Headlines

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੈਲਗਰੀ ਨਗਰ ਕੀਰਤਨ 11 ਮਈ ਨੂੰ

ਕੈਲਗਰੀ ( ਦਲਵੀਰ ਜੱਲੋਵਾਲੀਆ)- ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਲੋਂ ਹਰ ਸਾਲ ਦੀ ਤਰਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 11 ਮਈ ਦਿਨ ਸ਼ਨੀਵਾਰ ਨੂੰ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ ਬਲਜਿੰਦਰ ਸਿੰਘ ਗਿੱਲ ਅਤੇ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਵਿਖੇ 11 ਮਈ ਨੂੰ ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਦੀ ਪਾਲਕੀ ਸਵੇਰੇ 9.30 ਵਜੇ ਰਵਾਨਾ ਹੋਵੇਗੀ। ਉਪਰੰਤ ਗੁਰੂ ਗਰੰਥ ਸਾਹਿਬ ਦੀ ਪਾਲਕੀ ਵਾਲੇ ਫਲੋਟ ਦੇ ਨਾਲ ਵੱਖ-ਵੱਖ ਹੋਰ ਸੰਸਥਾਵਾਂ ਦੇ ਫਲੋਟ ਚਲਣਗੇ ਤੇ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਜਾਮ ਨਾਲ ਨਗਰ ਕੀਰਤਨ ਵਿਚ ਸ਼ਾਮਿਲ ਹੋਣਗੀਆਂ। ਦੁਪਹਿਰ ਦੋ- ਢਾਈ ਵਜੇ ਦੇ ਕਰੀਬ ਪਾਲਕੀ ਸਾਹਿਬ ਪ੍ਰੇਰੀ ਵਿੰਡ ਪਾਰਕ ਵਿਖੇ ਪੁੱਜੇਗੀ ਜਿਥੇ ਮੁੱਖ ਦੀਵਾਨ ਸਜਾਏ ਜਾਣਗੇ। ਇਥੇ ਰਾਗੀ ਤੇ ਢਾਡੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਸੰਗਤਾਂ ਨੂੰ ਨਗਰ ਕੀਰਤਨ ਦੀ ਸਫਲਤਾ ਲਈ ਸਹਿਯੋਗ ,ਸ਼ਹਿਰ ਦੀ ਸਫਾਈ ਦਾ ਖਿਆਲ ਰੱਖਣ ਅਤੇ ਨਿਰਧਾਰਿਤ ਥਾਵਾਂ ਤੇ ਪਾਰਕਿੰਗ ਦੀ ਖਾਸ ਬੇਨਤੀ ਕੀਤੀ ਹੈ। ਗੁਰਦੁਆਰਾ ਕਮੇਟੀ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਨੀਲੇ ਤੇ ਕੇਸਰੀ ਦੁਪੱਟੇ ਤੇ ਦਸਤਾਰਾਂ ਸਜਾਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ।