Headlines

ਵੈਨਕੂਵਰ ਨਿਵਾਸੀ ਡਾ ਬਲਵਿੰਦਰ ਸਿੰਘ ਢਿੱਲੋਂ ਦਾ ਦੁਖਦਾਈ ਵਿਛੋੜਾ

ਜੇ ਮਿਨਹਾਸ ਵਲੋਂ ਡਾ ਢਿੱਲੋਂ ਦੇ ਸਦੀਵੀ ਵਿਛੋੜੇ ਤੇ ਦੁਖ ਦਾ ਪ੍ਰਗਟਾਵਾ-

ਸਰੀ-  ਵੈਨਕੂਵਰ ਨਿਵਾਸੀ  ਡਾ ਬਲਵਿੰਦਰ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। ਇਹ ਦੁਖਦਾਈ ਖਬਰ ਸਾਂਝੀ ਕਰਦਿਆਂ ਉਘੇ ਬਿਜਨੈਸਮੈਨ ਸ੍ਰੀ ਜਤਿੰਦਰ ਸਿੰਘ ਜੇ ਮਿਨਹਾਸ ਨੇ ਦੱਸਿਆ ਕਿ ਡਾ ਬਲਵਿੰਦਰ ਸਿੰਘ ਢਿੱਲੋਂ ਜਿਹਨਾਂ ਨੇ ਪੀ ਐਚ ਡੀ ਫਿਜ਼ਿਕਸ ਦੀ ਉਚ ਵਿਦਿਆ ਪ੍ਰਾਪਤ ਕੀਤੀ, ਖੋਜੀ ਬਿਰਤੀ ਵਾਲੇ ਇਕ ਨੇਕ ਇਨਸਾਨ ਸਨ ਜਿਹਨਾਂ ਦੇ ਦਿਲ ਵਿਚ ਪੰਜਾਬ ਦੀ ਮਿੱਟੀ ਨਾਲ ਅੰਤਾਂ ਦਾ ਪਿਆਰ ਸੀ। ਆਪਣੇ ਇਸ ਪਿਆਰ ਸਦਕਾ ਉਹ  ਪਿਛਲੇ ਕਈ ਸਾਲਾਂ ਤੋਂ  ਇੱਕ ਵਿਲੱਖਣ ਖੋਜ ਕਾਰਜ ਵਿਚ ਲੱਗੇ ਹੋਏ ਸਨ। ਆਪਣੇ ਕੋਲੋਂ ਵੱਡੀ ਰਕਮ ਖਰਚ ਕਰਕੇ ਅਤੇ ਵੱਡੇ ਜ਼ੋਖਮ ਉਠਾਉਂਦਿਆਂ ਉਹ ਪੰਜਾਬ ਤੋਂ ਮਿੱਟੀ ਦੇ ਨਮੂਨੇ ਲੈ ਕੇ ਕੈਨੇਡਾ ਆਏ ਸੀ ਤਾਂ ਜੋ ਖਾਦਾਂ, ਕੀਟਨਾਸ਼ਕਾਂ ਤੇ ਹੋਰ ਜ਼ਹਿਰਾਂ ਕਾਰਣ ਰੋਗੀ ਹੋ ਚੁੱਕੀ ਪੰਜਾਬ ਦੀ ਮਿੱਟੀ ਵਿਚ ਮਿਲੇ ਕੈਮੀਕਲਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਉਹਨਾਂ ਨੇ ਆਪਣੇ ਖੋਜ ਕਾਰਜ ਨੂੰ ਅੱਗੇ ਵਧਾਉਣ ਲਈ ਕੈਨੇਡਾ ਆ ਕੇ ਕਈ ਯੂਨੀਵਰਸਿਟੀਆਂ ਨਾਲ ਸੰਪਰਕ ਕੀਤਾ। ਉਹ ਆਪਣੇ ਖੋਜ ਕਾਰਜ ਨੂੰ ਸਮਰਪਿਤ ਸਨ ਕਿ ਪਿਛਲੇ ਦਿਨੀਂ ਅਚਾਨਕ ਇਕ ਕਿਸ਼ਤੀ ਹਾਦਸੇ ਦੌਰਾਨ ਉਹਨਾਂ ਦੀ ਕੀਮਤੀ ਜਾਨ ਚਲੀ ਗਈ ਹੈ। ਸ੍ਰੀ ਜੇ ਮਿਨਹਾਸ ਨੇ ਡਾ ਢਿੱਲੋਂ ਦੇ ਖੋਜ ਕਾਰਜ ਦੇ ਅਧੂਰਾ ਰਹਿਣ ਤੇ ਉਹਨਾਂ ਦੇ ਇਸ ਤਰਾਂ ਅਚਾਨਕ ਸਦੀਵੀ ਵਿਛੋੜੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।