ਮਰਨ ਵਾਲੇ ਨੌਜਵਾਨ ਦੀ ਪਛਾਣ ਅੰਤਰਰਾਸ਼ਟਰੀ ਵਿਦਿਆਰਥੀ ਗੁਰਸਾਹਿਬ ਸਿੰਘ ਵਜੋ ਹੋਈ- ਮਹੀਨਾ ਪਹਿਲਾਂ ਹੀ ਆਇਆ ਸੀ ਕੈਨੇਡਾ-
ਸਰੀ ( ਦੇ ਪ੍ਰ ਬਿ)-ਬੀਤੇ ਸ਼ੁੱਕਰਵਾਰ ਰਾਤ ਨੂੰ ਸਰੀ ਦੀ 144 ਸਟਰੀਟ ਅਤੇ 61 ਏ ਐਵਿਨਊ ਤੇ ਹੋਏ ਇਕ ਹਾਦਸੇ ਵਿਚ ਜਖਮੀ ਹੋਏ ਪੈਦਲ ਯਾਤਰੀ ਦੀ ਹਸਪਤਾਲ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੈਦਲ ਯਾਤਰੀ 23 ਸਾਲਾ ਨੌਜਵਾਨ ਨੂੰ ਸ਼ੁੱਕਰਵਾਰ ਰਾਤ ਨੂੰ ਇਕ ਤੇਜ਼ ਰਫਤਾਰ ਮਰਸਡੀਜ਼ ਜੀਐਲਕੇ 250 ਨੇ ਟੱਕਰ ਮਾਰ ਦਿੱਤੀ ਸੀ ।
ਇੱਕ ਗੋਫੰਡਮੇ ਪੇਜ ਨੇ ਮਾਰੇ ਗਏ ਨੌਜਵਾਨ ਦੀ ਪਛਾਣ ਗੁਰਸਾਹਿਬ ਸਿੰਘ ਬਾਠ ਵਜੋਂ ਕੀਤੀ ਹੈ ਜੋਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਜੋ ਸਿਰਫ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਆਇਆ ਸੀ। ਗੋਫੰਡ ਦੇ ਆਯੋਜਕ, ਬਰੈਂਪਟਨ ਵਾਸੀ ਜਗਜੀਤ ਸਿੰਘ, ਮਾਰੇ ਗਏ ਨੌਜਵਾਨ ਦੀ ਲਾਸ਼ ਨੂੰ ਭਾਰਤ ਭੇਜਣ ਲਈ $25,000 ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਹਾਦਸੇ ਦੌਰਾਨ ਮਰਸਡੀਜ਼ ਚਲਾ ਰਹੇ ਇਕ ਮਰਦ ਅਤੇ ਔਰਤ ਨੂੰ ਰਾਤ 8:37 ਵਜੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਸਰੀ RCMP ਸਾਰਜੈਂਟ ਟੈਮੀ ਲੋਬ ਦਾ ਕਹਿਣਾ ਹੈ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਮਰਸਡੀਜ਼ ਨੇ “ਕਥਿਤ ਤੌਰ ‘ਤੇ” ਇੱਕ ਫੋਰਡ F150 ਨੂੰ ਟੱਕਰ ਮਾਰੀ ਸੀ ਜੋ ਰੈਡ ਲਾਈਟ ਤੇ ਖੜੀ ਸੀ। ਇਸ ਨਾਲ ਰੈਡ ਲਾਈਟ ਤੇ ਖੜੀ ਇੱਕ ਪੋਰਸ਼ ਅਤੇ ਹੌਂਡਾ ਸਿਵਿਕ ਨੂੰ ਵੀ ਨੁਕਸਾਨ ਪਹੁੰਚਿਆ। ਲੋਬ ਨੇ ਕਿਹਾ, “ਹੋਰ ਵਾਹਨਾਂ ਦੇ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਹੋਰ ਜਾਣਕਾਰੀ ਮੁਤਾਬਿਕ ਹਾਦਸੇ ਵਿਚ ਮਾਰਿਆ ਗਿਆ ਨੌਜਵਾਨ ਗੁਰਸਾਹਿਬ ਸਿੰਘ ਸਪੁੱਤਰ ਪਲਵਿੰਦਰ ਸਿੰਘ ਬਾਠ ਅੰਮ੍ਰਿਤਸਰ ਜਿਲੇ ਦੇ ਪਿੰਡ ਮਹੱਦੀਪੁਰ ਦਾ ਸੀ।