Headlines

ਟੋਰਾਂਟੋ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ

ਟੋਰਾਂਟੋ ( ਕੰਵਲ, ਬਾਰੀਆ)–ਬੀਤੇ ਦਿਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਟੋਰਾਂਟੋ ‘ਚ ਵਿਸ਼ਾਲ ਨਗਰ ਕੀਰਤ ਸਜਾਏ ਗਏ। ਇਸ ਨਗਰ ਕੀਰਤਨ ਦੌਰਾਨ ਜਿਥੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਉਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਰੋਧੀ ਧਿਰ ਕੰਸਰਵੇਟਿਵ ਦੇ ਆਗੂ ਪੀਅਰ ਪੋਲੀਵਰ, ਐਨ ਡੀ ਪੀ ਆਗੂ ਜਗਮੀਤ ਸਿੰਘ ਤੇ ਹੋਰ ਕਈ ਸਿਆਸੀ ਤੇ ਸਮਾਜਿਕ ਸਖਸੀਅਤਾਂ ਨੇ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਨਗਰ ਕੀਰਤਨ ਦੌਰਾਨ ਭਾਵੇਂ ਸਵੇਰ ਤੋਂ ਸ਼ੂਰੂ ਹੋਈ ਮੀਂਹ ਦੀ ਕਿਣ-ਮਿਣ ਦੁਪਹਿਰ ਤੱਕ ਜਾਰੀ ਰਹੀ ਪਰ ਸੰਗਤਾਂ ਹੁੰਮ-ਹੁਮਾ ਕੇ ਪੁੱਜੀਆਂ ਅਤੇ ਸਿਟੀ ਹਾਲ ਦੇ ਬਾਹਰ ਦੀਵਾਨ ਲਗਾਏ ਗਏ। ਬਾਦ ਦੁਪਹਿਰ  ਸਾਢੇ ਤਿੰਨ ਵਜੇ ਦੇ ਕਰੀਬ ਨਗਰ ਕੀਰਤਨ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਸਿਟੀ ਹਾਲ ਦੇ ਵਿਹੜੇ ‘ਚ ਪੁੱਜਾ ਤਾਂ ਸੰਗਤਾਂ ਨੇ ਲਗਾਤਾਰ ਬੋਲੇ ਸੌ ਨਿਹਾਲ ਦੇ ਜੈਕਾਰੇ ਗਜਾ ਕਿ ਨਗਰ ਕੀਰਤਨ ਦਾ ਸਵਾਗਤ ਕੀਤਾ ।
ਸਿੱਖ ਮੋਟਰਸਾਈਕਲ ਕਲੱਬ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਮੋਟਰਸਾਈਕਲ ਰਾਈਡ ਕੱਢੀ ਗਈ ਅਤੇ ਨੌਜਵਾਨਾਂ ਨੂੰ ਦਸਤਾਰ ਸਿਖਲਾਈ ਵੀ ਦਿੱਤੀ ।
ਨਗਰ ਕੀਰਤਨ ਦੇ ਪੁੱਜਣ ਤੋਂ ਬਾਅਦ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ  ਵਧਾਈ ਦੇਣ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ , ਮੇਅਰ ਇਲੀਵੀਆ ਚਾਓ, ਐਨ. ਡੀ.ਪੀ.ਆਗੂ ਜਗਮੀਤ ਸਿੰਘ,  ਕੰਸਰਵੇਟਿਵ ਆਗੂ ਪੀਅਰ ਪੋਲੀਵੀਅਰ , ਸਿੱਖ ਭਾਈਚਾਰੇ ਤੋਂ ਸਾਰੇ ਮੈਂਬਰ ਪਾਰਲੀਮੈਂਟ,  ਸੂਬਾ ਪਾਰਲੀਮੈਂਟ ਮੈਂਬਰਾਂ ਨੇ ਹਾਜ਼ਰੀ ਲਗਵਾਈ।
ਹਰ ਸਾਲ ਦੀ ਤਰਾਂ ਇਸ ਸਾਲ ਵੀ ਸਟੇਜ ਦੇ ਸਾਹਮਣੇ ਸੰਗਤਾਂ ਵੱਲੋਂ “ਖਾਲਿਸਤਾਨ ” ਦੇ ਝੰਡੇ ਲਹਿਰਾਏ ਗਏ ਅਤੇ “ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਦੇ ਰਹੇ ।
ਟੋਰਾਂਟੇ ਸਿਟੀ ਹਾਲ ਦੀ ਅੰਡਰਗਰਾਉੰਡ ਪਾਰਕਿੰਗ ਦੀਆਂ ਪੇਮੈਂਟ ਮਸ਼ੀਨਾਂ ਖਰਾਬ ਹੋਣ ਕਾਰਨ ਇਸ ਵਾਰ ਵੀ ਸੰਗਤਾਂ ਨੂੰ ਘੰਟਿਆਂ ਬੱਧੀ ਖੱਜਲ ਖੁਆਰੀ ਹੋਈ।