Headlines

ਭਾਜਪਾ ਉਮੀਦਵਾਰ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਦੀ ਮੌਤ

ਪਟਿਆਲਾ, 4 ਮਈ (ਪਰਮਜੀਤ ਸਿੰਘ ਪਰਵਾਨਾ) ਅੱਜ ਪਟਿਆਲਾ ਲੋਕ ਸਭਾ ਹਲਕੇ ਦੇ ਪਿੰਡ ਸਿਹਰਾ (ਰਾਜਪੁਰਾ) ਵਿੱਚ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਇੱਕ ਕਿਸਾਨ ਦੀ ਮੌਤ ਹੋ ਗਈ। 45 ਸਾਲਾ ਸੁਰਿੰਦਰਪਾਲ ਸਿੰਘ ਪ੍ਰਦਰਸ਼ਨ ਦੌਰਾਨ  ਜ਼ਮੀਨ ‘ਤੇ ਡਿੱਗ ਗਿਆ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਰਿੰਦਰਪਾਲ ਪਿੰਡ ਆਕੜੀ ਦਾ ਰਹਿਣ ਵਾਲਾ ਸੀ। ਉਸ ਦੀ ਲਾਸ਼ ਨੂੰ ਸਿਵਲ ਲਾਈਨ ਹਸਪਤਾਲ ਰਾਜਪੁਰਾ ਵਿਖੇ ਰਖਵਾਇਆ ਗਿਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਨੀਤ ਕੌਰ ਦੇ ਗੰਨਮੈਨ ਨੇ ਕਿਸਾਨਾਂ ਦੀ ਕੁੱਟਮਾਰ ਕੀਤੀ। ਕਿਸਾਨਾਂ ਨੇ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਪ੍ਰਨੀਤ ਕੌਰ ਦੇ ਗੰਨਮੈਨ ਖ਼ਿਲਾਫ਼ ਕਾਰਵਾਈ ਦੀ ਮੰਗ ’ਤੇ ਅੜੇ ਹੋਏ ਹਨ। ਇਸ ਘਟਨਾ ਤੋਂ ਬਾਅਦ ਭਾਜਪਾ ਉਮੀਦਵਾਰ ਦੀ ਟੀਮ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਪ੍ਰਨੀਤ ਦੀ ਕਾਰ ਨੂੰ ਰੋਕਿਆ ਗਿਆ ਹੈ। ਕਿਸਾਨ ਉਨ੍ਹਾਂ ਦੇ ਸਾਹਮਣੇ ਖੜ੍ਹੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਜਿਸ ਵਿੱਚ ਕਿਸਾਨ ਸੁਰਿੰਦਰਪਾਲ ਵੀ ਨਜ਼ਰ ਆ ਰਿਹਾ ਹੈ। ਉਹ ਵਿਰੋਧ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਏ। ਇਸ ਦੌਰਾਨ ਪੁਲੀਸ ਉਨ੍ਹਾਂ ਨੂੰ ਕਾਰ ਨਾ ਰੋਕਣ ਲਈ ਕਹਿੰਦੀ ਰਹੀ। ਇਸ ਦੌਰਾਨ ਅਚਾਨਕ ਸੁਰਿੰਦਰਪਾਲ ਜ਼ਮੀਨ ‘ਤੇ ਡਿੱਗ ਗਿਆ ਅਤੇ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਿਸਾਨ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਸੀਟ ਦੇ ਉਮੀਦਵਾਰ ਐਨ ਕੇ ਸ਼ਰਮਾ ਅਤੇ ਕਾਂਗਰਸ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਕਿਸਾਨ ਜਥੇਬੰਦੀਆਂ ਨਾਲ ਮੁਲਾਕਾਤ ਕੀਤੀ। ਐਨ ਕੇ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਰਾਸ਼ਟਰੀ ਪਾਰਟੀਆਂ ਕਿਸਾਨਾਂ ਦੀਆਂ ਵਿਰੋਧੀ ਬਣ ਰਹੀਆਂ ਹਨ। ਕਿਸਾਨ ਭਾਜਪਾ ਆਗੂਆਂ ਖਿਲਾਫ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ ਪਰ ਇੱਥੇ ਵੀ ਇਨ੍ਹਾਂ ਕਿਸਾਨਾਂ ‘ਤੇ ਅੱਤਿਆਚਾਰ ਹੋ ਰਹੇ ਹਨ। ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਲਗਾਤਾਰ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗੁਆ ਰਹੇ ਹਨ ਪਰ ਕੌਮੀ ਪਾਰਟੀਆਂ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਨੀਤ ਕੌਰ ਦੇ ਰੋਡ ਸ਼ੋਅ ਦਾ ਵਿਰੋਧ ਕਰਦਿਆਂ ਇੱਕ ਕਿਸਾਨ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ ਜਿਸਦੀ ਬਾਅਦ ਵਿੱਚ ਮੌਤ ਹੋ ਗਈ। ਇਹ ਕਹਿਣਾ ਗ਼ਲਤ ਹੈ ਕਿ ਉਸਦੀ ਮੌਤ ਪੁਲਿਸ ਜ਼ਿਆਦਤੀ ਕਾਰਨ ਹੋਈ ਹੈ। ਕੁਝ ਲੋਕ ਇਸ ਮੌਤ ‘ਤੇ ਸਿਆਸਤ ਕਰ ਰਹੇ ਹਨ।