Headlines

ਭਾਈ ਨਿੱਝਰ ਦੇ ਕਥਿਤ ਕਾਤਲਾਂ ਦੀ ਸਰੀ ਅਦਾਲਤ ਵਿਚ ਪੇਸ਼ੀ ਕੱਲ

ਸਰੀ ( ਦੇ ਪ੍ਰ ਬਿ)-  ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਸ਼ੱਕੀ ਦੋਸ਼ੀਆਂ ਨੂੰ 7 ਮਈ , ਮੰਗਲਵਾਰ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਇਹ ਪੇਸ਼ੀ ਸੋਮਵਾਰ ਦੱਸੀ ਗਈ ਸੀ।

ਨਿੱਝਰ ਕਤਲ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਤਿੰਨ ਭਾਰਤੀ ਨਾਗਰਿਕਾਂ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਫਸਟ-ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਡਮਿੰਟਨ ਤੋਂ 3 ਮਈ ਸ਼ੁਕਰਵਾਰ ਨੂੰ ਫੜੇ ਗਏ ਤਿੰਨਾਂ ਸ਼ੱਕੀਆਂ ਉਪਰ ਦੋਸ਼ ਹਨ ਕਿ ਉਹਨਾਂ ਨੇ ਪਿਛਲੇ ਸਾਲ 1 ਮਈ ਤੋਂ 18 ਜੂਨ ਤੱਕ ਨਿੱਝਰ ਨੂੰ ਮਾਰਨ ਲਈ ਸਰੀ ਅਤੇ ਐਡਮਿੰਟਨ ਵਿੱਚ ਸਾਜ਼ਿਸ਼ ਰਚੀ ਸੀ ਤੇ ਫਿਰ ਇਸ ਸਾਜਿਸ਼ ਨੂੰ ਸਰੀ ਵਿਚ ਨੇਪਰੇ ਚਾੜਿਆ। ਇਸ ਕਤਲ ਦੀ ਸਾਜਿਸ਼ ਤੇ ਕਤਲ ਕੇਸ ਵਿਚ ਫੜੇ ਗਏ ਦੋਸ਼ੀਆਂ ਦਾ ਖੁਲਾਸਾ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਕਤਲ ਪਿਛਲੇ ਉਦੇਸ਼ ਬਾਰੇ ਅਜੇ ਜਾਂਚ ਜਾਰੀ ਹੈ। ਜਦੋਂਕਿ ਕੈਨੇਡਾ ਪਹਿਲਾਂ ਹੀ ਇਹ ਦੋਸ਼ ਲਗਾ ਚੁੱਕਾ ਹੈ ਕਿ ਕਤਲ ਵਿਚ ਭਾਰਤੀ ਏਜੰਟਾਂ ਦਾ ਹੱਥ ਹੈ।

ਭਾਰਤ ਨੇ ਵਾਰ-ਵਾਰ ਨਿੱਝਰ ਦੀ ਮੌਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ ਤੇ ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰੀ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੈਨੇਡਾ ਆਪਣੇ ਮੁਲਕ ਵਿਚ ਅਪਰਾਧੀਆਂ ਦਾ ਸਵਾਗਤ ਕਰਦਾ ਹੈ।

ਗ੍ਰਿਫਤਾਰੀਆਂ ਦੇ ਜਵਾਬ ਵਿੱਚ ਬੋਲਦਿਆਂ, ਸੁਬਰਾਮਨੀਅਮ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ, ਭਾਰਤ ਵਿਚ ਕੱਟੜ ਅਪਰਾਧੀਆਂ  ਅਤੇ  ਪੰਜਾਬ ਤੋਂ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਆਪਣੇ ਮੁਲਕ ਵਿਚ ਆਉਣ ਅਤੇ ਰਹਿਣ ਦੀ ਇਜਾਜਤ ਦੇ ਰਿਹਾ ਹੈ ਜਿਸਦੇ ਨਤੀਜੇ ਸਾਹਮਣੇ ਹਨ।

ਇਸੇ ਦੌਰਾਨ ਗੁਰੂ ਨਾਨਕ ਗੁਰਦੁਆਰਾ ਕਮੇਟੀ ਸਰੀ ਨੇ ਸਿੱਖ ਸੰਗਤਾਂ ਨੂੰ ਕੱਲ ਕਾਤਲਾਂ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਸਰੀ ਅਦਾਲਤ 14340-57 ਐਵਨਿਊ ਦੇ ਬਾਹਰ ਸਵੇਰੇ 7.30 ਵਜੇ  ਇਕੱਤਰ ਹੋਣ ਦਾ ਸੱਦਾ ਦਿੱਤਾ ਹੈ।