Headlines

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਵਿਸਾਖੀ ਦਿਹਾੜੇ ਤੇ ਕੀਰਤਨ ਕਰਨ ਵਾਲੇ ਬੱਚਿਆਂ ਦਾ ਸਨਮਾਨ

ਮਿਊਜਕ ਟੀਚਰ ਗਿਆਨੀ ਸ਼ੇਰ ਸਿੰਘ ਦਾ ਵਿਸ਼ੇਸ਼ ਸਨਮਾਨ-

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਾਰਾ ਦਿਨ ਕੀਰਤਨੀ ਜਥੇ ਤੇ ਢਾਡੀ ਜਥਿਆਂ ਵਲੋਂ ਸਿੱਖ ਇਤਿਹਾਸ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ ਘਰ ਵਿਖੇ ਮਿਊਜਕ ਟੀਚਰ ਗਿਆਨੀ ਸ਼ੇਰ ਸਿੰਘ ਕੋਲੋਂ ਗੁਰਬਾਣੀ ਸੰਗੀਤ ਦੀ ਸਿੱਖਿਆ ਲੈ ਰਹੇ ਬੱਚਿਆਂ ਨੇ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਤੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਸ ਸਤਨਾਮ ਸਿੰਘ ਗਿੱਲ, ਸੈਕਟਰੀ ਸੋਹਣ ਸਿੰਘ, ਰਿਕਾਰਡ ਸੈਕਟਰੀ ਬੀਬੀ ਜਸਵਿੰਦਰ ਕੌਰ, ਜਸਵਿੰਦਰ ਕੌਰ ਗਰੇਵਾਲ,ਸੋਹਣ ਸਿੰਘ ਪੰਧੇਰ, ਹਰਚੰਦ ਸਿੰਘ ਸੰਘੇੜਾ,ਜਸਪਾਲ ਕੌਰ ਗਿੱਲ ਤੇ ਅਮਨਦੀਪ ਸਿੰਘ ਵਲੋਂ ਗਿਆਨੀ ਸ਼ੇਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੀਰਤਨ ਕਰਨ ਵਾਲੇ ਬੱਚਿਆਂ ਨੂੰ ਵੀ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਗੁਰੂ ਘਰ ਵਿਖੇ ਸਵੇਰੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਵੀ ਕੀਤੀ ਗਈ। ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ ਮੱਥਾ ਟੇਕਿਆ ਤੇ ਗੁਰੂ ਜੱਸ ਦਾ ਆਨੰਦ ਮਾਣਿਆ। ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।