Headlines

ਆਦਮਪੁਰ ( ਜਲੰਧਰ) ਤੋ ਹਜ਼ੂਰ ਸਾਹਿਬ ਲਈ ਉਡਾਣ ਸ਼ੁਰੂ

ਜਲੰਧਰ ( ਜਤਿੰਦਰ)-

ਆਦਮਪੁਰ ਹਵਾਈ ਅੱਡੇ ਤੋਂ ਉਡਾਣ ਸੇਵਾ ਸ਼ੁਰੂ ਹੋ ਗਈ ਹੈ ਅਤੇ ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 1.30 ਵਜੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਜਹਾਜ਼ ਨੇ ਪਹਿਲੀ ਉਡਾਣ ਭਰੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ ’ਤੇ ਰੱਖਿਆ ਗਿਆ ਹੈ। ਉਥੋਂ ਉਕਤ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ।

ਹੁਣ ਲੋਕਾਂ ਨੂੰ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ। ਉਪਰੋਕਤ ਰੂਟ ਫਲਾਈਟ ਰਾਹੀਂ ਇਹ ਸਫਰ ਸਿਰਫ ਇਕ ਘੰਟੇ ਵਿੱਚ ਪੂਰਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਹੈ। ਕੇਂਦਰ ਸਰਕਾਰ ਵੱਲੋਂ ਕਰੀਬ ਦੋ ਹਫ਼ਤੇ ਪਹਿਲਾਂ ਆਦਮਪੁਰ ਹਵਾਈ ਅੱਡੇ ’ਤੇ ਸਟਾਫ਼ ਦੀ ਨਿਯੁਕਤੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਡਾਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੂਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਦੇ ਰੂਟ ਅਲਾਟ ਕੀਤੇ ਗਏ ਹਨ। ਇਸ ਤੋਂ ਪਹਿਲਾਂ ਆਦਮਪੁਰ ਹਵਾਈ ਅੱਡੇ ਨੂੰ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਖੋਲ੍ਹਿਆ ਗਿਆ ਸੀ। ਪੀਐੱਮ ਮੋਦੀ ਨੇ ਭਾਰਤ ਵਿੱਚ ਕਈ ਹਵਾਈ ਅੱਡਿਆਂ ਦਾ ਉਦਘਾਟਨ ਕੀਤਾ ਸੀ ਜਿਸ ਵਿੱਚ ਆਦਮਪੁਰ ਏਅਰਪੋਰਟ ਵੀ ਸ਼ਾਮਿਲ ਸੀ। ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਇਸ ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੂੰ ਜਲੰਧਰ ਵਾਸੀਆਂ ਦੀ ਸਹੂਲਤ ਲਈ ਇਕ ਪੱਤਰ ਵੀ ਸੌਂਪਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਇਹ ਵੀ ਮੰਗ ਕੀਤੀ ਸੀ ਕਿ ਉਕਤ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ’ਤੇ ਰੱਖਿਆ ਜਾਵੇ।