Headlines

ਵਾਈਟਰੌਕ ਬੀਚ ਤੇ ਛੁਰਾ ਮਾਰਕੇ ਪੰਜਾਬੀ ਨੌਜਵਾਨ ਦਾ ਕਤਲ

ਇਕ ਹੋਰ ਘਟਨਾ ਵਿਚ ਇਕ ਗੰਭੀਰ ਜ਼ਖਮੀ- ਪੁਲਿਸ ਨੂੰ ਅਣਪਛਾਤੇ ਹਮਲਾਵਰ ਦੀ ਭਾਲ-

ਸਰੀ ( ਸੰਦੀਪ ਧੰਜੂ )- ਵਾਈਟ ਰੌਕ ਵਿੱਚ  ਉਤੋੜਿੱਤੀ ਵਾਪਰੀਆਂ ਦੋ ਘਟਨਾਵਾਂ ਵਿਚ ਦੋ ਪੰਜਾਬੀ ਨੌਜਵਾਨਾਂ ਨੂੰ ਛੁਰੇਬਾਜ਼ੀ ਦਾ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਵਿਚ ਇਕ ਨੌਜਵਾਨ ਦੀ ਦੁਖਦਾਈ ਮੌਤ ਹੋ ਗਈ ਹੈ ਜਦੋਂਕਿ ਦੂਸਰਾ ਨੌਜਵਾਨ ਹਸਪਤਾਲ ਵਿਚ ਜਿੰਦਗੀ -ਮੌਤ ਦੀ ਲੜਾਈ ਲੜ ਰਿਹਾ ਹੈ। ਬੀਤੀ 23 ਅਪ੍ਰੈਲ ਮੰਗਲਵਾਰ ਦੀ ਰਾਤ ਨੂੰ ਇਕ ਅਣਪਛਾਤੇ ਹਮਲਾਵਰ ਵਲੋਂ ਵਾਈਟਰੌਕ ਬੀਚ ਦੇ ਇਕ ਬੈਂਚ ਉਪਰ ਬੈਠੇ ਨੌਜਵਾਨ ਉਪਰ ਚਾਕੂ ਨਾਲ ਹਮਲਾ ਕੀਤਾ। ਹਮਲਾ ਇਤਨਾ ਘਾਤਕ ਸੀ ਕਿ ਉਸਦੀ ਜਾਨ ਨਾ ਬਚਾਈ ਜਾ ਸਕੀ। ਇਸਤੋਂ ਪਹਿਲਾਂ 21 ਅਪ੍ਰੈਲ ਨੂੰ ਐਤਵਾਰ ਦੀ ਰਾਤ ਨੂੰ ਵੀ ਅਣਪਛਾਤੇ ਹਮਲਾਵਰ ਵਲੋਂ ਕੀਤੇ ਗਏ ਹਮਲੇ ਵਿਚ ਜ਼ਖਮੀ ਨੌਜਵਾਨ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖਲ ਹੈ।

23 ਅਪ੍ਰੈਲ ਨੂੰ ਹਮਲੇ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਭਾਵੇਂਕਿ ਪੁਲਿਸ ਨੇ ਅਜੇ ਜਾਰੀ ਨਹੀ ਕੀਤੀ ਪਰ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਮਾਰੇ ਗਏ ਨੌਜਵਾਨ ਦੀ ਪਛਾਣ 28 ਸਾਲਾ ਕੁਲਵਿੰਦਰ ਸਿੰਘ ਸੋਹੀ ਦੱਸੀ ਗਈ ਹੈ। ਉਹ ਪੰਜਾਬ ਦੇ ਜਿਲਾ ਸੰਗਰੂਰ ਦੇ ਪਿੰਡ ਤੋਲੇਵਾਲ ਨਾਲ ਸਬੰਧਿਤ ਸੀ। ਇਥੇ ਉਹ ਪਲੰਬਿੰਗ ਦਾ ਕੰਮ ਕਰਦਾ ਸੀ। ਪੁਲਿਸ ਵਲੋਂ ਜਾਰੀ ਸੂਚਨਾ ਮੁਤਾਬਿਕ ਉਹਨਾਂ ਨੂੰ 23 ਅਪ੍ਰੈਲ ਨੂੰ ਰਾਤ 9:30 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੈਰੀਨ ਡਰਾਈਵ ਦੇ 15400-ਬਲਾਕ ਵਿੱਚ ਛੁਰੇਬਾਜ਼ੀ ਕਾਰਣ ਇਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਮਿਲੀ। ਮੌਕੇ ਤੇ ਪੁਲਿਸ ਦੀ ਟੀਮ ਪੁੱਜੀ ਪਰ ਮੁੱਢਲੀ ਸਹਾਇਤਾ ਦੇਣ ਦੇ ਬਾਵਜੂਦ ਜ਼ਖਮੀ ਦੀ ਜਾਨ ਨਹੀ ਬਚਾਈ ਜਾ  ਸਕੀ। ਪੁਲਿਸ ਨੂੰ  ਸ਼ੱਕੀ ਹਮਲਾਵਰ ਦੀ ਤਲਾਸ਼ ਹੈ ਜਿਸ ਬਾਰੇ ਕਿਹਾ ਗਿਆ ਹੈ ਕਿ ਉਹ 5 ਫੁੱਟ 11 ਇੰਚ ਲੰਬਾ ਕਾਲਾ ਵਿਅਕਤੀ ਹੈ, ਜਿਸ ਨੇ ਟੋਪੀ ਅਤੇ ਸਲੇਟੀ ਰੰਗ ਦੀ ਹੂਡੀ ਪਾਈ ਹੋਈ ਹੈ। ਉਹ ਆਖਰੀ ਵਾਰ ਮਰੀਨ ਡਰਾਈਵ ਦੇ ਉੱਤਰ ਵੱਲ ਭੱਜਦਾ ਦੇਖਿਆ ਗਿਆ।

ਇਸਤੋਂ ਪਹਿਲਾਂ ਵਾਈਟਰੌਕ ਉਪਰ 21 ਅਪ੍ਰੈਲ ਐਤਵਾਰ ਨੂੰ ਛੁਰੇਬਾਜੀ ਦੀ ਵਾਪਰੀ ਘਟਨਾ ਵਿਚ ਜਖਮੀ ਹੋਣ ਵਾਲੇ ਨੌਜਵਾਨ ਦੀ ਪਛਾਣ 28 ਸਾਲ ਜਤਿੰਦਰ ਸਿੰਘ ਵਜੋਂ ਦੱਸੀ ਗਈ ਹੈ। ਸੋਸ਼ਲ ਮੀਡੀਆ ਉਪਰ ਜਤਿੰਦਰ ਸਿੰਘ ਦੀ ਸਹਾਇਤਾ ਲਈ ਗੋਫੰਡ ਮੁਹਿੰਮ ਸ਼ੁਰੂ ਕਰਦਿਆਂ ਦੱਸਿਆ ਗਿਆ ਹੈ ਕਿ ਉਸਨੂੰ  ਐਤਵਾਰ ਰਾਤ ਨੂੰ ਵਾਈਟ ਰੌਕ ਬੀਚ ਨੇੜੇ  ਬੈਂਚ ‘ਤੇ ਬੈਠੇ ਹੋਏ ਨੂੰ ਚਾਕੂ ਮਾਰਿਆ ਗਿਆ ਸੀ।
ਫੰਡਰੇਜ਼ਰ ਦੇ ਆਯੋਜਕ, ਬਿਕਰਮ ਸੰਧੂ ਦਾ ਕਹਿਣਾ ਹੈ ਕਿ  ਕਿ ਜਤਿੰਦਰ ਨੂੰ ਹਸਪਤਾਲ ਤੋਂ ਘਰ ਵਾਪਸ ਛੁੱਟੀ ਮਿਲ ਗਈ ਹੈ ਪਰ ਉਸਦੇ ਜ਼ਖਮ ਬਹੁਤ ਗੰਭੀਰ ਹਨ, ਜਿਸ ਨੂੰ ਠੀਕ ਹੋਣ ਲਈ ਸਮਾਂ ਲੱਗੇਗਾ। ਜਤਿੰਦਰ ਕੋਲ ਮੈਡੀਕਲ ਕਵਰੇਜ ਨਹੀਂ ਹੈ ਅਤੇ ਉਹ ਹਸਪਤਾਲ ਦੇ ਵੱਡੇ ਬਿੱਲ ਨੂੰ ਲੈ ਕੇ ਚਿੰਤਤ ਹੈ।
ਸੰਧੂ ਨੇ ਜਤਿੰਦਰ ਦੇ ਮੈਡੀਕਲ ਖਰਚੇ ਅਤੇ ਹੋਰ ਬਿਲਾਂ ਦੀ ਅਦਾਇਗੀ ਲਈ 20,000 ਡਾਲਰ ਫੰਡਰੇਜ਼ਿੰਗ ਟੀਚਾ ਮਿਥਿਆ ਹੈ ਜਿਸ ਵਿਚੋਂ  3,700 ਡਾਲਰ  ਇਕੱਠੇ ਹੋ ਚੁੱਕੇ ਹਨ।
ਸਰੀ-ਵਾਈਟ ਰੌਕ ਦੇ ਵਿਧਾਇਕ ਟ੍ਰੇਵਰ ਹੈਲਫੋਰਡ ਨੇ ਹਮਲੇ ਵਿਚ ਜਖਮੀ ਨੌਜਵਾਨ ਵਲੋਂ ਖੁਦ ਮੈਡੀਕਲ ਖਰਚਾ ਉਠਾਏ ਜਾਣ ਤੇ ਹੈਰਾਨੀ ਪ੍ਰਗਟ ਕੀਤੀ ਹੈ ਤੇ ਪ੍ਰੀਮੀਅਰ ਨੂੰ ਪੀੜਤ ਦੀ ਸਹਾਇਤਾ ਦੀ ਅਪੀਲ ਕੀਤੀ ਹੈ।

ਆਰ ਸੀ ਐਮ ਪੀ ਦੇ ਅਧਿਕਾਰੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ।-ਤਸਵੀਰ-ਸੁਖਵੰਤ ਢਿੱਲੋਂ।