਚੇ ਨੂੰ ਲਾਗ ਦੀਆਂ ਬੀਮਾਰੀਆਂ ਤੋਂ ਬਚਾਉਂਦੀ। ਉਝੰ ਵੀ ਦੂਰੋਂ ਆਏ ਗਏ ਨੂੰ ਪਤਾ ਚੱਲ ਜਾਂਦਾ ਕਿ ਏਸ ਘਰ ਨਵ ਜਨਮਿਆਂ ਮੁੰਡਾ (ਬੱਚਾ) ਹੈ। ਤਾਂਕਿ ਲੋਕ ਬੀਮਾਰੀ ਰਹਿਤ ਹੀ ਉਸ ਘਰ ਵਿੱਚ ਆਉਣ। ਪੜਛਾਵੇਂ ਦੇ ਵਹਿਮ ਦਾ ਡਰ ਰਹਿੰਦਾ। ਜੇਕਰ ਬਾਂਝ ਜਨਾਨੀ ਓਸ ਘਰ ਦੇ ਨੇੜ ਦੀ ਲੰਘਦੀ ਤਾਂ ਬੁਰਾ ਮਨਾਇਆ ਜਾਂਦਾ, ਪ੍ਰਛਾਵੇਂ ਦਾ ਵਹਿਮ ਨਾਲੋ ਨਾਲ ਚੱਲਦਾ। ਪੁਰਾਣੇ ਜ਼ਮਾਨੇ ਵਿੱਚ ਲੋਹੜੀ ਮੁੰਡੇ ਦੇ ਹੀ ਪਾਉਣ ਦਾ ਰਿਵਾਜ ਸੀ। ਅੱਜ ਕੱਲ ਰਿਵਾਜ ਲੜਕੀ ਦੀਆਂ ਲੋਹੜੀਆਂ ਪੈਣੀਆਂ ਵੀ ਸ਼ੁਰੂ ਹੋ ਗਈਆਂ ਹਨ।
ਬੱਚਾ ਸਵਾ ਮਹੀਨੇ ਦਾ ਹੋਣਾ ਤਾਂ ਸ਼ਿਲੇ ਵਿਚੋਂ ਬਾਹਰ ਨਿਕਲਿਆ ਸਮਝਣਾ। ਮਾਂ ਜਨੇਪਾ ਕੱਟ ਸਹੁਰੇ ਘਰ ਸ਼ੂਸ਼ਕ ਨਾਲ ਆਉਂਦੀ। ਸ਼ੂਸ਼ਕ ਦੀ ਰੀਤ ਵੀ ਬਹੁਤ ਸਮਾਂ ਪਹਿਲਾਂ ਤੋਂ ਸ਼ੁਰੂ ਹੋਈ। ਨਾਲ ਦੇਣ ਲੈਣ ਦਾ ਰਿਵਾਜ ਚੱਲਦਾ ਕਈ ਪੇਕੇ ਮੱਝ ਗਾਂ ਦਾ ਲਵੇਰਾ ਵੀ ਛੱਡ ਜਾਂਦੇ ਸਨ। ਮੁੰਡੇ ਨੇ ਕੁਝ ਵੱਡਾ ਹੋਣਾ ਤਾਂ ਤੇੜ ਤੜਾਗੀ ਦੀ ਰਸਮ ਦਾ ਰਿਵਾਜ ਸੀ। ਪੰਡਿਤ ਜੀ ਨੂੰ ਸੱਦ ਕੇ ਬਨਵਾਉਣੀ। ਪੰਡਿਤ ਜੀ ਕੁਦਰਤੀ ਆਫ਼ਤਾਂ ਤੋਂ ਬਚਣ ਦੇ ਮੰਤਰ ਪੜਦਾ, ਅਤੇ ਲੋਕਾਂ ਦੀਆਂ ‘ਨਜ਼ਰਾਂ’ ਤੋਂ ਬਚਾਉਣ ਦੇ ਉਪਾਅ, ਲੰਮੀਆਂ ਉਮਰਾਂ, ਦੇ ਹਵਾਈ ਮੰਤਿਰ ਪੜ ਕੇ ਆਸਰਾ ਦਿੰਦਾ। ਬੰਨੇ ਹੋਏ ਲਾਗ ਦਕਸ਼ਨਾਂ ਦੀ ਰੀਤ ਦੇ ਦੋਹਏ ਅਲਾਪਦਾ। ਕੁਝ ਜੋੜੇ ਟੋਟਕੇ ਵੀ ਸੁਣਾਉਂਦਾ। ਮਰਾਸੀ ਲੋਕ ਤੜਾਗੀ ਤੇ ਬਾਘੀ ਪਾਕੇ ਸੁਣਾਉਂਦੇ।
ਮੁੰਡਾ ਸਾਲ ਦਾ ਹੋਣਾ ‘ਸ਼ਿਟੀ’ (ਛਿਟੀ) ਦਾ ਰਿਵਾਜ ਸੀ ਕਈ ਪਿੰਡਾਂ ਵਿੱਚ ਮੁੰਡਿਆਂ ਦੀਆਂ ‘ਰੀਤਾਂ’ ਕੀਤੀਆਂ ਜਾਂਦੀਆਂ ਹਨ। ਸ਼ਿਟੀ ਦਾ ਰਿਵਾਜ ਸਵੇਰ ਦੇ ਟਾਈਮ ਵਾਹਿਗੁਰੂ ਨਾਮ ਸਿਮਰਨ ਤੇ ਅਰਦਾਸ, ਸ਼ਾਮ ਨੂੰ ਮਿੱਠਾ ਜ਼ਰਦਾ ਤੇ ਰਾਤ ਨੂੰ ਗਲਾਸੀ ਦਾ ਦੌਰ ਚਲਦਾ। ਰੀਤਾਂ ਕਿਸੇ ਸਾਧ ਦੇ ਡੇਰੇ ਜਾਂ ਵੱਡ ਵਡੇਰੇ ਦੀ ਸਮਾਧ (ਮੜੀ) ਉੱਤੇ ਲੋਕ ਇਕੱਠੇ ਕਰਕੇ, ਵੱਡਾ ਜਸ਼ਨ ਮਨਾਇਆ ਜਾਂਦਾ। ਰੀਤਾਂ ਖਾਸਕਰ ਤੂਰ ਗੋਤ ਵਾਲੇ ਜ਼ਿਆਦਾ ਕਰਦੇ ਹਨ। ਸੁੰਨਤਾਂ ਮੁਸਲਮਾਨ ਧਰਮ ਵਿੱਚ ਕਰਣ ਦੀ ਰੀਤ ਹੈ।
ਮੁੰਡਾ ਗੱਭਰੂ ਹੋਇਆ ਰਿਸ਼ਤੇ ਕਰਨ ਦੀ ਭਰਮਾਰ, ਵਿਚੋਲੇ ਵਿਚੋਲਣਾਂ ਅੱਗੜ ਪਿੱਛੜ ਖੁਰ ਵੱਢਦੇ। ਰਿਸ਼ਤੇ ਦੀ ਗੱਲ ਸਿਰੇ ਚੜਨੀ ਤਾਂ, ਰੋਕਾ, ਚਰਣ-ਰੋਕਣਾਂ, ਠਾਕਣਾਂ, ਠਾਕਾ, ਕੁੜਮਾਈ, ਸਗਾਈ, ਛੁਹਾਰਾ ਲੱਗਣਾਂ, ਰੋਪਨਾਂ, ਸ਼ੰਗਨ, ਮੰਗਣੇ ਦਾ ਰਿਵਾਜ ਹੋਣਾ। ਬਹੁਤ ਵਾਰ ਤਾਂ ਨਾਈ ਮਰਾਸੀ ਦੱਸਾਂ ਪਾ ਦਿੰਦੇ, ਪੁਰਾਣੀ ਰੀਤ ਹੁੰਦੀ ਸੀ ਲਾਗੀ ਦੂਰ ਦੁਰਾਡੇ ਬੁੱਤੀਆਂ ਨੱਤੀਆਂ ਜਾਂ ਗੰਢਾਂ ਲੈਕੇ ਜਾਂਦੇ ਤਾਂ ਆਂਡ ਗੁਆਂਢ ਪਿੰਡਾਂ ਵਿੱਚ ਚੰਗੇ ਘਰਦੀ ਤਾੜ ਰੱਖਦੇ ਤੇ ਰਿਸ਼ਤਿਆਂ ਦੀ ਦੱਸ ਪਾ ਦਿੰਦੇ। ਪੁਰਾਣੇ ਸਮੇਂ ਜ਼ਿਆਦਾ ਵਿਸ਼ਵਾਸ ਅਤੇ ਜ਼ਬਾਨਾਂ ਦਾ ‘ਰਿਵਾਜ’ ਸੀ। ਬਹੁਤਿਆਂ ਦਾ ਤਾਂ ਨਾਈ ਨੂੰ ਹੀ ਰੁਪਈਆ ਫੜਾਇਆ ਹੁੰਦਾ ਸੀ।
ਮੰਗਣੇ ਤੇ ਮੁੰਡੇ ਨੂੰ ਚੌਂਕੀ ਬੈਠਾਇਆ ਜਾਂਦਾ, ਪੰਚਾਇਤ ਦੀ ਹਾਜ਼ਰੀ ਵਿੱਚ ਛੁਹਾਰਾ ਮੂੰਹ ਨੂੰ ਲਾਇਆ ਜਾਂਦਾ, ਆਏ ਗਏ ਨੂੰ ਘਰਦੀ ਸ਼ੱਕਰ ਵੰਡਣ ਦੀ ਰੀਤ ਸੀ ਜੋਂ ਬਾਅਦ ਵਿੱਚ ਪਤਾਸਿਆਂ ਦਾ ਰਿਵਾਜ ਚੱਲ ਪਿਆ ਅਯੋਕੇ ਸਮੇਂ ਮਠਿਆਈ ਦਾ ਰਿਵਾਜ ਹੈ। ਕਈ ੨ ਸਾਲ ਮੁੰਡਾ ਮੰਗੇ ਨੂੰ ਲੰਘ ਜਾਣੇ। ਫਿਰ ਚੜਦੀ ਵਰੇਸ ਵਿੱਚ ਇਕੱਲਾ ਵਿਆਹ ਕਰਨ ਦਾ ਰਿਵਾਜ ਸੀ ਪਰ ਮੁਕਲਾਵਾ ਗੱਭਰੂ ਹੋਇਆਂ ਤੋ ਕੁਝ ਸਾਲ ਬਾਅਦ ਵਿੱਚ ਦੇਣ ਦੀ ਰੀਤ ਸੀ। ਵਿਆਹ ਕੇ ਲਿਆਂਦੀ ਬਹੁ ਸਿਰਫ ਇੱਕ ਰਾਤ ਨੈਣ ਤੇ ਵਿਚੋਲਣ ਨਾਲ ਰਹਿ ਕੇ ਵਾਪਿਸ ਪੇਕੇ ਆਉਂਦੀ। ਮੁਕਲਾਵੇ ਤੇ ਆਈ ਬਹੁਰਾਣੀ ਤਿੰਨ ਕੁ ਦਿਨ ਰਹਿੰਦੀ ਫਿਰ ਵਾਪਿਸ ਪੇਕਿਆਂ ਤੋਂ ਉਸ ਦਾ ਭਰਾ ਆਕੇ ਲੈ ਜਾਂਦਾ। ਬਾਅਦ ਵਿੱਚ ਵਿਆਂਦੜ ਇਕੱਲਾ ਤਰੋਜਾ ਲੈਣ ਜਾਂਦਾ। ਇਹ ਰਿਵਾਜ ਵੀ ਅਲੋਪ ਹੋ ਚੱਲਿਆ। ਵਿਆਹ ਉਤੇ ਨਾਲ ਬਰਾਤੀ ਨਾਲ ਹੁੰਦੇ, ਮੁਕਲਾਵੇ ਤੇ ਚਾਰ ਪੰਜ ਨੇੜਲੇ ਅਤੇ ਤਰੋਜਾ ਲੈਣ ਇਕੱਲਾ ਜਾਂਦਾ। ਹੁਣ ਤਾਂ ਰਿਵਾਜ short cut ਹੋ ਗਿਆ ਝੱਟ ਮੰਗਣੀ ਪੱਟ ਵਿਆਹ। ਬਹੁਤੀ ਵਾਰ ਚੁੰਨੀ ਝੜਾਅ ਕੇ ਹੀ ਲੜਕੀ ਲੈ ਆਂਦੀ ਜਾਂਦੀ ਹੈ। ਕਈ ਬਹੁ-ਬੇਟੀਆਂ, ਨੌਹਾਂ ਵਹੁਟੀਆਂ ਵਿਆਹ ਮੰਗਣੇ ਤੋਂ ਪਹਿਲਾਂ ਹੀ ਮਿਲਣ ਦਾ ਰਿਵਾਜ ਚੱਲ ਪਿਆ। ਪਹਿਲਾਂ ਹੀ ਸਹੁਰੇ ਘਰ ਫੇਰੀ ਪਾਕੇ ਘਰ ਦੇ ਰੰਗ ਢੰਗ ਵੇਖ ਜਾਂਦੀਆਂ ਹਨ। ਕਈਆਂ ਨੂੰ ਚੂਨਾ ਵੀ ਲਾ ਕੇ ਫਰਾਰ ਹੋ ਜਾਂਦੀਆ ਹਨ।
ਵਿਆਹ ਵਾਲੇ ਦਿਨਾਂ ਵਿੱਚ ਸਕਿਆਂ ਘਰਾਂ ਨੂੰ ਚੁੱਲੇ-ਨਿਉਂਤ, ਰੋਟੀ ਵਰਜਣੀਂ, ਮੰਜੇ ਬਿਸਤਰੇ ਪਿੰਡ ਵਿੱਚੋਂ ਇਕੱਠੇ ਕਰਨੇ, ਪਿੰਡ ਵਿੱਚੋਂ ਮੰਗ ਕੇ ਲਿਆਂਦੇ ਦੁੱਧ ਕਾਹੜਨੇ, ਖੋਏ ਬਣਨੇ, ਹਲਵਾਈ ਨਾਲ ਪੰਜ ਸੱਤ ਜੁਆਨ ਮਦਦਗਾਰ ਤੱਤਪਰ ਰਹਿੰਦੇ, ਇੱਕ ਦਿਨ ਪਿੰਡ ਵਿੱਚ ਪਰੋਸਾ ਫੇਰਨਾਂ, ਲੱਡੂ ਵੱਟਣ ਦਾ ਸੱਦਾ, ਅਸਲ ਵਿੱਚ ਤਾਂ ਵਿਆਹ ਪੰਦਰਾਂ ਦਿਨਾਂ ਤੋਂ ਪਹਿਲਾਂ ਸ਼ੁਰੂ ਹੋ ਜਾਂਦਾ ਜਦ ਦਰਜ਼ੀ ਨੇ ਘਰੇ ਮਸ਼ੀਨ ਲਿਆ ਰੱਖਣੀ, ਬੁੜੀਆ ਕੁੜੀਆਂ ਮਹੀਨਾ ੨ ਪਹਿਲਾਂ ਰਾਤ ਨੂੰ ਗੀਤ ਗਾਉਣੇ ਸ਼ੁਰੂ ਕਰ ਦੇਣੇ। ਚੁਰਾਂ ਤੇ ਟੈਂਪ੍ਰੇਰੀ ਚੁਲਿਆ ਦੀ ਵਿਹੜੇ ਵਿੱਚ ਖੁਦਵਾਈ ਸ਼ੁਰੂ ਹੋ ਜਾਣੀ, ਤ੍ਰਿਖਾਣਾਂ ਲੱਕੜਾਂ ਪਾੜਣ ਆ ਜਾਣਾ। ਵੱਡੇ ਦੇਗੇ ਅਤੇ ਕੜਾਹੇ ਕੁੰਡਿਆਂ ਵਿੱਚ ਲੰਮੇ ਵੰਝ ਪਾ ਕੇ, ਦੋ ਜਾਣਿਆ ਚੱਕ ਲਿਆਉਣੇ। ਨਾਈ ਮਰਾਸੀ ਮਜ਼੍ਹਬੀ ਸਿੱਖ ਅਤੇ ਵਰਤਾਵਿਆਂ ਨਾਲ ਘਰ ਭਰਿਆ ੨ ਲੱਗਣਾ। ਕਨਾਤਾਂ, ਤੰਬੂ, ਝੰਡੀਆਂ ਦੀ ਭਰਮਾਰ ਹੋਣੀ, ਜਿਸ ਨੂੰ ਅਸਲੀ ‘ਵਿਆਹ ਵਾਲਾ ਮਹੌਲ’ ਵੀ ਕਿਹਾ ਜਾਂਦਾ ਹੈ।
ਕੁਝ ਵਿਆਹ ਮੌਕੇ ਦੇ ਰਿਵਾਜ, ਵਿਆਹ ਤੋਂ ਦੋ ਦਿਨ ਪਹਿਲਾਂ ਮਾਈਏ ਦਾ ਰਿਵਾਜ ਸੀ। ਜਦੋਂ ਮੁੰਡੇ ਕੁੜੀ ਨੂੰ ਮਾਈਆਂ ਲੱਗ ਜਾਣਾ, ਉਹ ਘਰੇਲੂ ਕੰਮ ਤੋਂ ਫ਼ਾਰਗ ਹੋ ਜਾਂਦੇ, ਹੱਥੀਂ ਮਹਿੰਦੀ ਲਾਉਣੀ, ਬਾਹਰ ਨਿਕਲਣ ਦੀ ਇਜਾਜ਼ਤ ਨਾਂ ਹੁੰਦੀ, ਮਤੇ ਕੋਈ ਸੱਟ ਫੇਟ, ਕੋਈ ਟੂਣਾਂ ਟਾਂਮਣ ਨਾਂ ਟੱਪਣਾਂ, ਲੜਾਈ ਝਗੜੇ ਤੋਂ ਰਹਿਤ, ਆਪਣਾ ਆਪ ਸੰਵਾਰਨ ਤੋਂ ਇਲਾਵਾ ਕੋਈ ਹੋਰ ਜ਼ੁੰਮੇਵਾਰੀ ਨਾਂ ਹੁੰਦੀ। ਬੱਸ ਵਿਆਹ ਦੀ ਤਿਆਰੀ ਵਿੱਚ ਰੁੱਝੇ ਰਹਿੰਦੇ। ਦੂਸਰੇ ਦਿਨ ‘ਜਾਗੋ’ ਦਾ ਰਿਵਾਜ ਹੁੰਦਾ, ਨਾਨਕਾ ਮੇਲ਼ ਛੱਜ ਕੁੱਟਦੇ ਸਾਰੀ ਰਾਤ ਗਿੱਧਾ ਪੈਂਦਾ। ਮੇਲ਼ ਪਿੰਡ ਵਿਚ ਜਾਗੋ ਕੱਢਦਾ, ਹਾਸਾ ਠੱਠਾ ਚਲਦਾ, ਵਾਧ ਘਾਟ ਲਫ਼ਜ਼ ਦਾ ਕੋਈ ਬੁਰਾ ਨਾਂ ਮੰਨਾਉਦਾ। ਅਗਲੀ ਸ਼ਾਮ ਮੁੰਡੇ ਦੀ ਜੰਝ ਚੜਦੀ, ਤੇ ਲੜਕੀ ਦੇ ਪਿੰਡ ਜੰਝ ਦਾ ਉਤਾਰਾ ਹੁੰਦਾ।
ਲਾੜੇ ਨਾਲ ਸਰਵਾਲੇ ਦਾ ਰਿਵਾਜ ਹੈ। ਵੈਸੇ ਤਾਂ ਸਰਵਾਲੇ ਦੀ ਚੌਣ, ਲਾੜੇ ਦਾ ਭਰਾ, ਚਾਚੇ, ਤਾਏ, ਮਾਸੀ, ਭੂਆ, ਮਾਮੇ ਦਾ ਪੁੱਤ ਜਾਂ ਕੋਈ ਪਿੰਡ ਵਿੱਚੋਂ ਭਰਾ ਹੋਣਾ ਜੋ ਲਾੜੇ ਤੋਂ ਸਾਲ ਦੋ ਸਾਲ ਘੱਟ ਉਮਰ ਦਾ ਹੋਣਾ ਚਾਹੀਦਾ ਹੈ। ਅਸਲ ਸਰ-ਵਾਲਾ ਦੇ ਮਤਲਵ ਕਿ ਸਰ = ਸਿਰ = ਉਸ ਦੀ ਥਾਂ = ਲਾੜੇ ਸਿਰ ਤੋਂ ਹੈ, ਵਾਲਾ =ਹੋਣ ਵਾਲਾ। ਜੇਕਰ ਲਾੜੇ ਨੂੰ ਕੁਝ ਹੋ ਜਾਵੇ ਤਾਂ ‘ਲਾੜੇ ਦੇ ਸਿਰ ਦਾ’ ਵਿਆਹ ਓਸ ਕੁੜੀ ਨਾਲ ਹੋ ਸਕਦਾ ਹੋਵੇ। ਜਿਵੇਂ ਕਹਿੰਦੇ “ਲਾੜੇ ਸਿਰ (ਜਿੰਮੇਂ) ਚੜਿਆ ਫਰਜ਼ ਕੌਣ ਉਤਾਰੇ” ਸਰਵਾਲਾ ! ਮਤਲਵ ਲਾੜੇ ਦੇ ਸਿਰ (head) ਤੋਂ ਨਹੀਂ ਉਸ ਦੀ ਥਾਂ, ਜਿੰਮੇ ਤੋਂ ਹੈ। ਸਰਵਾਲੇ ਦੇ ਮਾਂ ਪਿਓ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਕਿ ਰੱਬ ਨਾਂ ਕੋਈ ਐਹੋ ਜਿਹੀ ਸਥਿਤੀ ਵਿੱਚ ਤੁਸੀ ਸਹਿਮਤ ਹੋਵੋਂ ਵਿਆਹ ਕਰਣ ਨੂੰ। ਪੰਜ ਚਾਰ ਸਾਲ ਦੀ ਉਮਰ ਜਾਂ ਬਹੁਤੇ ਜੁਆਨ ਬੱਚੇ ਨੂੰ ਸਰਵਾਲਾ (back up cover) ਬਨਾਉਣਾ ਵਾਜੀਬ ਨਹੀਂ, ਖਾਨਾ ਪੂਰਤੀ ਜ਼ਰੂਰ ਹੋ ਜਾਂਦੀ ਹੈ।
ਲਾੜੇ ਨੂੰ ਪਹਿਲਾਂ ਚੌਂਕੀ ਚੜਾ ਕੇ ਨਾਈਧੋਈ, ਫਿਰ ਵੱਡੀ ਭਰਜਾਈ ਸੁਰਮਾਂ ਪਾਉਂਦੀ, ਭੈਣਾਂ ਵੱਲੋਂ ਸੇਹਰੇ ਬੰਨੇ ਜਾਂਦੇ, ਫੇਰ ਲਾੜਾ ਕੁੜੀਆਂ ਦੀ ਤਾਣੀ ਹੋਈ ਫੁਲਕਾਰੀ ਥੱਲੇ ਕ੍ਰਿਪਾਨ ਨਾਲ ਤੰਬੂ ਬਣਾ ਕੇ ਨਾਲ ੨ ਘਰੋਂ ਬਾਹਰ ਨੂੰ ਤੁਰਦਾ, ਪਹਿਲਾਂ ਪਿੰਡ ਵਿੱਚ ਜੰਡੀ ਵਢਾਉਣੀ, ਲਾੜਾ ਮਿਆਨ ਵਿੱਚੋਂ ਕ੍ਰਿਪਾਨ ਧੂਹ ਕੇ ਜੰਡ ਦੀ ਇਕ ਡਾਹਣੀ ਵੱਢਦਾ ਸੀ। ਜੰਡੀ ਵੱਢਾਉਣ ਦਾ ਰਸਮ ਰਿਵਾਜ ਤਾਂ ਸ਼ੁਰੂ ਹੋਇਆ ਹੋਵੇ ਗਾ, ਲਾੜਾ ਲੋੜ ਪੈਣ ਤੇ ਹੱਥਿਆਰ ਵਰਤ ਸਕਦਾ ਹੋਵੇ, ਕ੍ਰਿਪਾਨ ਦੀ ਧਾਰ ਰਰਖਣ ਦੀ ਵੀ ਰੀਤ ਹੋ ਸਕਦੀ ਹੈ। ਜੰਡੀ ਵੱਢ ਕੇ ਫੇਰ ਜੰਝ ਚੜਦਾ (ਘੋੜੇ, ਬੋਤੇ, ਜਾਂ ਅਜਕਲ ਦੀਆਂ ਗੱਡੀਆਂ ਰਾਹੀਂ) ਇਹ ਸਾਰੇ ਰਿਵਾਜ ਸਨ ਕੁਝ ਖੱਤਮ ਹੋ ਗਏ ਹਨ, ਨਾਂ ਜੰਡ ਰਹੇ ਨਾਂ ਜੰਡੀ ਵੱਢਣੀ। ਜਿਵੇਂ ਰੱਥ, ਲੱਕੜ ਗੱਡੀਆਂ, ਘੋੜੇ, ਬੋਤੇ ਇਹੋ ਜਿਹੀਆਂ ਸਵਾਰੀਆਂ ਅਲੋਪ ਹੋ ਗਈਆਂ ਇਵੇਂ ਹੀ ਤੱਵਿਆਂ ਵਾਲੀਆਂ ਮਸ਼ੀਨਾ, ਲਾਊਡ ਸਪੀਕਰ ਘੱਟ ਗਏ, ਬਸ ਅਜੋਕੇ ਸਮੇਂ ਰਾਮ ਰੌਲਾ ‘ਡੀ ਜੇ’ ਦਾ ਛੰਨਾਂ ਭੰਨ ਮਿਊਜ਼ਿਕ ਚੱਲ ਪਿਆ।
ਪਹਿਲੇ ਪਹਿਲ ਜੰਝ ਬਰਾਤ ਤਿੰਨ ਦਿਨ ਰਹਿਣੀ, ਭਾਵ ਦੋ ਰਾਤਾਂ ਤੇ ਤੀਜੇ ਦਿਨ ਡੋਲ਼ਾ ਲੈ ਕੇ ਵਾਪਿਸ ਆਉਣਾ। ਫੇਰ ਗੱਲ ਦੋ ਦਿਨਾਂ ਉੱਤੇ ਆ ਅੱਟਕੀ, ਫੇਰ ਇੱਕ ਦਿਨ ਹੀ, ਜਿਹਨੂੰ ਸੈ-ਦਿਹਾੜੀ ਦਾ ਰਿਵਾਜ ਕਹਿੰਦੇ। ਸਵੇਰ ਦੀ ਚਾਹ ਨਾਲ ਮਠਿਆਈ ਤੇ ਸਲੂਣਾ, ਦੁਪਿਹਰ ਦੀ ਰੋਟੀ, ਸ਼ਾਮ ਦੀ ਸਿਰਫ ਚਾਹ (ਰੁੱਖੀ ਸੁੱਕੀ ਰੰਡੀ ਮਤਲਵ ਬਗੈਰ ਮਠਿਆਈ) ਅਤੇ ਡੋਲੀ ਦੀ ਵਿਦਾਇਗੀ ਦਾ ਰਿਵਾਜ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ। ਪਹਿਲਾਂ ਭਰਾ ਡੋਲ਼ੀ ਨੂੰ ਪਿਛਿਓਂ ਧੱਕਾ ਲਾਕੇ, ਸਿੱਧੇ ਰਾਹੇ ਚੜਾਉਦੇ ਸਨ ਤਾਕਿ ਡੋਲ਼ੀ ਤੁਰਨ ਵਿਚ ਅਸਾਨੀ ਹੋ ਜਾਵੇ। ਅੱਜ ਕੱਲ ਕਾਂਰਾ ਨੂੰ ਧੱਕੀ ਜਾਂਦੇ ਹਨ।
ਵਿਆਹ ਵਾਲੇ ਦਿਨ, ਹਿੰਦੂ ਧਰਮ ਮੁਤਾਬਿਕ ਫੇਰੇ ਰਾਤ ਨੂੰ ਹੋਣੇ, ਮੰਡਪ ਸਜਾ ਕੇ, ਅਗਨੀ ਬਾਲ਼ ਕੇ ਉਪਰ ਸਮੱਗਰੀ ਪਾਉਣੀ, ਉਸ ਉਦਾਲ਼ੇ ਸੱਤ ਫੇਰੇ ਲੈਣ ਤੇ ਦੇਣ ਦਾ ਰਿਵਾਜ ਹੁੰਦਾ ਹੈ ਪਰ ਜੋਂ ਦਾਜ ਦਹੇਜ ਹੈ ਉਹ ਧਾਰਮਿਕ ਰਸਮ ਤੋਂ ਪਹਿਲਾਂ ਮਿੱਕ ਜਾਂ ਮਿੱਥ ਲਿਆ ਜਾਂਦਾ ਹੈ। ਇਹ ਸਾਰੀ ਕਿਰਿਆ ਕਰਮ ਮੰਦਰ ਦੇ ਪੁਜਾਰੀ ਪੰਡਿਤ ਜੀ ਕਰਦੇ, ਨਾਲੋਂ ਨਾਲ ਮੰਤਰ ਉਚਾਰਣ ਕਰਦੇ ਹਨ। ਮੁਸਲਮਾਨ ਧਰਮ ਵਿੱਚ ਵੀ ਰਾਤ ਨੂੰ ਮੌਲਵੀ ਰਾਹੀਂ ਨਿਕਾਹ ਪੜਿਆ ਜਾਂਦਾ, ਲਾੜੇ ਤੇ ਲਾੜੀ ਤੋਂ ਕਬੂਲਨਾਵਾਂ ਲਿਆ ਜਾਂਦਾ ਹੈ। ਨਾਲ ਹੀ ਇੱਕ ਹੋਰ ਵੱਖਰਾ ਰਿਵਾਜ ‘ਹੱਕ-ਮਹਿਰ’ ਇਕਰਾਰਨਾਮਾ ਲਿਖਿਆ ਜਾਂਦਾ ਜੋਂ ਲਾੜੇ ਨੂੰ ਤਲਾਕ ਜਾਂ ਛੱਡ ਛੰਡਾਈ ਮੌਕੇ ਹੱਕ ਤਾਰਨਾ ਪੈਂਦਾ ਹੈ ਇਹ ਦਾਜ ਦਹੇਜ ਤੋਂ ਵੱਖਰਾ ਹੁੰਦਾ ਹੈ ਕਿ ਜੇਕਰ ਲੜਕਾ ਤਲਾਕ ਕਰਦਾ ਤਾਂ ਹੱਕ-ਮਹਿਰ ਤਾਰਨਾਂ, ਅਲਾਹ ਦਾ ਹੁਕਮ ਸਵੀਕਾਰਨਾਂ ਜਰੂਰੀ ਹੈ।
ਪਹਿਲੇ ਸਿੱਖ ਧਰਮ ਮੁਤਾਬਿਕ ਅਨੰਦ ਕਾਰਜ ਤੱਕੜੇ ਮੂੰਹ ਹਨੇਰੇ ਹੁੰਦੇ ਸਨ, ਪਿੰਡ ਦੂਰ ੨ ਹੁੰਦੇ ਸਨ। ਮੰਗਣੇ ਤੋਂ ਕਈ ਸਾਲਾਂ ਬਾਅਦ ਵਿਆਹ ਹੋਣੇ। ਕਈ ਵਾਰ ਤੜਕਿਓ ਸਿਹਰੇ ਉਤਾਰਿਆਂ ਤੋਂ ਲਾੜਾ ਬਦਲਿਆ ਹੋਇਆ ਨਿਕਲਣਾਂ, ਮੰਗਣਾਂ ਕਿਸੇ ਹੋਰ ਗੋਰੇ ਸੋਹਣੇ ਮੁੰਡੇ ਨੂੰ ਕੀਤਾ ਹੁੰਦਾ, ਕਈ ਸਾਲਾਂ ਬਾਅਦ ਵਿਆਹ ਤੱੜਕੇ ਮੂੰਹ ਹਨੇਰੇ ਹੋਣਾ, ਸੇਹਰੇ ਲਾਹਿਆਂ ਤੋਂ ਥੱਲਿਓਂ ਰੰਗ ਪੱਕੇ ਦੀ ਭਾਅ ਮਾਰਨੀ, ਸਰੋਂ ਦਾ ਤੇਲ ਮਲ਼ਿਆ ਮੂੰਹ ਚਮਕਣਾ, ਘਰ ਵਿੱਚ ਮਾੜੀ ਮੋਟ ਹਿਲਜੁਲ ਜ਼ਰੂਰ ਹੋਣੀ, ਘੁਸਰ ਫੁਸਰ ਤੇ ਵਿਚੋਲਾ ਪੋਚੇ ਮਾਰਦਾ “ਕਾਮਾ ਮੁੰਡਾ ਹੈ, ਬਸ ਰਹਿੰਦਾ ਖੇਤਾਂ ਵਿੱਚ ਕੰਮ ਉਤੇ, ਰੰਗ ਤਾਂ ਪੱਕਣਾਂ ਹੀ ਹੈ” ਗੱਲ ਲੱੜਕੀ ਦੇ ਨਸੀਬਾਂ ਦੀ ਸੋਚ ਕੇ ਵਿੱਚੇ ਵਿਚ ਦੱਬ ਜਾਂਦੀ। ਚਾਰ ਲਾਵਾਂ ਤੇ ਅਨੰਦ ਸਾਹਿਬ ਨਾਲ ਵਿਆਹ ਸੰਪੂਰਣ ਹੋ ਜਾਂਦਾ।
ਪੁਰਾਣੇ ਸਮੇਂ ਸਿੱਖ ਧਰਮ ਦੀ ਸੁਰੂਆਤ ਤੋਂ ਪਹਿਲਾਂ “ਸਤੀ” ਦੀ ਪ੍ਰਥਾ (ਰੀਤ) ਬਹੁਤ ਭਾਰੂ ਸੀ। ਜਦ ਪਤੀ ਮਰ ਜਾਂਦਾ ਤਾਂ ਪਤਨੀ ਨੂੰ ਵੀ ਰਿਵਾਜ ਮੁਤਾਬਿਕ ਉਸੇ ਸਿਵੇ ਵਿੱਚ ਸਤੀ ਹੋਣਾ ਪੈਂਦਾ ਸੀ ਉਸ ਨੂੰ ਨਸ਼ਾ ਜਾਂ ਹੱਦ ਤੋਂ ਵੱਧ ਅਫ਼ੀਮ ਘੋਲ਼ ਕੇ ਪਿਆਈ (ਖੁਆਈ) ਜਾਂਦੀ, ਉਹ ਨਸ਼ੇ ਦੀ ਹਾਲਤ ਵਿੱਚ ਮੱਧਹੋਸ਼ ਹੋਕੇ ਅੱਗ (ਪੱਤੀ ਸਿਵੇ) ਵਿਚ ਛਾਲ ਮਾਰ ਜਾਂਦੀ ਤੇ ਨਾਲ਼ ਸਤੀ ਹੋ ਜਾਂਦੀ।
ਸਿੱਖ ਧਰਮ ਦੀਆਂ ਪਹਿਲੀਆਂ ਤਿੰਨ ਪਾਤਿਸਾਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਅੰਗਦ ਦੇਵ ਜੀ, ਤੇ ਸ੍ਰੀ ਗੁਰੂ ਅਮਰ ਦਾਸ ਜੀ ਨੇ ਸਤੀ ਦੀ ਰਸਮ ਦਾ ਖੰਡਨ ਕੀਤਾ। ਤੀਸਰੇ ਪਾਤਿਸਾਹ ਜੀ ਨੇ “ਅਨੰਦ ਸਾਹਿਬ ਜੀ” ਬਾਣੀ ਦੀ ਰਚਨਾ ਰਚੀ। ਜੋਂ ਪਤਨੀਆਂ ਸਤੀ ਰਸਮ ਤੋ ਵਿਹਰ ਕੇ ਜਾਂ ਕਿਸੇ ਤਰੀਕੇ ਬੱਚ ਜਾਂਦੀਆਂ ਤਾਂ ਸਮਾਜ ਦਾ ਕੁਝ ਹਿੱਸਾ ਉਹਨਾਂ ਨੂੰ ਬਹੁਤ ਮੇਹਣੇ, ਨਹੌਰੇ ਮਾਰਦਾ, ਬਹੁਤ ਪਰੇਸ਼ਾਨ ਕਰਦਾ। ਉਹ ਬੀਬੀਆਂ ਤੀਸਰੇ ਪਾਤਿਸਾਹ ਕੋਲ ਫਰਿਆਦ ਲੈ ਹਾਜ਼ਰ ਹੁੰਦੀਆਂ। ਤਾਂ ਗੁਰੂ ਜੀ ਅਨੰਦ ਸਾਹਿਬ ਪੜਣ ਨੂੰ ਕਹਿੰਦੇ। ਫਿਰ ਤਾਂ ਗੱਲ ਹੀ ਚੱਲ ਪਈ ਅਨੰਦ ਸਾਹਿਬ ਦਾ ਰਿਵਾਜ ਹੀ ਚੱਲ ਪਿਆ। ਜੇਕਰ ਕੋਲ ਦੁਖੀ ਹੁੰਦਾ ਇਹੋ ਅਵਾਜ ਹੁੰਦੀ ‘ਅਨੰਦ ਸਾਹਿਬ ‘ ਪੜੋ, ਬਸ ਅਨੰਦ ਸਾਹਿਬ ਕਰਾ ਲਓ, ਉਦੋਂ ਬਹੁਤੇ ਵਿਆਹ ਖਾਸਕਰ ਵਿਧਵਾ ਜਨਾਨੀਆਂ ਦੇ ਅਨੰਦ ਸਾਹਿਬ ਪੜ ਕੇ ਹੋਣ ਲੱਗ ਪਏ। ਚੌਥੀ ਪਾਤਿਸਾਹੀ ਸ੍ਰੀ ਗੁਰੂ ਰਾਮ ਦਾਸ ਜੀ ਨੇ ਚਾਰ ਲਾਵਾਂ ਉਚਾਰਣ ਕੀਤੀਆਂ। ਸਿੱਖ ਰਹਿਤ ਮਰਯਾਦਾ ਮੁਤਾਬਿਕ ਚਾਰ ਲਾਵਾਂ ਤੇ ਅਨੰਦ ਸਾਹਿਬ ਵਿਆਹ ਵਾਸਤੇ ਦਰਜ ਕੀਤੇ ਤਾਂ ਇਹ ਪੱਕਾ ਰਿਵਾਜ ਬਣ ਗਿਆ।
*  “ਰੀਤੀ-ਰਿਵਾਜ਼”-ਭਾਗ 2. –

ਜੰਮਣ, ਜਵਾਨ ਤੇ ਮੰਗਣ ਵਿਆਹੁਣ ਤੱਕ ਦੇ ਬਹੁਤੇ ਰਸਮ ਰਿਵਾਜ ਦੀਆਂ ਰੀਤਾਂ ਪਹਿਲੇ ਭਾਗ ਵਿੱਚ ਸ਼ਾਝੀਆਂ ਕਰ ਚੁੱਕੇ ਹਾਂ। ਪਰ ਫੇਰ ਵੀ ਇਹ ਵਿਸ਼ਾ ਬਹੁਤ ਵੱਡਾ ਤੇ ਅਣਸ਼ੋਹਿਆ ਹੈ। ਕਈ ਕੁਝ ਅਣਕਿਆਸਿਆ ਵੀ ਰਹਿ ਹੀ ਜਾਂਦਾ ਹੈ। ਵਿਆਹ ਦੇ ਪਹਿਲੇ ਦਿਨ ਮਾਈਆਂ, ਦੂਜੇ ਦਿਨ ਰੋਟੀ ਵਰਜ਼ਣ ਦਾ ਦਿਨ ਹੁੰਦਾ, ਤੀਜੇ ਦਿਨ ਜਾਗੋ, ਅਗਲੇ ਤਿੰਨ ਦਿਨ ਬਰਾਤ ਜਾਣ ਆਉਣ ਵਿੱਚ ਲੰਘਦੇ ਅਤੇ ਸੱਤਵੇ ਦਿਨ ਆਏ ਮੇਲ਼ ਨੂੰ ਤੋਲ਼ਵੀ ਭਾਜੀ ਦਿੱਤੀ ਜਾਂਦੀ ਹੈ ਮੇਲ਼ ਗੀਤ ਗਾਉਂਦਾ ਤੁਰਦਾ “ਗੰਢਾਂ ਦੇਕੇ ਮੇਲ਼ ਸਦਾਇਆ, ਹੁਣ ਕਿਉਂ ਮੇਲ਼ ਟਾਹੀਦਾ ਭੈਣੋਂ, ਸਾਡਾ ਤਾਰਾਮੀਰਾ …. ਸਾਡਾ ਤਾਰਾਮੀਰਾ ਗਾਹੀ ਦਾ ਭੈਣੋਂ …. ਸਾਡਾ ਤਾਰਾਮੀਰਾ !” ਇਹ ਗੀਤ ਗਾਉਂਦਿਆਂ ਮੇਲ਼ ਵਾਪਿਸ ਆਪ ਦੇ ਪਿੰਡਾਂ ਦੇ ਟਿਕਾਣਿਆਂ ਨੂੰ ਜਾਂਦਾ।
ਵਿਆਹ (ਬਰਾਤ ਚੜਣ ਤੋਂ ਇੱਕ ਦਿਨ ਪਹਿਲਾਂ) ਤੋਂ ਇੱਕ ਪਹਿਲਾਂ ਦਿਨ ‘ਖੱਟ’ ਪੈਂਦੀ, ਇਸ ਨੂੰ ਨਿਆਂਉਦਾ ਪੈਂਦਾ ਵੀ ਕਹਿੰਦੇ। ਵੈਸੇ ਇਹ ਦਿਨ ਰੋਟੀ ਵਰਜਣ ਦਾ ਦਿਨ ਵੀ ਹੁੰਦਾ। ਖੀਰ ਪ੍ਰਸ਼ਾਦ ਸਕੇ ਸੋਧਰੇ ਘਰੀਂ ਫੇਰਿਆ ਜਾਂਦਾ। ਬਹੁਤੇ ਨੇੜ ਦੇ ਘਰਾਂ ਨੂੰ ਚੁੱਲੇ ਨਿਉਂਤਾ (ਨਿਉਂਦਾ) ਹੁੰਦਾ। ਖੱਟ ! ਜਿਸ ਨੂੰ ਦੂਸਰਾ ਨਾਮ ਵਿਖਾਵਾ ਵੀ ਕਿਹਾ ਜਾਂਦਾ। ਵਿਆਂਦੜ ਲੜਕੀ ਅਤੇ ਉਸ ਦੀਆਂ ਸਕੀਆਂ ਸਹੇਲੀਆਂ ਦੀ ਮਦੱਦ ਨਾਲ, ਕੱਢਣ ਕੱਤਣ ਤੋਂ ਲੈਕੇ, ਘਰੇ ਬਣਿਆਂ ਬੁਣਿਆਂ ਸਮਾਨ ਦਾ ਵਿਖਾਵਾ, ਰਿਸ਼ਤੇਦਾਰਾਂ ਵਲੋਂ ਲਿਆਂਦੇ ਦੇਣ ਲੈਣ ਦੇ ਕੱਪੜੇ ਸਮਾਨ ਦਾ ਵਿਖਾਵਾ ਕੀਤਾ ਜਾਂਦਾ। ਦੂਸਰੇ ਮਾਹਣਿਆ ਮੁਤਾਬਿਕ ‘ਦਾਜ ਦਾ ਸਮਾਨ’ ਹੁੰਦਾ। ਲੱਕੜ ਜਾਂ ਲੋਹੇ ਦੀ ਪੇਟੀ, ਨਿੰਮ ਦੀ ਲੱਕੜ ਦਾ ਸੰਦੂਕ, ਟਰੰਕ, ਅਟੈਚੀ ਸ਼ਾਮਲ ਹੁੰਦੇ, ਜਿਸ ਵਿੱਚ ਵਿਖਾਵੇ ਤੋਂ ਮਗਰੋਂ ਲੀੜਾ ਲੱਤਾ ਸੋਹਣੀਆਂ ਤਹਿਆਂ ਲਾਕੇ ਸਾਂਭਿਆ ਜਾਂਦਾ,ਨਾਲ ਰੱਖੇ ਕੱਪੜਿਆਂ ਉੱਪਰ ਪੈਸਿਆਂ ਦੀਆਂ ਇੱਕੀਆਂ ਇਕੱਤੀਆਂ ਰੱਖ ਕੇ, ਦੇਣ ਲੈਣ ਦਾ ਵਿਹਾਰ ਹੁੰਦਾ। ਇਸ ਵਿੱਚ ਇਹ ਅੰਦਾਜ਼ੇ ਵੀ ਲੱਗਦੇ ਕਿ ਸਾਨੂੰ ਕਿਹੜੇ ਰਿਸ਼ਤੇਦਾਰ ਸਾਵੇਂ ਹੀ ਮੋੜਦੇ ਜਾਂ ਕੋਈ ਰਿਸ਼ਤੇਦਾਰ ਵਾਧਾ ਵੀ ਕਰਦੇ ਜਾਂ ਸਾਂਵੇ ਹੀ । ਸਾਂਵੇ ਤੋਂ ਭਾਵ ਰਿਸ਼ਤੇਦਾਰੀ ਵਿੱਚ ਅਗਾਂਹ ਨੂੰ ਘੱਟ ਵਰਤਣ ਦਾ ਗੁੱਝਾ ਸੰਕੇਤ ਹੁੰਦਾ, ਇੱਕੀ ਦੀ ਇਕੱਤੀ ਦਾ ਮਤਲਵ ਰਿਸ਼ਤੇ ਵਿੱਚ ਗਿਣਵਾ ਮਿਣਵਾ ਸਬੰਧ ਅਗੇ ਵਾਸਤੇ ਤੋਰਨਾਂ ਹੁੰਦਾ। ਭਾਵ ਗਿਣਤੀਆਂ ਮਿਣਤੀਆਂ ਵਾਲਾ ਸਬੰਧ। ਜਿੰਨਾ ਆਪਦੇ ਸਾਰੇ ਨਿਆਣੇ ਵਿਆਹ ਲਏ, ਕੁਝ ਹੱਦ ਤੱਕ ਮੋੜਵਾਂ ਸਬੰਧ ਰੱਖਣਾ। ਇੱਕੀ ਉਤੇ ਇੱਕ ਹੋਰ ਇੱਕੀ ਪਾਕੇ ਡੱਬਲ ਕਰਨਾ, ਮਤਲਵ ਰਿਸ਼ਤੇਦਾਰੀ ਨੂੰ ਹੋਰ ਪੱਕਾ ਕਰਨਾ ਤੇ ਆਉਣ ਵਾਲੇ ਸਮੇਂ ਵਾਸਤੇ ਗੱਜ ਵੱਜ ਕੇ ਵਰਤਣ ਦਾ ਪ੍ਰਭਾਵ ਛੱਡਣਾਂ। ਨਾਲੋ ਨਾਲ ਸੋਨੇ ਚਾਂਦੀ ਦੇ ਗਹਿਣਿਆਂ ਦੀ ਵੀ ਚਰਚਾ ਚੱਲਦੀ, ਟੂੰਮਾਂ ਗਹਿਣੇ ਹੌਲ਼ੇ ਭਾਰੇ ਹੱਥਾਂ ਤੇ ਚੱਕ ੨ ਟੋਹਣੇ, ਜਾਂਚਣੇ, ਸੋਹਣੇ ਡੀਜਾਇਨ ਤੇ ਖਰੇ ਖੋਟਿਆਂ ਦੀ ਪੱਰਖ ਕਰਨੀ। ਤਾਂਹੀ ਤਾਂ ਇਹ ਕਹਾਵਤ ਮਸ਼ਹੂਰ ਹੋ ਗਈ “ਦੇਖਾਂ ਗੇ ਨਾਨਕੇ ! ‘ਧੰਨੀ ਦੀ ਖੱਟ’ ਉਤੇ ਕੀ ਕੁਝ ਝੱੜਦੇ ਹਨ” ਇਹ ਗੱਲ ਆਂਮ ਪਿੰਡਾਂ ਵਿੱਚ ਚਲਦੀ ਹੈ। ਲਾਗੀ ਮਰਾਸੀ ਦੇ ਰਾਹੀਂਂ, ਨੇੜਲੇ ਘਰਾਂ ਵਿੱਚ ‘ਖੱਟ ਪੈਂਦੀ’ ਨਿਉਂਦਾ ਪੈਂਦੇ ਦਾ ਸੱਦਾ ਦਿੱਤਾ ਜਾਂਦਾ।
ਗਹਿਣਿਆਂ ਦੇ ਨਾਂਮ, ਸੱਗੀ ਫੁੱਲ, ਸਿਰ ਦੇ ਸੈਂਟਰ ਵਿੱਚ ਵੱਡੀ ਸੱਗੀ, ਸਾਇਡਾ ਉੱਤੇ ਦੋ ਛੋਟੇ ੨ ਫੁੱਲ, ਸਿੰਗ ਤਵੀਤ, ਕੈਂਠੀ, ਕੈਂਠਾ, ਸੰਗਲੀ, ਚੇਨ, ਜ਼ੰਜੀਰੀ, ਹਾਰ, ਰਾਣੀ ਹਾਰ, ਮੁਰਕੀਆਂ, ਮਾਮੇ ਮੁੱਰਕੀਆਂ, ਪਿੱਪਲ ਪੱਤੀਆਂ, ਲੌਂਗ, ਕੋਕਾ, ਕੰਨਾਂ ਵਿੱਚ ਵਾਲ਼ੀਆਂ, ਵਾਲ਼ੇ, ਡੰਡੀਆਂ, ਕਾਂਟੇ, ਝੁੰਮਕੇ, ਝਬੂਲੀ ਵਾਲੇ ਕਾਂਟੇ, ਛਾਪਾਂ ਛੱਲੇ ਤੇ ਮੁੰਦਰੀਆਂ, ਕਲੀਚੜੀਆਂ, ਨੱਕ ਨੱਥਾਂ, ਕੰਡ੍ਹੀਆਂ, ਟਿੱਕੇ, ਵੰਗਾਂ, ਗਜ਼ਰੇ, ਜੋੜੀ (ਘੋੜੀ ਜੋੜੀ) ਆਦਿ ਆਂਮ ਰਿਵਾਸ ਸੀ। ਪੈਰੀ ਕੰਗਣ, ਚਾਂਦੀ ਦੀਆਂ ਪੰਜੇਬਾਂ, ਝਾਂਜਰਾਂ ਛਣਕਣੀਆਂ ਤਾਂ ਬਹੁ ਰਾਣੀ ਨਾਲ ਵਿਹੜਾ ਭਰਿਆ ੨ ਲੱਗਣਾ।
ਲੜਕੀ ਦੇ ਹੱਥੀਂ ਬਣਾਏ ਸਾਜੋ ਸਮਾਨ, ਪੱਖੀਆਂ, ਝੋਲ਼ੇ, ਨਾਲ਼ੇ, ਦਰੀਆਂ, ਚਤੱਈਆਂ, ਚਾਂਦਰਾ ਤੇ ਸਰਾਹਣਿਆਂ, ਛੌਲ਼, ਬਾਗ, ਫੁਲਕਾਰੀਆਂ, ਮੱਝਰ, ਚਾਦਰਾਂ ਉਪਰ ਕੱਢ ਕਢਾਈ ਸਿਲਾਈ ਤੋਂ ਪਤਾ ਚੱਲ ਜਾਂਦਾ ਕਿ ਲੜਕੀ ਸਚਿਆਰੀ ਹੈ। ਪਹਿਲਾਂ ਪਹਿਲ ਦੋਸੜੇ ਦਾ ਬਹੁਤ ਰਿਵਾਜ ਸੀ, ਇਸਤ੍ਰੀਆਂ ਦਾ ਸਿਰ ਢੱਕਿਆ, ਥੱਲੇ ਪੱਤਲੀ ਚੁੰਨੀ, ਉਪਰਦੀ ਦੀ ਲਈ ਮੋਟੀ ਚਾਦਰ, ਬਾਗ, ਫੁਲਕਾਰੀ ਨੂੰ ਦੋਸੜਾ ਕਿਹਾ ਜਾਂਦਾ। ਮਤਲਵ ਦੋ ਜੋੜ ਕੇ ਸਿਰ ਢੱਕਣਾਂ।
ਚੋਬਰ ਦੀਆਂ ਮੁੱਛਾਂ ਕੁੰਢੀਆਂ, ਕੰਨੀ ਨੱਤੀਆਂ, ਗਲ਼ ਕਾਲ਼ੀ ਗਾਨੀ, ਤਵੀਤੱੜੀਆਂ, ਕੈਂਠੇ, ਕਲੀਆਂ ਵਾਲੇ ਕੁੜਤੇ, ਤੇ ਧੂਵੇਂ ਚਾਦਰਿਆਂ ਦਾ ਰਿਵਾਸ, ਹੱਥ ਚਾਰ ਫੁੱਟੀ ਕ੍ਰਿਪਾਨ, ਜਾਂ ਖੂੰਡਾ ਹੁੰਦਾ ਸੀ। ਪੱਗ ਦੇ ਥੱਲੇ ਲੰਮਕਦਾ ਲੰਮਾ ਲੱੜ, ਪੂੰਝਾ ਤੇ ਉੱਪਰ ਤੁਰਲਾ (ਫਰਲਾ) ਛੱਡਿਆ ਹੋਣਾ। ਤੀਵੀਆ ਲੰਮੇ ਘੁੰਡ ਕੱਢੇ, ਮੋਰਨੀਆਂ ਪਾ ਪਾ ਕੱਢੀਆਂ ਕੁੜਤੀਆਂ, ਉੱਪਰ ਝਿਲਮ ਸਤਾਰੇ, ਤੇੜ ਸਲਵਾਰ ਉਪਰਦੀ ਸੂਫ ਦੇ ਕਾਲ਼ੇ ਘੱਗਰਿਆਂ ਦਾ ਰਿਵਾਜ ਹੋਣਾ। ਕਿਸੇ ਮਰਗ ਮਕਾਣ ਜਾਂ ਕੁੜਮਾਣ ਉੱਤੇ ਚਿੱਟੇ ਘੱਗਰਿਆਂ ਦਾ ਰਿਵਾਜ ਕਿਧਰੇ ਅਲੋਪ ਹੋ ਗਿਆ।
ਅਸਲ ਵਿੱਚ, ਖੱਟ ਪੈਣ ਤੋਂ ਬਾਅਦ ਹੀ ਰਿਸ਼ਤੇਦਾਰਾਂ ਦੇ ਆਪਿਸ ਵਿੱਚ ਤੌਰ ਤਰੀਕੇ ਬਦਲ ਜਾਂਦੇ, ਵੱਧ ਘੱਟ ਖਾਤਿਰਦਾਰੀ ਉੱਤੇ ਰੁੱਸਣ ਰਸਾਉਣ ਦਾ ਰਿਵਾਜ ਚੱਲ ਪੈਂਦਾ ਸੀ। ਵਿਆਹ ਵਿੱਚ ਘਰਵਾਲੇ ਘੱਟ ਦੇਣ ਉੱਤੇ ਘੱਟ ਸਤਿਕਾਰ ਦਿੰਦੇ। ਕਈ ਵਾਰ ਫੁੱਫੜ ਬਿਨਾਂ ਵਜਾ ਰੁੱਸ ਜਾਂਦਾ। ਕਈ ਰੁਸਦੇ ਨਾਂ ਪਰ ਰੁੱਸਣ ਦੇ ਬਹਾਨੇ, ਘੇਣੇ, ਰਮਜ਼ਾਂ ਪਾਉਂਦੇ, ਕਈ ਰੁੱਸ ਕੇ ਚਲੇ, ਪਿਛਾਂਹ ਮੁੜ ੨ ਜਾਕਦੇ ਕਿ ਮੋੜਣ ਮੰਨਾਉਣ ਵਾਲਾ ਵੀ ਆਉਂਦਾ ਕਿ ਨਹੀ ! ਕਈ ਵਾਰ ਰੁੱਸਣਾਂ ਕੈਂਸਲ ਵੀ ਹੋ ਜਾਂਦਾ। ਗੱਲ ਛੋਟੇ ਦਾਇਰੇ ਵਿੱਚ ਰਹਿੰਦੀ। ਕਈ ਰੁੱਸ ਕੇ ਕਹਾਵਤ ਪਾਉਂਦੇ ਅਸੀਂ ਤਾਂ ਬਸ “ਭੌਣੀ ਤੋਂ ਲਾਹ ਦਿੱਤੀ’ ਮਤਲਵ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਪਾਣੀ ਦੇ ਪ੍ਰਬੰਧ ਖੂਹੀ ਉੱਤੇ ਡੋਲ਼ ਤੇ ਲੱਜ (ਰੱਸਾ। ਨੂੰ ਲੱਕੜ ਦੀ ਭੌਣੀ ਆਸਰੇ ਖਿੱਚਿਆ ਜਾਂਦਾ। ਭੌਣੀ ਤੋਂ ਲਾਹੁਣ ਦਾ ਮਤਲਵ ਅਗਾਂਹ ਨੂੰ ਬੱਸ ! ਸਾਂਝ ਨਹੀਂ ਰੱਖਣੀ। ਅਯੋਕੇ ਸਮੇਂ ਕਹਿੰਦੇ “ਅਸੀਂ ਤਾਂ ਉਹਨਾਂ ਦਾ ਵਰਕਾ ਹੀ ਪੱਟ ਦਿੱਤਾ” ਏਸੇ ਹਰਕ ਵਿੱਚ ਰੁੱਸ ਕੇ ਵਾਪਿਸ ਚਲੇ ਜਾਂਦੇ ਜਾਂ ਉਨਾਂ ਦੇ ਸ਼ਰੀਕਾਂ ਦੇ ਰਾਤ ਕੱਟਣ ਜਾਅ ਰਹਿ ਪੈਂਦੇ ਜਾਂ ਦੁਪਿਹਰ ਵਾਲ਼ੀ ਰੇਲੇ ਚੜ ਜਾਣਾ, ਅੱਜ ਕੱਲ ਤਾਂ ਬੈਗ ਚੱਕ ਹੋਟਲਾਂ ਮੋਟਲਾਂ ਵਿੱਚ ਜਾਅ ਧੁੱਸਣਾਂ। ਘਰ ਵਾਲੇ ਵੀ ਬਹੁਤਾ ਉਜ਼ਰ ਨਾਂ ਕਰਦੇ ਕਿ ਹੁਣ ਝਾੜ (ਛਿੱਲ, ਲੁੱਪਰੀ, ਭਰੋਟਣਾ) ਤਾਂ ‘ਖੱਟ’ ਉੱਤੇ ਝਾੜ ਲਈ। ਅੱਜਕਲ ਮਾਮੇ ਫੁੱਫੜ ਤਾਂ ਬਨਾਉਟੀ ਵੀ, ਝੱਟ ਲੱਭ ਜਾਂਦੇ ਜਾਂ ਕਿਰਾਏ ਭਾੜੇ ਦੇ ਭਰਾ ਵੀ ਬਹੁਤ ਜਲਦੀ ਮਿਲ ਜਾਂਦੇ ਹਨ।
ਵਿਆਹ ਤੇ ਜੰਝ ਆਈ ‘ਬੰਨਣੀ’ ਦਾ ਰਿਵਾਜ ਸੀ। ਮਤਲਵ ਰੋਟੀ ਬੰਨਣੀ ਜਿਸ ਨੂੰ ‘ਜੰਝ ਬੰਨਣੀ’ ਕਿਹਾ ਜਾਂਦਾ ਸੀ ਕੁੜੀਆਂ ਗੀਤਾਂ ਰਾਹੀਂ ਜੰਝ ਬੰਨਦੀਆ ਸਨ। ਉਨਾਂ ਚਿਰ ਜੰਝ ਰੋਟੀ ਖਾਣੀ ਸ਼ੁਰੂ ਨਾਂ ਕਰਦੀ ਜਿੰਨਾ ਚਿਰ ਜੰਝ ਛਡਾਉਣ ਵਾਲ਼ਾ ਉੱਠ ਕੇ ਲੜੀ ਦਰ ਲੜੀ ਇੱਕ ਇੱਕ ਲੜੀਆਂ ਗਾਕੇ, ਕਵੀਸ਼ਰੀ ਬੋਲ ਕੇ, ਬੱਝੀ ਜੰਝ ਨ ਖੋਲਦਾ। ਫਿਰ ਪੰਚਾਇਤੀ ਲੋਕ ਅਵਾਜ਼ਾਂ ਦਿੰਦੇ ਕਿ “ਭਾਈ ਪਰਸ਼ਾਦਾ ਛੱਕੋ” ਲੜਕੀਆਂ ਦੇ ਜੰਝ ਬੰਨਣ ਸਮੇਂ ਤੇ ਜੰਝ ਛਡਾਉਣ ਵਾਲੇ ਦੀ ਭਾਸ਼ਾ ਗੈਰ ਸਭਿਅੱਕ ਵੀ ਹੁੰਦੀ। ਗੱਲ ਜ਼ਿਆਦਾ ਵੱਧ ਨ ਜਾਵੇ, ਮੌਕਾ ਸਾਂਭਦਿਆਂ ਸਿਆਣੇ ਵਰਤਾਵੇ, ਜੰਝ ਨੂੰ ਰੋਟੀ ਖਾਣ ਦੇ ਇਸ਼ਾਰੇ ਕਰ ਦੇਦੇਂ। ਇੱਕ ਦਫ਼ਾ ਜੰਝ ਛਡਾਉਣ ਵਾਲਾ ਟਾਇਮ ਉਤੇ ਨਾਂ ਪਹੁੰਚਿਆ, ਜੰਝ ਚੜਨੀ ਖੁੰਝ ਗਿਆ। ਰਾਤ ਦੀ ਰੋਟੀ ਉੱਤੇ ਕੁੜੀਆਂ ਜੰਝ ਬੰਨ ਦਿੱਤੀ। ਬਰਾਤ ਕਸੂਤੀ ਸਥਿੱਤੀ ਵਿਚ ਫਸ ਗਈ ਅਚਾਣਿਕ ਇਕ ਓਬੜ ਜਿਹਾ ਜਾਂਝੀ ਉੱਠ ਕੇ ਖੜੋ ਗਿਆ ਜਿਸ ਨੇ ਇਕ ਮੁੱਠੀ ਮੀਚੀ ਹੋਈ ਸੀ ਕਹਿੰਦਾ “ਮੁੱਠੀ ਘੁੱਟੀ ਤੇ ਜੰਝ ਛੁੱਟੀ, ਨਾਂ ਖੁਲਾਵੋਂ ਤਾਂ ਚੰਗਾ ਹੈ” ਲੋਕਾਂ ਸੋਚਿਆ ਸ਼ਾਇਦ ਗੰਦ ਨਾਂ ਬਕੇ ਜੰਝ ਨੂੰ ਰੋਟੀ ਖਾਣ ਦਾ ਇਸ਼ਾਰਾ ਕਰ ਦਿੱਤਾ।
ਉਝੰ ਰਾਤ ਦੀ ਰੋਟੀ ਉੱਤੇ, ਕੁੜੀਆਂ (ਲੇਡੀਜ਼) ਦੇ ਗੀਤ, ਸਿਟਣੀਆਂ, ਦੋਹੇ ਹੁੰਦੇ ਸਨ “ਬਾਪੂ ਓਏ ਬੂੰਦੀ ਆਈ ਆ, ਚੁੱਪ ਕਰ ਸਾਲ਼ਿਆ ਮਸਾਂ ਥਿਆਈ ਐ” “ਲਾੜਾ ਸਣੇ ਨੀ ਜੁੱਤੀ ਰੋਟੀ ਖਾ ਗਿਆ ਪਿੱਛਾ ਚਮਿਆਰਾਂ ਦਾ” “ਸੋਏ ਬੀਬੀ ਸੋਏ, ਥੋੜਾ ੨ ਖਾਓ ਜਾਨੀਓ ਢਿੱਡ ਐ ਕਿ ਟੋਏ” “ਲਾੜਾ ਭਾਲੇ ਠੀਕਰੇ ਦੀ ਦਾਲ਼ ਨੀ ਪਿੱਛਾ ਘੁੰਮਿਆਰਾ ਦਾ” “ਤੈਨੂੰ ਦਾਲ਼ ਪੀਣੀ ਨਾਂ ਆਈ, ਵੇ ਮੁੱਛਾਂ ਲੱਗਣ ਤੇਲ਼ੀਆਂ ਦੀਆ” ਕੋਠਿਆਂ ਉੱਤੇ ਬੈਠ ਬੂੜੀਆਂ ਕੁੜੀਆਂ ਗਾਉਣ ਗਾਉਂਦੀਆਂ, ਵਿਹੜੇ ਬੈਠੇ ਜਾਨੀ ਪੱਟੀਆਂ ਉੱਤੇ ਬੈਠ ਕੇ ਸਟੀਲ ਦੇ ਵੱਡੇ ਥਾਲ਼ਾਂ ਵਿੱਚ ਰੋਟੀ ਖਾਣੀ। ਮਾਝੇ ਵਿੱਚ ਪਹਿਲੀ ਰਾਤ “ਖੱਟੇ ਮਿੱਠੇ” ਦਾ ਕਾਫੀ ਰਿਵਾਜ ਸੀ। ਘਰਦੇ ਜਮਾਏ ਦਹੀਂ ਵਿਚ ਲੂਣ ਵਾਲ਼ੀਆਂ ਪਕਾਉਂੜੀਆਂ (ਕਰਿਆਟੀ ਬੂੰਦੀ) ਤੇ ਖੱਟੇ ਚੌਲ਼ਾਂ ਦਾ ਜ਼ਰਦਾ, ਰਲ਼ਾ ਕੇ ਖਾਣਾ, ਬਹੁਤ ਸੁਆਦ ਹੁੰਦਾ, ਉਧਰਲੇ ਨਾਈ ਰਾਜੇ ਇਸ ਖਾਣੇ ਦੇ ਬਹੁਤ ਮਾਹਰ ਹਨ।
ਰਿਬਨ ਕਟਾਈ ਦਾ ਨਵਾਂ ਰਿਵਾਜ ਚੱਲਿਆ, ਪਹਿਲਾਂ ਸਿਰਫ ਤੇਲ਼ ਚੁਆਈ ਸੀ। ਲੱਕੜ ਦੇ ਤੱਖਤਿਆਂ ਦੀਆਂ ਚੂਥੀਆਂ ਥੰਦੀਆਂ ਕਰਨ ਤੋਂ ਮਤਲਵ ਸੀ. ਬਾਅਦ ਵਿੱਚ ਕੌਲ਼ੇ ਥੰਦੇ ਹੋਣੇ ਸ਼ੁਰੂ ਹੋ ਗਏ।
ਡੋਲ਼ਾ ਤੁਰਨ ਮੌਕੇ ਪਹੀਆ ਉੱਤੇ ਪਾਣੀ ਪਾਉਣ ਦਾ ਰਿਵਾਜ ਸੀ। ਗਰਮੀਆਂ ਨੂੰ ਜ਼ਿਆਦਾ ਵਿਆਹ ਦੇਸੀ ਮਹੀਨੇ ਹਾੜ ਸੌਣ ਦੇ ਹੋਣੇ। ਰੱਥਾਂ ਗੱਡਿਆਂ ਦੇ ਲੱਕੜ ਦੇ ਪਹੀਏ, ਉਹਨਾਂ ਦੇ ਗਜ਼ ਢਿੱਲੇ ਹੋ ਜਾਣੇ ਤਾਂ ਮੁੰਝ ਦੀ ਰੱਸੀਆਂ ਨਾਲ ਕੱਸਣੇ। ਪਾਣੀ ਪਾਉਣ ਨਾਲ ਲੱਕੜ ਫੁੱਲ ਜਾਂਦੀ ਤੇ ਮੁੰਝ ਆਕੜ ਜਾਂਦੀ। ਤਾਂ ਕਿ ਡੋਲ਼ਾ ਸੁਰੱਖਿਅਤ ਆਪ ਦੇ ਟਿਕਾਣੇ ਪਹੁੰਚ ਜਾਵੇ। ਹੁਣ ਰੱਬੜ ਦੇ ਟਾਇਰਾਂ ਉਤੇ ਲੋਕ ਪਾਣੀ ਪਾਉਣ ਦਾ ਇਹ ਇੱਕ ਵਹਿਮ ਪਾਲ਼ ਰਹੇ ਹਨ।
ਡੋਲੀ ਵਿੱਚ ਵਿਆਂਦੜ ਕੁੜੀ ਨਾਲ ਇੱਕ ਨੈਣ ਤੇ ਇੱਕ ਵਿਚੋਲਣ ਰੱਥ ਗੱਡੀ ਵਿੱਚ ਹੁੰਦੀ, ਚਾਰ ਚੁਫੇਰੇ ਜਾਂਝੀ ਹਿਫਾਜਿਤ ਵਾਸਤੇ ਬੋਤਿਆਂ ਘੋੜਿਆਂ ਦਾ ਘੇਰਾ ਰੱਖਦੇ। “ਗੱਡੀ ਵਾਲ਼ਿਆ ਵੇ ਅੜੱਬ ਤਖਾਣਾਂ, ਕੁੜੀਆਂ ਨੂੰ ਮਿਲ ਲੈਣ ਦੇ” ਲੜਕੀ ਦੇ ਮਨ ਦੇ ਅਲਫਾਸ ! ਰੱਥਵਾਨ ਰੱਥ ਹੱਕਦਾ ਕੁੜੀ ਰੋਂਦੀ ਕੁਰਲਾਊਦੀ, ਬਾਬਲ ਵਿਹੜਾ ਛੱਡਦੀ, ਧਾਂਹਾਂ ਮਾਰਦੀ, ਉਨਾਂ ਚਿਰ ਰੋਂਦੀ ਸਿਸਕਦੀ, ਜਿੱਥੋਂ ਤੱਕ ਪਿੰਡ ਦੀ ਹੱਦ ਹੁੰਦੀ। ਹੱਦ ਉੱਤੇ ਰੱਥ ਰੋਕ, ਰੱਥਵਾਨ ਆਪਣਾ ਲਾਗ ਮੰਗਦਾ ਜੋ ਇੱਕ ਟੋਟਾ ਜਾਂ ਖੇਸ ਹੁੰਦਾ, ਉੱਪਰ ਸਵਾ ਰੁਪਈਆ, ਨਾਲ ਇੱਕ ਬੱਠਲੀ ਤੌੜੀ ਦਾ ਰਿਵਾਜ ਹੁੰਦਾ ਜਿਸ ਵਿੱਚ ਲੱਡੂ, ਮੋਟੇ ੨ ਸੀਰਨੀ ਵਾਲੇ ਪਕੌੜਾਂ ਨਾਲ ਕੁਝ ਟਿੱਚਰ ਵਜੋਂ ਕੁੜੀਆਂ ਪਿਆਜ ਪਾ ਵੀ ਦਿੰਦੀਆਂ ਤਾਂਕਿ ਤ੍ਰਖਾਣ ਭਾਰ ਜੋਹਦਾਂ ਵਾਪਿਸ ਪਿੰਡ ਡੋਲ਼ਾ ਲਿਆਉਂਦਾ ਕਿ ਕਾਫੀ ਭਾਰਾ ਸ਼ੰਗਨ ਮਿਲਿਆ। ਉਸ ਦਾ ਢੱਕਣ ਆਟਾ ਲਾਕੇ ਉਪਰ ਚੱਪਣ ਲਾ ਦਿੱਤਾ ਜਾਂਦਾ, ਗੱਲ ਖੰਮਣੀ ਸੰਗਨਾਂ ਦਾ ਗਾਨਾ ਬੱਧਾ ਹੁੰਦਾ ਸੀ।
ਡੋਲ਼ਾ ਵਿਆਹ ਕੇ ਆਉਣਾ, ਸੱਸ ਪਾਣੀ ਵਾਰ ੨ ਕੇ ਪੀਣਾ। ਮਤਲਵ ਸ਼ੋਅ ਕਰਨਾ ਸੱਸ ਸੁੱਕੇ ਸੰਘ ਥਿਆਹੀ ਨੂੰਹ ਬੇਟੀ ਨੂੰ ਉਡੀਕਦੀ ਨੂੰ ਮਸਾਂ ਡੋਲ਼ਿਓ ਲਾਹੁਣ ਦਾ ਆਹ ਦਿਨ ਟਈਮ ਆਇਆ। ਪੁਰਾਣੇ ਰਿਵਾਜ ਜੋ ਖਤਮ ਹੋ ਚੁੱਕੇ ਹਨ ਮੁੰਡੇ ਕੁੜੀ ਨੇ ‘ਗੋਤ ਕਨਾਲ਼ਾ ਖੇਡਣਾ’ ਮਿੱਠੀ ਦੇ ਕਨਾਲ਼ੇ ਵਿੱਚ ਕੱਚੀ ਲੱਸੀ ਦੇ ਘੋਲ ਵਿੱਚ ਕੁਝ ਆਟਾ ਘੋਲ਼ ਕੇ ਉਸ ਨੂੰ ਭਰਕੇ ਵਿੱਚ ਭਾਨ, ਗਲ਼ੀ ਵਾਲੇ ਪੈਸੇ, ਮੁੰਦਰਾਂ, ਡੱਫਰ (ਡੱਬਲ) ਪੈਸੇ, ਆਨੇ, ਦੁਆਨੀਆਂ, ਚੌਆਨੀਆਂ, ਅੱਠਆਨੀਆਂ, ਚਾਂਦੀ ਦੇ ਰੁਪਈਏ ਹੋਣੇ, ਜੋਂ ਦੋਨਾਂ (ਲਾੜਾ ਲਾੜੀ) ਤੇਜੀ ਨਾਲ ਜਿੱਦੋਜਿਦੀ ਕੱਚੀ ਲੱਸੀ ਵਿਚੋਂ ਭਾਲਣੇ, ਸ਼ਰਤ ਕਿ ਇੱਕ ਵਾਰੀ ਇੱਕ ਹੀ ਸਿੱਕਾ ਬਾਹਰ ਕੱਢਣਾ, ਫਿਰ ਗਿਣਤੀ ਕਰਨੀ ਕੌਣ ਜਿੱਤਿਆ। ਦੂਸਰਾ ਕੱਚੀ ਲੱਸੀ ਦੇ ਵਿੱਚ ਆਟਾ ਘੋਲ਼ ਕੇ ਪ੍ਰਾਂਤ ਭਰ ਲੈਣੀ ਉਦਾਲ਼ੇ ‘ਕੰਗਣਾਂ ਖੇਡਣਾਂ’ ਜਿਸ ਵਿੱਚ ਮੁੰਦੀਆਂ, ਛੱਲੇ, ਕੜੇ, ਵੰਗਾਂ, ਅਤੇ ਇੱਕ ਅਸਲੀ ਕੰਗਣ ਹੋਣਾ। ਜਿਸ ਨੂੰ ਜੋ ਪਹਿਲਾਂ ਲੱਭ ਲੈਂਦਾ ਉਹ ਜੇਤੂ ਗਿਣਿਆਂ ਜਾਂਦਾ। ਇਸ ਵਿੱਚ ਵੀ ਇਹੀ ਸ਼ਰਤ ਹੁੰਦੀ ਕਿ ਇੱਕ ਦਫ਼ਾ ਇੱਕ ਆਈਟਮ ਹੀ ਬਾਹਰ ਕੱਢਣੀ ਹੈ। ਇਨਾਂ ਸੰਗਨਾਂ ਦੀਆਂ ਰਸਮਾਂ ਵਿਚ ਆਂਮ ਚੁਸਤ ਲੜਕੀ ਜੇਤੂ ਰਹਿੰਦੀ।
ਇਕ ਹੋਰ ਭੈੜਾ ਰਿਵਾਸ ਸੀ ਛਿੱਟੀਆਂ ਖੇਡਣਾ। ਵਿਆਂਦੜ ਮੁੰਡੇ ਕੁੜੀ ਹੱਥ ਇੱਕ ਇੱਕ ਲੰਮੀ ਤੂਤ ਦੀ ਛਿਟੀ ਫੜਾ ਦਿੱਤੀ ਜਾਂਦੀ। ਇਹ ਪਹਿਲੇ ਅਰਾਊਡ ਵਿਚ ਇੱਕ ਇੱਕ ਛਿੱਟੀ ਇਕ ਦੂਜੇ ਦੇ ਮਾਰਦੇ, ਫਿਰ ਦੋ ਦੋ ਤੇ ਗੱਲ ਪੰਜ ਪੰਜ ਤੱਕ ਪਹੁੰਚ ਜਾਂਦੀ। ਘੁੰਡ ਕੱਢੀ ਲੜਕੀ ਦੇ ਚਿਹਰੇ ਦਾ ਤਾਂ ਪਤਾ ਘੱਟ ਚੱਲਦਾ ਪਰ ਮੁੰਡੇ ਦੇ ਵੱਜੀ ਛਿੱਟੀ ਤੇ ਉਹ ਲੰਮੀ ਚੀਸ ਵੱਟਦਾ। ਸਾਰੇ ਪਾਸੇ ਹਾਸਾ ਪੈਂ ਜਾਣਾ। ਕਈ ਵਾਰ ਇਹ ਰੀਤ ਪੂਰੀ ਕਰਦਿਆਂ ਰਿਸ਼ਤਿਆਂ ਵਿਚ ਤੋੜ ਤੜਾਈ ਵੀ ਹੋ ਜਾਂਦੀ, ਹਰਕ ਵੱਧ ਜਾਂਦਾ। ਗੱਲ ਕੁੱਟ ਕਟਾਈ ਤੱਕ ਪਹੁੰਚ ਜਾਂਦੀ ਹੈ।
ਘੁੰਡ ਚੁਕਾਈ ਰਸਮ ! ਨਵੀਂ ਵਿਆਹੀ ਆਈ ਕੁੜੀ ਦੇ ਬੁੱਕਲ਼ (ਪੱਟਾਂ ਤੇ) ਵਿੱਚ ਦਿਉਰ ਨੂੰ ਬਹਾਉਣ ਦਾ ਸ਼ੰਗਨ ਹੁੰਦਾ। ਘੁੰਡ ਕੱਢੀ ਕੁੜੀ ਨੇ ਚੁੰਨੀ ਵਿਚ ਦੀ ਦਿਉਰ ਦੀ ਬਾਡੀ ਦਾ ਸਾਇਜ ਵੇਖਣਾ, ਜੇਕਰ ਨਿਆਣਾ ਜਿਹਾ ਹੋਣਾ ਤਾਂ ਠੀਕ ਹੈ ਜੇਕਰ ਮਖੌਲ ਵੱਜੋ ਮੁੰਡਾ ਵੱਡਾ ਮੋਟਾ ਲਿਆ ਸਾਹਮਣੇ ਖੜਾ ਕਰਨਾ ਤਾਂ ਕੁੜੀ ! ਨਾਲ ਆਈ ਨੈਣ ਵਿਚੋਲਣ ਦਾ ਆਸਰਾ ਲੱਭਦੀ। ਘੁੰਡ ਚੱਕ ਦਿੱਤਾ ਜਾਂਦਾ ਜਾਂ ਗੱਲ ਥੋੜੇ ਬਹੁਤੇ ਸ਼ੰਗਨ ਦੇ ਪੈਸੇ ਦੇਕੇ ਗੱਲ ਨਿੱਬੜ ਜਾਂਦੀ।
ਕੁਝ ਟਾਈਮ ਪਾਕੇ ਨਹੂੰ ਰਾਣੀ ਤੋਂ ਮਿੱਠੀਆਂ (ਗੁੜ ਵਾਲ਼ੀਆਂ) ਰੋਟੀਆਂ ਪਕਵਾਉਣੀਆਂ ਤੇ ਆਂਮ ਚੁੱਲੇ ਚੌਂਕੇ ਦੀ ਜਿੰਮੇਵਾਰੀ ਸੰਭਾਲ ਦੇਣੀ। ਸਾਰੇ ਵਿਹੜੇ ਦੀ ਮੁਖਤਿਆਰਣ ਬਣਾ ਦੇਣਾ। ਲਾਣੇ ਘਰਾਣੇ ਦੇ ਘਰਾਂ ਵਿੱਚੋਂ ਆਈਆਂ ਕੁੜੀਆਂ ਦੇ ਬਾਂਹੀ ਡੌਲ਼ਿਆਂ ਵਿੱਚ ਬਹੁਤ ਜ਼ੋਰ ਹੁੰਦਾ ਹੈ। ਜੋ ਗਾਈਆਂ ਮੱਝਾਂ ਦੀਆਂ ਧਾਰਾਂ ਕੱਢਦੀਆਂ, ਰਿੜਕਣੇ ਰਿੜਕੱਦੀਆਂ ਦੇ ਬਾਂਹਾਂ ਦੀ ਕਸਰਤ ਬਹੁਤ ਹੁੰਦੀ ਹੈ। ਏਸੇ ਕਰਕੇ ਬਾਂਹਾਂ ਬਲਵਾਨ ਹੁੰਦੀਆਂ। ਇੱਕ ਦਫ਼ਾ ਸਾਡੇ ਪਿੰਡ ਇੱਕ ਪਹਿਲਵਾਨ ਦਾ ਵਿਆਹ ਹੋਇਆ। ਉਹ ਪਹਿਲਵਾਨ ਪਤਨੀ ਉੱਤੇ ਆਪ ਦਾ ਰੋਅਬ ਪਾਉਣਾ ਚਾਹੁੰਦਾ ਸੀ ਕਿ ਮੈਂ ਇਲਾਕੇ ਦਾ ਮੰਨਿਆ ਹੋਇਆ ਭਲਵਾਨ ਹਾਂ। ਉਹ ਪੱਟੜਾ, ਮੁੱਧਕਰ ਤੇ ਆਰਣ ਚੱਕਣ ਦਾ ਨਾਮੀ ਪਹਿਲਵਾਨ ਵੀ ਸੀ। ਉਸ ਨੇ ਇਲਾਕੇ ਦਾ ਭਾਰੀ ਪੱਟੜਾ ਵਿਹੜੇ ਵਿਚ, ਇਸ ਕਰਕੇ ਲਿਆ ਸੁੱਟਿਆ ਕਿ ਜਨਾਨੀ ਨੂੰ ਸਾਬਤ ਕਰ ਸਕੇ ਕਿ ਇਹ ਕੇਵਲ ਮੈਂ ਹੀ ਚੱਕਦਾ ਰਿਹਾ ਹਾਂ। ਅਜੇ ਉਹ ਦੱਸਣ ਨੂੰ ਕਿਸੇ ਚੰਗੇ ਮੌਕੇ ਦਾ ਇੰਤਜ਼ਾਰ ਹੀ ਕਰ ਰਿਹਾ ਸੀ ਕਿ ਜ਼ਨਾਨੀ ਵਿਹੜਾ ਸੁੰਬਰਦੀ ੨, ਪੱਟੜੇ ਕੋਲ ਗਈ ਸੋਚਿਆ “ਆਹ ਕੀ ਹੈ ਵਿਹੜੇ ਵਿੱਚ ਠੇਡੇ ਵੱਜਣ ਨੂੰ ਸੁੱਟਿਆ” ਉਸ ਦੋ ਹੱਥਾਂ ਨਾਲ ਬਾਂਹਾ ਤੇ ਸਿੱਧਾ ਬਾਲਾ ਕੱਢਿਆ, ਚੁੱਕ ਕੇ ਇੱਕ ਖੂੰਝੇ ਵਿੱਚ ਵਗਾਹ ਮਾਰਿਆ। ਅੰਦਰ ਬੈਠਾ ਭਲਵਾਨ ਜੀ ਵੇਖਦਾ ਹੀ ਰਹਿ ਗਿਆ, ਦਰਅਸਲ ਉਹ ਵੇਖ ਕੇ ਅੰਦਰੋਂ ਹਿੱਲ ਗਿਆ ਤੇ ਸਾਰੀ ਉਮਰ ਜ਼ਨਾਨੀ ਮੂਹਰੇ ਨੱਚਦਾ ਰਿਹਾ। ਕੁਝ ਨਾਂ ਬੋਲਿਆ। ਜਾਣੋ ਉਸ ਦੇ ਭਲਵਾਨੀ ਅਰਮਾਨ ਵੀ, ਓਸ ਖੂੰਝੇ ਵਿੱਚ ਦੱਬ ਰਹਿ ਗਏ। ਅਜਕਲ ਧਾਰਾਂ ਕੱਢਣ ਨੂੰ ਬਈਏ, ਦੁੱਧ ਰਿੜਕਣ ਨੂੰ ਮਸ਼ੀਨਾ,ਪਿੰਡਾਂ ਵਿੱਚੋਂ ਬੋਰੀ ਚੱਕਣੀ, ਮੁਧਕਰ ਪੱਟੜੇ ਦੇ ਰਿਵਾਜ ਗੁੰਮ ਹੋ ਚੁੱਕੇ ਹਨ। ਪਸ਼ੂ ਖਤਮ ਹੋ ਚੱਲੇ ਹਨ। ਬਨਾਉਟੀ ਰਾਸ਼ਨ, ਦੁੱਧ ਪਤਲੇ। ਹੁਣ ਤਾਂ ਸ਼ਾਇਦ ਅਸਲੀ ਸੰਘਣਾਂ ਦੁੱਧ ਪੀਣ ਨਾਲ ਸ਼ਾਇਦ ਲੋਕ ਬਿਮਾਰ ਹੋਣ ਲੱਗ ਪੈਣ। ਕਿਉਂਕਿ ਮਿਹਦੇ ਨੇ ਅਸਲੀ ਦੁੱਧ ਨਹੀ ਝੱਲਣਾ ।
ਵਿਆਹ ਵਿਹੜਿਆ ਵਿੱਚੋਂ ਨਿਕਲ ਹਾਲਾਂ ਵਿੱਚ ਚਲੇ ਗਏ। ਤੀਆਂ ਦੇ ਰਿਵਾਜ ਵੀ ਨਿਆਈਆਂ ਵਿੱਚੋਂ ਹੱਟ ਕੇ, ਹਾਲੀਂ ਪਹੁੰਚ ਗਏ। “ਹੁਣ ਕਿਹੜੇ ਮਾਮੇ ਨੇ ਖੱਟੀ ਚੁੰਨੀ ਲਿਆਉਣੀ ਹੈ” ਹਲ਼ ਪੰਜਾਲ਼ੀਆ ਦੇ ਰਿਵਾਜ ਮਸ਼ੀਨੀ ਯੁੱਗ ਨੇ ਲੈ ਲਏ, ਪੈਦਲ ਸਵਾਰੀ, ਬੋਤੇ, ਘੋੜੇ ਛੱਡ, ਸਾਇਕਲੀਂ ਚੜ ਗਏ, ਮੋਟਰ ਸਾਇਕਲ ਭਜਾ ਕੇ, ਲਗਜ਼ਰੀ ਕਾਂਰਾਂ ਤੇ ਜਾ ਚੜੇ। ਜਿਹੜੇ ਪੈਰ ਇੱਕ ਕਿੱਲਾ ਜ਼ਮੀਨ ਉੱਤੇ ਹਲ਼ ਵਾਹ ਕੇ ਸਤਾਈ ਮੀਲ ਚਲਦੇ ਸਨ ਹੁਣ ਸੈਰ ਕਰਨੀ ਵੀ ਭਾਰੀ ਹੋ ਗਈ।
ਉਹ ਰਿਵਾਜ ਕਿੱਧਰ ਗਏ ਜਦੋਂ ਊਠ ਬੋਤੇ ਦੇ ਪਲਾਣੇ ਪਾ, ਉਪਰ ਬਾਗ ਦਰੀਆਂ ਨਾਲ ਸਜ਼ੇ ਬੋਤੇ, ਜਦੋਂ ਗੱਭਰੂ ਆਪ ਦੀ ਨਾਰ ਨੂੰ ਮਗਰ ਬਿਠਾ ਕੇ ਸਹੁਰਿਆਂ ਤੋਂ ਲਿਆਉਂਦਾ ਸੀ ਨਾਰ ਦੇ ਉਹ ਬੋਲ ਕਿਧਰ ਚਲੇ ਗਏ। “ਬੋਤਾ ਹੌਲ਼ੀ ਤੋਰ ਮਿੱਤਰਾ ਵੇ ਮੇਰਾ ਨਰਮ ਕਾਲਜਾ ਧੱੜਕੇ” ਜਾਂ “ਸੱਜਰੇ ਬਿੰਨਾਏ ਕੰਨ ਮੇਰੇ” “ ਬੋਤਾ ਤੁਰਦਾ, ਹਿੱਲਣ ਕੰਨਾਂ ਦੇ ਵਾਲ਼ੇ।
ਅੱਗੇ ਬੁੜਾ ਮਰਨਾ, ਰਿਵਾਜ ਸੀ ਵੱਡਾ ਕਰਨਾ, ਗੁੜ ਦਾ ਕੜਾਅ ਘਰ ੨ ਫੇਰਨਾ, ਧਿਆਣੀਆਂ (ਗੁੜ ਵਾਲੇ ਚੌਲ਼) ਖੁਆਉਣੀਆਂ। ਹੁਣ ਗਲ ਲੱਡੂ ਜਲੇਬੀਆਂ ਦੇ ਚੱਕਰਾਂ ਵਿੱਚ ਪੈ ਕੇ ਗੱਲ ਹੋਰ ਅੱਗੇ ਚਲੀ ਗਈ। ਘਰਦਿਆਂ ਦਾ ਰੋਣ ਤੇ ਲੋਕਾਂ ਦਾ ਜਲੇਬੀਆਂ ਨਾਲ ਰੱਜ ਕੇ ਹਾਸਾ।
ਘਰਾਂ ਵਿੱਚੋਂ ਚੁੱਲਾ ਮੀਟਿੰਗ ਦਾ ਰਿਵਾਜ ਖਤਮ। ਅੱਗੇ ਚੁੱਲੇ ਮੂਹਰੇ ਬੈਠੇ ਵੱਡ ਵੱਡੇਰਿਆਂ ਨੇ ਅਗਲੇ ਦਿਨ ਦਾ ਪ੍ਰੋਗਰਾਮ ਢਾਂਚਾ ਸਿਰਜਨਾ। ਸਾਰੇ ਪ੍ਰਵਾਰਿਕ ਮੈਂਬਰਾਂ ਨੂੰ ਸਮਝਾਅ ਦੇਣਾ। ਪਿੰਡਾਂ ਵਿੱਚੋਂ ਸੱਥਾਂ ਵਿੱਚ ਬੈਠਣਾਂ, ਫਲ੍ਹੇ ਚੌਗਾਨ ਵਿਚ ਪਏ ਖੁੰਡ ਥੱੜੀਆ ਸੁੰਨੀਆਂ, ਖੁੰਡ ਚਰਚਾ ਦਾ ਰਿਵਾਜ ਨਹੀ ਰਿਹਾ। ਆਹ ਤੁਹਾਡੇ ਹੱਥਾਂ ਵਾਲ਼ੇ ਫੂਨਾਂ ਨੇ ! ਕਲਮ, ਦਵਾਤ, ਪੇਪਰ, ਖੱਤ ਚਿੱਠੀਆਂ ਦਾ ਰਿਵਾਜ਼ ਖੋਹ ਕੇ ਲਏ। ਅੱਗੇ ਪ੍ਰੀਵਾਰ ਗੱਲ ਕਰਦਾ, ਕੋਈ ਬਾਤ ਪਾਉਂਦਾ, ਮੂੰਹ ਜੋੜ ਕੇ ਬੈਠਣ ਸੁਨਣ ਦਾ ਰਿਵਾਜ ਸੀ, ਹੁਣ ਇੱਕ ਦੂਜੇ ਵੱਲ ਢੂਈਆਂ ਕਰਕੇ ਫੂਨ ਫਰੋਲ਼ੀ ਜਾਦੇ ਹਨ। ਫੂਨ ਦੀ ਸਹੀ ਵਰਤੋਂ ਕਰਕੇ ਬਹੁਤ ਕੁਝ ਸਿੱਖਿਆ ਵੀ ਸਕਦਾ, ਪਰ ਗਲਤ ਵਰਤੋਂ ਦਾ ਰੁਝਾਨ ਇਕੱਲਾ ਨੁਕਸਾਨ ਦਾਇਕ ਨਹੀ, ਘਾਤਿਕ ਵੀ ਹੋ ਸਕਦਾ ਹੈ। ਬਦਲਦੇ ਜ਼ਮਾਨੇ ਨਾਲ ਚੱਲਣਾ ਹੈਂ ਤਾਂ ਕੁਝ ਭੱਜ ਕੇ ਨਾਲ ਵੀ ਰਲਣਾ ਪੈਣਾ ਹੈ। ਅਜਕਲ “ਨਵੀਆਂ ਗੁੱਡੀਆਂ ਨਵੇਂ ਪਟੋਲੇ, ਅਜੋਕੇ ਰਿਵਾਜਾਂ ਨੇ ਪੁਰਾਣੇ ਖੋਹ ਲਏ” ਹੁਣ ਰੁੱਤ ਨਵਿਆਂ ਦੀ ਆਈ।
ਭੈੜੇ ੨ ਯਾਰ ਸਾਡੀ ਫੱਤੋ ਦੇ, ਫੇਸਬੁਕ, ਟਿੱਕ ਟੌਕ, ਵੱਟਸ ਅੱਪ, ਮੈਸੰਜਰ, ਇੰਸਟਾ ਗ੍ਰਾਮ, ਰੀਲਜ, ਟਵੀਟ ਤੇ ਯੂਟਿਊਬ, ਬਣ ਗਏ। “ਜਿੰਦੜੀ ਇਕ ਯਾਰ ਸਤਾਰਾਂ” ਕਿਹਦਾ ੨ ਮਾਣ ਰੱਖ ਲਾਂ ! ਕੁਝ ਹੋਰ ਰੀਤ ਰਿਵਾਜ ਲਿਖਣੋਂ ਰਹਿ ਗਿਆ ਹੋਵੇ ਤਾਂ ਕੁੰਮੈਂਟਾਂ ਨਾਲ ਵਾਧਾ ਕਰਣ ਦਾ ਰਿਵਾਜ ਜ਼ਰੂਰ ਪਾ ਦੇਣਾ। …….. ਧੰਨਵਾਦ !
ਕਹਾਣੀ ਲਿਖਦਿਆਂ ਕੁਝ ਟੋਟਕੇ, ਮੇਰੇ ਮਨ ਨੂੰ ਅਣਸੁਖਾਵਾਂ ਕਰ ਰਹੇ ਸਨ ਸਿੱਧਾ ਬੰਦਾ ਸਿੱਧੀ ਕਵਿਤਾ :—
ਹੁਣ ਪੈਣੀ ਨਹੀਂ ਕਲਮ ਘਸਾਈ ਮਿੱਤਰਾ !
ਰੁੱਤ ਨਵਿਆਂ ਫੂਨਾਂ ਦੀ ਆਈ ਮਿੱਤਰਾ !!
ਰੱਤ ਨਵਿਆਂ ……..
ਰਹੀ ਚੁੰਨੀ ਨਾਂ,ਕੀ ਘੁੰਡ ਦੀ ਚਕਾਈ ਮਿੱਤਰਾ!!!ਛੱਡ ਕਿਤਾਬ, ਲੈਪਟੌਪ ਹਿੱਕ ਨਾਲ ਲਾਈ ਮਿੱਤਰਾ!
ਰੁੱਤ ਨਵਿਆਂ ……..
ਬੀਤ ਚੁੱਕੇ ਸਮਿਆਂ ਦੀ ਆਸ ਮੁਕਾਈ ਮਿੱਤਰਾ !!
ਰੀਤ ਰਿਵਾਜ ਬਾਰੇ ਲਿੱਖਕੇ ਹਿੰਡ ਮੈਂ ਪੁਗਾਈ ਮਿੱਤਰਾ ! ਰੱਤ ਨਵਿਆਂ …….
ਲਿੱਖਤ ਲੰਮੀ ਦੀ ਮੈਂ ਬਹੁਤ, ਰੇਲ਼ ਬਣਾਈ ਮਿੱਤਰਾ !!
ਬੱਸ ਪੜ ਲੈਣੀ ਜ਼ਰੂਰ, ਵੇਖਣੀ ਤੁਹਾਡੀ ਵੀ ਸਮਾਈ ਮਿੱਤਰਾ !!! ਰੁੱਤ ਨਵਿਆਂ ………
ਜੰਝ ਚੜਦੀ ਮੈਂ ਕਿਸੇ ਦੀ, ਜੰਡ (ਖੰਧਕ) ਕੋਲ਼ੋਂ ਦਿਖਾਈ ਮਿੱਤਰਾ !!!!
ਲੋਕ ਭੁੱਲ ਗਏ, ਕੱਚੀ ਕੰਧ ਦੀ ਲਿਪਾਈ ਮਿੱਤਰਾ !!!!! ਰੱਤ ਨਵਿਆਂ ………
ਅਵਾਜ਼ ਐਬਸਫੋਰਡ ਤੋ ਮੈ, ਆਲਮਵਾਲੇ ਪੁਚਾਈ ਮਿੱਤਰਾ !!!!!!
‘ਜਾਫੀ’ ਭਾਰ ਲਾਹਿਆ ਸਿਰੋਂ, ਨਾਂ ਰਿਹਾ ਕਰਜ਼ਾਈ ਮਿੱਤਰਾ !!!!!!! ਫੂਨ ਨਵਿਆਂ ਦੀ ਰੁੱਤ,,,,,,,,!Brar.kds@gmail.com