Headlines

20 ਅਪ੍ਰੈਲ ਨੂੰ ਸਰੀ ਦੇ ਸਲਾਨਾ ਨਗਰ ਕੀਰਤਨ ਵਿਚ ਕੇਸਰੀ ਦਸਤਾਰਾਂ ਤੇ ਦੁਪੱਟੇ ਸਜਾਕੇ ਸ਼ਾਮਿਲ ਹੋਣ ਦੀ ਅਪੀਲ

ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਪ੍ਰੈਸ ਕਲੱਬ ਨਾਲ ਵਿਸ਼ੇਸ਼ ਮਿਲਣੀ-ਸੰਸਥਾਵਾਂ ਦੀਆਂ ਸਟੇਜਾਂ ਤੋਂ ਗਿੱਧੇ ਭੰਗੜੇ ਦੀ ਪੇਸ਼ਕਾਰੀ ਤੋਂ ਮਨਾਹੀ-

ਸੰਗਤਾਂ ਲਈ ਮੁਫਤ ਟਰਾਂਜਿਟ ਸੇਵਾ ਦਾ ਪ੍ਰਬੰਧ-

ਸਰੀ ( ਦੇ ਪ੍ਰ ਬਿ)- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਰੀ ਦਾ ਸਲਾਨਾ ਨਗਰ ਕੀਰਤਨ ਇਸ ਵਾਰ 20 ਅਪ੍ਰੈਲ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਦਸਮੇਸ਼ ਦਰਬਾਰ  ਸਰੀ ਅਤੇ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਵਲੋਂ ਪੰਜਾਬੀ ਪ੍ਰੈਸ ਕਲੱਬ ਨਾਲ ਇਕ ਪ੍ਰੈਸ ਮਿਲਣੀ ਦੌਰਾਨ ਨਗਰ ਕੀਰਤਨ ਦੀ ਸਫਲਤਾ ਲਈ ਕੀਤੇ ਜਾ ਰਹੇ ਪ੍ਰਬੰਧਾਂ ਅਤੇ ਸੰਗਤਾਂ ਲਈ ਕੁਝ ਜ਼ਰੂਰੀ ਬੇਨਤੀਆਂ ਦੀ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਇਸ ਇਤਿਹਾਸਕ ਦਿਹਾੜੇ ਉਪਰ ਕੇਸਰੀ ਦਸਤਾਰਾਂ ਤੇ ਕੇਸਰੀ ਦਪੁੱਟੇ ਲੈਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ 20 ਅਪ੍ਰੈਲ ਨੂੰ ਸਵੇਰੇ 7.30 ਵਜੇ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਨਗਰ ਕੀਰਤਨ ਦੀ ਆਰੰਭਤਾ ਲਈ ਅਰਦਾਸ ਹੋਵੇਗੀ। ਇਸ ਮੌਕੇ ਮੂਲ ਨਿਵਾਸੀਆਂ ਦੇ ਇਕ ਗਰੁੱਪ ਵਲੋਂ ਆਪਣੇ ਰਿਵਾਇਤੀ ਢੰਗ ਨਾਲ ਸ਼ਮੂੁਲੀਅਤ ਕੀਤੀ ਜਾਵੇਗੀ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਠੀਕ 9 ਵਜੇ ਪਾਲਕੀ ਸਾਹਿਬ ਵਾਲਾ ਫਲੋਟ 128 ਸਟਰੀਟ ਤੇ 85 ਐਵਨਿਊ ਤੋਂ ਚਾਲੇ ਪਾਵੇਗਾ। ਨਗਰ ਕੀਰਤਨ ਵਿਚ ਲਗਪਗ 20 ਫਲੋਟ ਸ਼ਾਮਿਲ ਕੀਤੇ ਗਏ ਹਨ ਜਿਹਨਾਂ ਵਿਚ ਇਕ ਫਲੋਟ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਰੀ ਡੈਲਟਾ ਵਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਨੂੰ ਸਮਰਪਿਤ ਹੋਵੇਗਾ। ਹਰ ਸਾਲ ਦੀ ਤਰਾਂ ਨਗਰ ਕੀਰਤਨ ਦੀ ਮੁੱਖ ਸਟੇਜ 128  ਸਟਰੀਟ ਤੇ 76 ਐਵਨਿਊ ਉਪਰ ਹੀ ਲਗਾਈ ਜਾਵੇਗੀ ਜਿਥੇ ਰਾਗੀ ਢਾਡੀ ਜਥਿਆਂ ਤੋਂ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦੇਣਗੀਆਂ ਤੇ ਪ੍ਰਬੰਧਕਾਂ ਵਲੋ ਸ਼ਹੀਦ ਪਰਿਵਾਰਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਨਗਰ ਕੀਰਤਨ ਦੌਰਾਨ ਖਾਣ ਪੀਣ ਦੇ ਸਟਾਲਾਂ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਾਲ ਲੱਖਾਂ ਦੀ ਗਿਣਤੀ ਵਿਚ ਪੁੱਜਣ ਵਾਲੀ ਸੰਗਤ  ਦੀਆਂ ਗੱਡੀਆਂ ਦੀ ਪਾਰਕਿੰਗ ਦੇ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਹਨਾਂ ਹੋਰ ਦੱਸਿਆ ਕਿ ਟਰਾਂਜਿਟ ਵਿਭਾਗ ਵਲੋਂ ਇਸ ਦਿਨ ਮੁਫਤ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ। ਸਵੇਰੇ 6 ਤੋਂ 9 ਵਜੇ ਤੱਕ ਅਤੇ ਸਾਮ ਨੂੰ 6 ਤੋਂ 9 ਵਜੇ ਤੱਕ ਟਰਾਂਜਿਟ ਸੇਵਾ ਸੰਗਤ ਦੀ ਸੇਵਾ ਵਿਚ ਹਾਜ਼ਰ ਰਹੇਗੀ। ਪਾਰਕਿੰਗ ਥਾਵਾਂ ਤੋਂ ਵੀ ਵਿਸ਼ੇਸ਼ ਗੱਡੀਆਂ ਨਗਰ ਕੀਰਤਨ ਦੀ ਥਾਂ ਤੇ ਸੰਗਤਾਂ ਨੂੰ ਪਹੁੰਚਾਉਣ ਲਈ ਲਗਾਈਆਂ ਜਾਣਗੀਆਂ। ਵੈਨਕੂਵਰ ਆਈਲੈਂਡ ਤੋਂ ਆਉਣ ਵਾਲੀਆਂ ਸੰਗਤਾਂ ਲਈ ਬੱਸਾਂ ਦਾ ਪ੍ਰਬੰਧ ਹੋਵੇਗਾ। ਐਬਸਫੋਰਡ ਦੇ ਗੁਰਦੁਆਰਾ ਕਲਗੀਧਰ ਦਰਬਾਰ ਅਤੇ ਗੁਰਦੁਆਰਾ ਬਾਬਾ ਬੰਦਾ ਬਹਾਦਰ ਜੀ ਤੋਂ ਵੀ ਬੱਸਾਂ ਚੱਲਣਗੀਆਂ।  ਪ੍ਰਬੰਧਕਾਂ ਨੇ ਨਗਰ ਕੀਰਤਨ ਦੌਰਾਨ ਵੱਖ ਵੱਖ ਸਟੇਜਾਂ ਤੋਂ ਗਿੱਧੇ ਭੰਗੜੇ ਦੀ ਪੇਸ਼ਕਾਰੀ ਤੋ ਮਨਾਹੀ ਕਰਦਿਆਂ ਕਿਹਾ ਕਿ ਇਹ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਿਪਤ ਹੈ, ਇਸ ਲਈ ਇਸ ਦਿਨ ਕੇਵਲ ਗੂਰੂ ਜੱਸ ਤੇ ਰੱਬੀ ਬਾਣੀ ਰਾਹੀਂ ਹੀ ਸੰਗਤਾਂ ਨੂੰ ਜੋੜਿਆ ਜਾਵੇ।

ਪ੍ਰਬੰਧਕਾਂ ਨੇ ਦੱਸਿਆ ਕਿ ਨਗਰ ਕੀਰਤਨ ਤੋਂ ਅਗਲੇ ਦਿਨ 21 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਕੀਤਾ ਜਾਵੇਗਾ ਜਿਥੋਂ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਪ੍ਰਬੰਧਕਾਂ ਜਿਹਨਾਂ ਵਿਚ ਸ ਗਿਆਨ ਸਿੰਘ ਗਿੱਲ, ਸ ਸਤਿੰਦਰਪਾਲ ਸਿੰਘ ਗਿੱਲ, ਭਾਈ ਜਸਬੀਰ ਸਿੰਘ ਸਲਾਰਪੁਰ, ਭਾਈ ਮਨਿੰਦਰ ਸਿੰਘ ਬੋਇਲ ਤੇ ਭਾਈ ਮਨਜੀਤ ਸਿੰਘ ਸ਼ਾਮਿਲ ਸਨ  ਨੇ ਨਗਰ ਕੀਰਤਨ ਦੇ ਖਰਚੇ, ਸੁਰੱਖਿਆ ਪ੍ਰਬੰਧਾਂ, ਮੈਡੀਕਲ ਸੇਵਾਵਾਂ ਤੇ ਨਗਰ ਕੀਰਤਨ ਲਈ ਕੀਤੇ ਜਾ ਰਹੇ ਹੋਰ ਪ੍ਰਬੰਧਾਂ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।