Headlines

ਸ਼ਬਦ-ਚਿਤਰ: ਗੂੜ੍ਹੀ ਲਿਖਤ ਵਾਲਾ ਵਰਕਾ ਮੋਹਨਜੀਤ

-ਡਾ. ਲਖਵਿੰਦਰ ਸਿੰਘ ਜੌਹਲ—-

ਡਾ. ਮੋਹਨਜੀਤ ਪੰਜਾਬੀ ਕਵਿਤਾ ਦੇ ਇਤਿਹਾਸ ਦਾ ਬੇਹੱਦ ‘ਗੂੜ੍ਹੀ ਲਿਖਤ ਵਾਲਾ ਵਰਕਾ’ ਹੈ। ਪੰਜਾਬੀ ਦੀ ਪ੍ਰਗਤੀਵਾਦੀ ਕਵਿਤਾ ਦੇ ਚੜ੍ਹਾਅ ਦੇ ਦਿਨਾਂ ਵਿਚ ਕਵਿਤਾ ਵਿਚ ਪ੍ਰਵੇਸ਼ ਪਾਉਣ ਵਾਲੇ ਮੋਹਨਜੀਤ ਨੇ, ਬਹੁਤ ਜਲਦੀ ਹੀ ਇਸ ਦੌਰ ਦੀ, ਉਸ ਅਤਿ-ਪ੍ਰਗਤੀਵਾਦੀ ਕਵਿਤਾ ਦੇ ਅਸਮਾਨੀ ਵਾਵਰੋਲਿਆਂ ਵਿਚ ਉੱਡਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੇ ਰਵਾਇਤੀ ਪ੍ਰਗਤੀਵਾਦੀ ਕਵਿਤਾ ਨੂੰ ਇਕ ਨਵਾਂ ਮੁਹਾਵਰਾ ਪ੍ਰਦਾਨ ਕੀਤਾ।
ਉਸਦਾ ਸਾਹਿਤਕ ਸਫ਼ਰ ਗਰਮ  ਦਿਨਾਂ ਦੇ ਚੋਣਵੇਂ ਕਵੀਆਂ ਦੀਆਂ ਕਵਿਤਾਵਾਂ ਦੀ ਸੰਪਾਦਿਤ ਪੁਸਤਕ “ਆਰੰਭ” ਤੋਂ ਸ਼ੁਰੂ ਹੋਇਆ।
ਫੇਰ ਇਹ ਸਫ਼ਰ ਵੱਖ-ਵੱਖ ਪੜਾਵਾਂ ਵਿਚੀਂ ਗੁਜ਼ਰਦਾ ਹੋਇਆ “ਸਹਿਕਦਾ ਸ਼ਹਿਰ” ਤੋੰ ‘ਕੋਣੇ ਦਾ ਸੂਰਜ’ ਤੱਕ ਪਹੁੰਚਿਆ ਸੀ। ਜਿਸ ਨੇ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਤੱਕ ਪਹੁੰਚਾ ਦਿੱਤਾ। ਪੁਰਸਕਾਰ ਦੇ ਇਸ ਪੜਾਅ ਤੱਕ ਦੇਰੀ ਨਾਲ ਪਹੁੰਚਣ ਦਾ ਮਲਾਲ ਹਮੇਸ਼ਾ ਉਸ ਦੀ ਉਦਾਸੀ ਦਾ ਸਬੱਬ ਰਿਹਾ।
ਇਥੋਂ ਤੱਕ ਪਹੁੰਚਣ ਤੋਂ ਪਹਿਲਾਂ ਉਹ ਅੱਸੀ ਬਹਾਰਾਂ ਅਤੇ ਪਤਝੜਾਂ ਹੰਢਾ ਚੁੱਕਾ ਸੀ। ਪੰਜਾਬੀ ਕਵਿਤਾ ਲਿਖਣ ਅਤੇ ਸਾਹਿਤ ਅਤੇ ਕਲਾ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਕਾਵਿਕ ਵਿਅਕਤੀ ਚਿਤਰ ਲਿਖਣ ਦੇ ਵੱਖ-ਵੱਖ ਦੌਰਾਂ ਵਿਚੀਂ ਗੁਜ਼ਰਦੇ ਮੋਹਨਜੀਤ ਨੇ, ਚਾਹੇ ਗ਼ਜ਼ਲਾਂ ਲਿਖੀਆਂ, ਖੁੱਲ੍ਹੀ ਕਵਿਤਾ ਲਿਖੀ, ਵਿਅਕਤੀ ਚਿਤਰ ਲਿਖੇ, ਚਾਹੇ ਲੰਮੀ ਕਵਿਤਾ ਲਿਖੀ, ਪਰ ਉਸ ਦੀ ਮੁੱਖ ਸੁਰ ਪ੍ਰਗੀਤਕ ਹੋਣਾ ਹੀ ਸੀ। ਉਹਦੇ ਗੀਤਾਂ ਦੀ ਰਵਾਨੀ ਞੀ ਵੱਖਰੀ ਭਾਅ ਵਾਲੀ ਹੈ, ਜਿਨ੍ਹਾਂ ਨੂੰ ਉਹ ਮੰਚ ਉੱਤੇ ਉਚਾਰਦਾ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦਾ ਸੀ।

ਆ ਨੀ ਸਖੀਏ
ਵੇਖ ਨੀ ਸਖੀਏ
ਕੌਣ ਪ੍ਰਾਹੁਣਾ ਆਇਆ
ਨਾਲੇ ਸਾਡਾ ਚਿਤ ਲੈ ਗਿਆ
ਨਾਲੇ ਲੈ ਗਿਆ ਕਾਇਆ

ਬਦਲਦੇ ਦੌਰਾਂ ਨਾਲ ਬਦਲ ਰਹੇ ਆਪਣੇ ਵਿਚਾਰਾਂ ਨੂੰ, ਉਹ ਪਰੰਪਰਾ ਦੇ ਪਰਾਂ ਨਾਲ ਬੰਨ੍ਹ ਕੇ ਉੱਚੀਆਂ ਉਡਾਰੀਆਂ ਤੱਕ ਵਿਸਥਾਰ ਲੈਂਦਾ ਸੀ। ਪਰ ਇਸ ਦੇ ਬਾਵਜੂਦ ਉਸ ਦੀ ਪਛਾਣ ਇਕ ਸੂਖ਼ਮ-ਬਗ਼ਾਵਤੀ ਵਾਲੀ ਸੀ। ਬਗ਼ਾਵਤ ਦੀ ਇਹ ਸੁਰ ਉਸ ਨੂੰ ਉਸ ਦੇ ਮੁਢਲੇ ਦੌਰ ਨੇ ਪ੍ਰਦਾਨ ਕੀਤੀ ਸੀ, ਜੋ ਹਮੇਸ਼ਾ ਉਸ ਦੇ ਨਾਲ-ਨਾਲ ਰਹੀ।

ਪਤਾ ਨਹੀਂ ਮਸੀਹੇ ਕੌਣ ਸਨ
ਯਾਰ ਕੌਣ
ਅਸੀਂ ਤਾਂ ਅੱਥਰੇ ਘੋੜੇ ਸਾਂ
ਮਸਖਰੇ ਦੀਆਂ
ਸੇਜਲ ਅੱਖਾਂ ਦੇ ਠਹਾਕੇ ਸਾਂ
ਮੱਥੇ ਦੀ ਰੁੱਸੀ ਲੀਕ ਦੇ
ਪੜੁਲ ਸਾਂ
ਜਿਸ ਦਰਿਆ ਨੂੰ
ਲੱਕੋਂ ਫੜ ਕੇ ਗਤਕਾ ਖੇਡਦੇ ਰਹੇ
ਉਸ ਦੇ ਟੁੱਟੇ ਪੁਲ ਦੇ ਖੰਭੇ ਹੇਠਾਂ
ਮੋਢਾ ਬਣ ਕੇ ਖੜ੍ਹੇ ਸਾਂ

ਉਸ ਦੀ ਜਿਸ ਕਿਤਾਬ ਉੱਤੇ 2018 ਵਿਚ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ, ਉਸ ਕਿਤਾਬ ਦੀ ਸ਼ਾਇਰੀ ਉਸ ਦੀ ਮੁਢਲੀ ਸ਼ਾਇਰੀ ਨਾਲੋਂ ਉਸ ਨੂੰ ਨਿਖੇੜਦੀ ਨਜ਼ਰ ਆਉਂਦੀ ਹੈ। ‘ਸਹਿਕਦੇ ਸ਼ਹਿਰ’ ਤੋਂ ‘ਕੋਣੇ ਦਾ ਸੂਰਜ’ ਤੱਕ ਪਹੁੰਚਦਾ ਹੋਇਆ ਮੋਹਨਜੀਤ ਆਪਣੀ ਕਵਿਤਾ ਨੂੰ ਮਨੁੱਖੀ ਮਨ ਦੀਆਂ ਰਹੱਸਮਈ ਰਮਜ਼ਾਂ ਨਾਲ ਜੋੜਦਾ ਦਿਸਦਾ ਹੈ।
ਉੜੀਸਾ ਦੇ ਕੋਣਾਰਕ ਮੰਦਰ ਦਾ ਨਿਰਮਾਣ ਕਰ ਰਹੇ ਮਜ਼ਦੂਰਾਂ ਦੀ ਮਿਹਨਤ ਅਤੇ ਮਾਨਸਿਕਤਾ ਨੂੰ ਉੜੀਆ ਸੱਭਿਆਚਾਰ ਵਿਚ ਪ੍ਰਚੱਲਿਤ ਕਥਾਵਾਂ ਦੇ ਪਿਛੋਕੜ ਨਾਲ ਓਤਪੋਤ ਕਰਕੇ ਮੋਹਨਜੀਤ ਨੇ ਇਕ ਨਵਾਂ-ਨਿਵੇਕਲਾ ਕਾਵਿ-ਭਾਵ ਸਿਰਜਣ ਦਾ ਕ੍ਰਿਸ਼ਮਾ ਕੀਤਾ ਸੀ। ਇਤਿਹਾਸਕ ਕੋਣਾਰਕ ਸੂਰਜ ਮੰਦਰ 13ਵੀਂ ਸਦੀ ਵਿਚ ਗੰਗਾ ਵੰਸ਼ ਦੇ ਰਾਜੇ ਨਰ ਸਿੰਘ ਦੇਵ ਨੇ ਬਣਵਾਇਆ ਸੀ। ਇਸ ਮੰਦਰ ਦੀ ਉਸਾਰੀ ਲਈ ਲਗਭਗ 12 ਸੌ ਇਮਾਰਤਸਾਜ਼ਾਂ, ਕਲਾਕਾਰਾਂ ਅਤੇ ਮਜ਼ਦੂਰਾਂ ਨੂੰ ਲਗਾਇਆ ਗਿਆ ਸੀ। ਕਿਹਾ ਜਾਂਦਾ ਹੈ ਕਿ ਏਨੀਆਂ ਹੀ ਦੇਵਦਾਸੀਆਂ ਨੂੰ ਇਥੇ ਬਣਾਈਆਂ ਗਈਆਂ ਮੂਰਤੀਆਂ ਦੇ ਮਾਡਲ ਬਣਨ ਲਈ ਲੱਭਿਆ ਗਿਆ ਸੀ।ਬਾਰਾਂ ਸਾਲਾਂ ਤੱਕ ਇਹ ਮੰਦਰ ਬਣਦਾ ਰਿਹਾ ਅਤੇ ਇਨ੍ਹਾਂ ਸਾਲਾਂ ਵਿਚ, ਇਥੇ ਕੰਮ ਕਰਨ ਵਾਲੇ ਕਰਮੀਆਂ ਨੂੰ, ਇਕ ਦੂਸਰੇ ਨਾਲ ਦੇਹ ਸੰਬੰਧ ਬਣਾਉਣ ਦੀ ਮਨਾਹੀ ਸੀ, ਕਿਉਂਕਿ ਅਜਿਹਾ ਕਰਨ ਨਾਲ ਮੰਦਰ ਦੀ ਪਵਿੱਤਰਤਾ ਭੰਗ ਹੋਣ ਦਾ ਖ਼ਤਰਾ ਸੀ। ਮੰਦਰ ਦੇ ਨਿਰਮਾਣ ਨਾਲ ਸੰਬੰਧਿਤ ਕਥਾ ਕਹਾਣੀਆਂ ਵਿਚ ਇਕ ਕਥਾ ‘ਚੰਦਰਭਾਗਾ’ ਅਤੇ ‘ਕਮਲ’ ਦੀ ਕਥਾ ਵੀ ਹੈ।

ਇਹ ਅੰਤ ਵੀ ਹੈ
ਅੰਤ ਤੋਂ ਪਰ੍ਹੇ ਵੀ
ਚੰਦਰਭਾਗਾ ਤੇ ਕਮਲ ਜੁਦਾ ਹੋਏ
ਅੰਤ ਤੋਂ ਪਰ੍ਹੇ ਕਲਾ ਹੈ
ਸ਼ਿਲਪ ਤੇ ਸ਼ਾਹਕਾਰ
ਜਿਨ੍ਹਾਂ ‘ਚ ਚੰਦਰਭਾਗਾ ਦੀ ਪ੍ਰਤਿਮਾ ਹੈ
ਜਦ ਤੱਕ ਕੋਣਾਰਕ ਹੈ
ਚੰਦਰਭਾਮਾ ਜਿਊਂਦੀ ਹੈ
ਸ਼ਿਲਪਾ ਜਿਊਂਦੀ ਹੈ
ਸ਼ਿਲਪੀ ਅਮਰ ਹੈ
ਵਡਭਾਗੀ ਹੈ-ਉਤਕਲ ਦੀ ਭੌਂਅ…

ਮੋਹਨਜੀਤ ਦੀ ਇਸ ਕਵਿਤਾ ਨੇ ਚੰਦਰਭਾਗਾ ਅਤੇ ਕਮਲ ਦੇ ਲੋਕਕਥਾਈ ਬਿਰਤਾਂਤ ਨੂੰ ਪੁਨਰ ਸਿਰਜਤ ਕਰਕੇ, ਸੁਹਜ ਅਤੇ ਸਾਧਨਾ ਦੇ ਸੁਮੇਲ ਰਾਹੀਂ, ਮਿਹਨਤ ਅਤੇ ਮਹਾਤਮ ਨੂੰ ਇਕਸੁਰ ਕਰਕੇ, ਕਿਰਤ ਅਤੇ ਕਿਰਤੀ ਨੂੰ ਇਕ ਦੂਸਰੇ ਵਿਚ ਅਭੇਦ ਕਰ ਦਿੱਤਾ।
ਦਿੱਲੀ ਯੂਨੀਵਰਸਿਟੀ ਦਿੱਲੀ ਦੇ ਦੇਸ਼ ਬੰਧੂ ਕਾਲਜ ਵਿਚੋਂ ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾਮੁਕਤ ਹੋਏ ਮੋਹਨਜੀਤ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿਚ 7 ਮਈ, 1938 ਨੂੰ ਹੋਇਆ ਸੀ।
ਲਗਭਗ 86 ਸਾਲ ਦੀ ਉਮਰ ਭੋਗ ਕੇ ਉਹ 20 ਅਪ੍ਰੈਲ, 2024 ਨੂੰ ਚਲਾ ਗਿਆ।
ਉਸ ਨਾਲ ਮੇਰੀ ਪਹਿਲੀ ਮੁਲਾਕਾਤ 1972 ਵਿੱਚ ਆਪਣੇ ਪਿੰਡ ਜੰਡਿਆਲਾ (ਮੰਜਕੀ) ਵਿਖੇ ਹੀ ਹੋਈ ਸੀ,ਜਿਥੇ ਅਸੀਂ ਨੌਜਵਾਨ ਸਭਾ ਵਲੋਂ ਇਕ ਕਵੀ ਦਰਬਾਰ ਕਰਵਾਇਆ ਸੀ। ਇਸ ਕਵੀ ਦਰਬਾਰ ਵਿੱਚ ਪੜ੍ਹੀਆਂ ਗਈਆਂ ਉਸਦੀਆਂ ਤਿੱਖੀਆਂ ਕਵਿਤਾਵਾਂ ਨੇ ਭਰਪੂਰ ਵਾਹਵਾ ਖੱਟੀ ਸੀ:-

ਆਹ ਲੈ ਸਾਂਭ ਆਪਣੀ
ਹਮਦਰਦੀ ਦੀ ਰਬੜ ਦੀ ਗੁੱਡੀ
ਮੈਨੂੰ ਨਹੀਂ ਚਾਹੀਦਾ
ਤੇਰੇ ਤਰਸ ਦਾ ਕੱਚ ਦਾ ਲੂੰਬੜ

…ਉਹਦੇ ਇਹ ਬੋਲ ਅਜੇ ਤੱਕ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਰਹਿੰਦੇ ਹਨ।…
…ਉਸ ਨਾਲ ਮੇਰੀ ਆਖਰੀ ਮੁਲਾਕਾਤ 3 ਮਾਰਚ 2024 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਉਹ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਵਿੱਚ ਵੋਟ ਪਾਉਣ ਲਈ ਆਇਆ ਸੀ। ਮੈਂ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਸਾਂ।ਉਹ ਮੇਰੀ ਉਮੀਦਵਾਰੀ ਦਾ ਹਮਾਇਤੀ ਨਹੀਂ ਸੀ। ਮੇਰੇ ਵਿਰੋਧੀਆਂ ਵਿੱਚ ਘਿਰਿਆ ਹੋਇਆ ਮੋਹਨਜੀਤ, ਮੈਨੂੰ ਉਸ ਉਮਾਹ ਨਾਲ ਨਾ ਮਿਲਿਆ, ਜਿਸ ਉਮਾਹ ਨਾਲ ਉਹ ਮੈਨੂੰ ਇਕ ਮਹੀਨਾ ਪਹਿਲਾਂ ਹੀ 2 ਫ਼ਰਵਰੀ 2024 ਨੂੰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਮਾਗਮ ਵੇਲੇ ਮਿਲਿਆ ਸੀ।ਇਸ ਸਮਾਗਮ ਵਿੱਚ ਉਹ ਕਲਾ ਪਰਿਸ਼ਦ ਵੱਲੋਂ ਉਸਨੂੰ ਦਿੱਤੇ ਜਾਣ ਵਾਲੇ “ਪੰਜਾਬ ਗੌਰਵ ਪੁਰਸਕਾਰ ” ਨੂੰ ਪ੍ਰਾਪਤ ਕਰਨ ਲਈ ਪਹੁੰਚਿਆ ਸੀ।ਸਭਿਆਚਾਰਕ ਮਾਮਲਿਆਂ ਦੀ ਮੰਤਰੀ ਅਨਮੋਲ ਗਗਨ ਮਾਨ ਤੋ ਇਕ ਲੱਖ ਰੁਪਏ ਦਾ ਸਰਕਾਰੀ ਸਨਮਾਨ ਪ੍ਰਾਪਤ ਕਰ ਰਿਹਾ ਮੋਹਨਜੀਤ, ਬੇਹੱਦ ਖੁਸ਼ ਸੀ। ਮੈਂ ਪੰਜਾਬ ਕਲਾ ਪਰਿਸ਼ਦ ਦਾ ਸਕੱਤਰ ਸਾਂ ਅਤੇ ਇਸ ਸਮਾਗਮ ਦਾ ਮੰਚ ਸੰਚਾਲਕ ਵੀ ਸਾਂ…
…ਪੰਜਾਬੀ ਭਵਨ ਲੁਧਿਆਣਾ ਵਿਖੇ ਵੋਟ ਪਾਉਣ ਲਈ ਜਾ ਰਿਹਾ ਹੌਲੀ ਹੌਲੀ ਤੁਰਦਾ ਮੋਹਨਜੀਤ, ਮੈਥੋਂ ਅੱਖਾਂ ਚੁਰਾ ਰਿਹਾ ਸੀ।…ਮੈਨੂੰ ਉਸਦੀ ਬਹੁਤ ਪੁਰਾਣੀ ਗ਼ਜ਼ਲ ਯਾਦ ਆ ਰਹੀ ਸੀ :-

ਕਈ ਵਾਰੀ ਤਾਂ ਇਸ ਤਰ੍ਹਾਂ
ਦੀ ਵੀ ਗੱਲ ਹੋਈ
ਪੱਥਰ ਦੀ ਇਕ ਸਿੱਲ
ਪਿਘਲ ਕੇ ਜਲ ਹੋਈ

ਕਿੱਥੇ ਜਾ ਕੇ ਆਪਣਾ
ਆਪ ਲਕੋ ਲਈਏ
ਸਾਰੀ ਧਰਤੀ ਹੀ
ਸ਼ੀਸ਼ੇ ਦਾ ਤਲ ਹੋਈ

ਮੈਂ ਆਪਣੀਆਂ ਅੱਖਾਂ ‘ਚ
ਤਕਲੇ ਖੋਭ ਲਏ
ਲਉ ਯਾਰਾਂ ਦੀ ਇਹ
ਮੁਸ਼ਕਿਲ ਵੀ ਹਲ ਹੋਈ…

…ਉਸ ਵਲੋਂ ਲਿਖੀਆਂ ਗਈਆਂ  ਹੋਰ ਕਿਤਾਬਾਂ ਵਿਚ ‘ਵਰਵਰੀਕ’, ‘ਤੁਰਦੇ ਫਿਰਦੇ ਮਸਖਰੇ’, ‘ਕੀ ਨਾਰੀ ਕੀ ਨਦੀ’, ‘ਡਾਟਾਂ ਵਾਲੇ ਬੂਹੇ’, ‘ਓਹਲੇ ਵਿਚ ਉਜਿਆਰਾ’, ‘ਗੂੜ੍ਹੀ ਲਿਖਤ ਵਾਲਾ ਵਰਕਾ’, ‘ਹਵਾ ਪਿਆਜੀ’ ਆਦਿ ਸ਼ਾਮਿਲ ਹਨ।
ਉਸ ਵਲੋਂ ਲਿਖੇ ਗਏ ਆਪਣੇ ਸਮਕਾਲੀਆਂ ਤੇ ਹੋਰ ਵੱਡੇ ਸਾਹਿਤਕਾਰਾਂ ਅਤੇ ਕਲਾਕਾਰਾਂ ਦੇ ਵਿਅਕਤੀ ਚਿੱਤਰਾਂ ਵਿਚ ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਸ਼ੇਰ ਗਿੱਲ, ਕ੍ਰਿਸ਼ਨਾ ਸੋਬਤੀ, ਦਲੀਪ ਕੌਰ ਟਿਵਾਣਾ, ਅਜੀਤ ਕੌਰ, ਸਾਰਾ ਸਗੁਫਤਾ ਅਤੇ ਬੇਗ਼ਮ ਅਖ਼ਤਰ ਵਰਗੇ ਨਾਂਅ ਪ੍ਰਮੁੱਖਤਾ ਨਾਲ ਗਿਣੇ ਜਾ ਸਕਦੇ ਹਨ। ਪ੍ਰੋ. ਮੋਹਨ ਸਿੰਘ ਬਾਰੇ ਉਸ ਨੇ ਲਿਖਿਆ ਸੀ:-

ਮੈਂ ਉਸ ਨੂੰ ਸ਼ਤਰੰਜ ਖੇਡਦੇ ਤਾਂ ਨਹੀਂ ਵੇਖਿਆ
ਪਰ ਉਹਦੀ ਕਵਿਤਾ ਵਿਚ
ਪਿਆਦਿਆਂ ਤੇ ਵਜ਼ੀਰਾਂ ਨੂੰ
ਇੱਕੋ ਸਫ਼ ਉੱਤੇ
ਤਾੜੀ ਪੀਂਦਿਆਂ ਜ਼ਰੂਰ ਤੱਕਿਆ ਹੈ

ਮੋਹਨਜੀਤ ਅਜਿਹੇ ਵਿਅਕਤੀ ਚਿਤਰ ਲਿਖਣ ਵਾਲਾ ਪਹਿਲਾ ਪੰਜਾਬੀ ਲੇਖਕ ਸੀ। ਇਨ੍ਹਾਂ ਵਿਅਕਤੀ ਚਿਤਰਾਂ ਦੀ ਕਾਵਿਕ ਸ਼ੈਲੀ, ਮੁਹਾਵਰੇਦਾਰ ਭਾਸ਼ਾ ਅਤੇ ਮੁਹੱਬਤੀ ਅੰਦਾਜ਼ ਵਿਲੱਖਣ ਝਲਕਾਰਿਆਂ ਵਾਲੇ ਹਨ।
ਉਸ ਦੀ ਕਵਿਤਾ ਉੱਤੇ ਕੇਂਦਰਿਤ ਹੋਈਏ ਤਾਂ ਇਹ ਸਮਕਾਲੀ ਕਵਿਤਾ ਦੇ ਸਮਾਨੰਤਰ ਸ਼ਾਂਤ ਵਗਦੇ ਕਾਵਿਕ ਦਰਿਆ ਵਰਗੀ ਹੈ। ਜਿਸਦੀ ਇਕ ਵਿਲੱਖਣ ਤੋਰ ਅਤੇ ਆਭਾ ਹੈ।
ਇਸ ਵਿਚ ਰਵਾਇਤੀ ਪ੍ਰਗਤੀਵਾਦੀਆਂ ਵਰਗੇ ਨਾਅਰੇ ਨਹੀਂ ਹਨ। ਰਹੱਸਵਾਦੀਆਂ ਵਰਗੀਆਂ ਗੁੰਝਲਾਂ ਨਹੀਂ ਹਨ, ਪ੍ਰੋਯਗਵਾਦੀਆਂ ਵਰਗੇ ਤਲਿਸਮ ਵੀ ਨਹੀਂ ਹਨ। ਉਸ ਦੀ ਕਵਿਤਾ ਮਨੁੱਖੀ ਮਨ ਦੀ ਕੋਮਲਤਾ ਦੇ ਕਾਵਿ ਰੂਪਾਂਤਰਣ ਹਨ:-

-ਮੈਂ ਗੁਲਾਬ ਨੂੰ ਪੁੱਛਿਆ,
‘ਤੇਰਾ ਬਚਪਨ ਕਿੱਥੇ ਹੈ’
ਕਹਿਣ ਲੱਗਾ
‘ਕੰਡਿਆਂ ਨੂੰ ਪਤਾ’

-ਮੇਰਾ ਮਨ ਚਾਹੁੰਦਾ ਹੈ
ਪੰਛੀ ਹੋਣਾ
ਪੰਛੀ ਅਜਿਹੇ ਵੀ ਹਨ
ਜੋ ਉੱਡਦੇ ਹਨ
ਪਰ
ਪਤਾ ਨਹੀਂ ਲਗਦਾ ਉੱਡਣ ਦਾ-

ਸਥੂਲ ਪ੍ਰਸਥਿਤੀਆਂ ਨਾਲ ਜੂਝ ਰਹੇ ਸੂਖਮ ਮਨਾਂ ਵਿਚ ਪਨਪਦੇ ਕਾਵਿ ਖਿਆਲਾਂ ਨੂੰ ਸ਼ਬਦਾਂ ਦੇ ਸਹਿਜ ਨਾਲ, ਸਿਰਜਣਾ ਦੇ ਮਹਾਤਮ ਤਕ ਲੈ ਜਾਣਾ, ਮੋਹਨਜੀਤ ਨੂੰ ਭਲੀ-ਭਾਂਤ ਆਉਂਦਾ ਸੀ। ਖੁੱਲ੍ਹੀ ਕਿਤਾਬ ਵਰਗੀ, ਸਰਲ ਸਾਦੀ ਸ਼ਖ਼ਸੀਅਤ ਵਾਲਾ ਮੋਹਨਜੀਤ, ਇਕ ਮੁਹੱਬਤੀ ਇਨਸਾਨ ਸੀ, ਜੋ ਸਾਰੀ ਉਮਰ ਦੁਸ਼ਮਣੀ ਭਰੀਆਂ ਦੋਸਤੀਆਂ ਨਾਲ ਜੂਝਦਾ ਹੋਇਆ, ਮਸਤ ਚਾਲ ਚਲਦਾ ਗਿਆ। ਉਸ ਦੇ ਸੂਖਮ ਮਨ ਵਿਚ, ਕੋਈ ਵੀ ਕੋਨਾ ਅਜਿਹਾ ਨਹੀਂ ਸੀ, ਜਿਥੇ ਉਹ ਈਰਖਾ, ਸਾੜੇ ਅਤੇ ਦੁਸ਼ਮਣੀ ਨੂੰ ਦਬਾ ਕੇ ਰੱਖ ਸਕਦਾ। ਜੋ ਕੁਝ ਉਸ ਦੇ ਮਨ ਵਿਚ ਸੀ, ਉਹੀ ਉਸ ਦੀ ਜ਼ਬਾਨ ਉੱਤੇ ਸੀ।

‘ਅਸੀਂ ਤਾਂ ਵਗਦੇ ਰਾਹ ਹਾਂ
ਕਿਸੇ ਮੋੜ ਕਿਸੇ ਚੁਰਾਹੇ ‘ਤੇ ਮਿਲਦੇ ਹਾਂ
ਜਾਂ ਇਕ ਦੂਜੇ ਤੋਂ ਵਿਛੜ ਜਾਂਦੇ ਹਾਂ।

ਮੋਹਨਜੀਤ ਵਗਦੇ ਰਾਹ ਵਰਗਾ  ਕਵੀ ਸੀ। ਉਹ ਬਨੇਰਿਆਂ ਉੱਤੇ ਦੀਵੇ ਬਾਲਣ ਦਾ ਅਭਿਲਾਸ਼ੀ ਸੀ ਕਿਉਂਕਿ ਉਸ ਦੇ ਧੁਰ ਅੰਦਰ ਇਕ ਦੀਵਾ ਹਮੇਸ਼ਾ ਬਲਦਾ ਸੀ। ਇਸ ਦੀਵੇ ਦੇ ਚਿੰਨ੍ਹ ਨੂੰ ਮਨੋ-ਅਵਸਥਾ ਦੇ ਵਿਆਪਕ ਰੰਗਾਂ ਨਾਲ ਮੇਚ ਕੇ ਸਿਰਜਣਾ ਦੇ ਸਿਖ਼ਰ ਸਿਰਜ ਲੈਣਾ ਵੀ, ਉਸ ਨੂੰ ਆਉਂਦਾ ਸੀ:-

ਇਕ ਦੀਵਾ ਬਾਲ ਕੇ
ਬਨੇਰੇ ਉੱਤੇ ਰੱਖਦੀ ਆਂ
ਇਕ ਧੁਰ ਅੰਦਰ ਬਲੇ
ਬਲੇ ਵੇ ਮੇਰੇ ਮਹਿਰਮਾ

ਸੁਬਹ ਲੰਘ ਜਾਂਦੀ ਆ
ਦੁਪਹਿਰ ਲੰਘ ਜਾਂਦੀ ਆ
ਚੰਦਰੀ ਇਹ ਸ਼ਾਮ ਨਾ ਢਲੇ
ਢਲੇ ਵੇ ਮੇਰੇ ਮਹਿਰਮਾ

ਨਾਬਰੀ, ਵੇਦਨਾ, ਬੈਰਾਗ ਮੁਹੱਬਤ ਅਤੇ ਵਿਛੋੜੇ ਦੀਆਂ ਭਾਵਨਾਵਾਂ ਨੂੰ ਅਤਿ ਸੂਖ਼ਮ ਅੰਦਾਜ਼ ਵਿਚ ਕਾਵਿ-ਸਿਰਜਣਾ ਵਿਚ ਢਾਲਣ ਵਾਲੀ ਮੋਹਨਜੀਤ ਦੀ ਕਵਿਤਾ ਸਾਡਾ ਵਡਮੁੱਲਾ ਸਰਮਾਇਆ ਹੈ।