Headlines

ਕੈਨੇਡਾ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਖਿਲਾਫ ਸਖਤ ਕਦਮ ਚੁੱਕਣ ਲਈ ਪਾਰਲੀਮੈਂਟ ਵਿੱਚ ਸਰਬ-ਸੰਮਤੀ ਨਾਲ ਮਤਾ ਪਾਸ

ਸਰੀ ਨਿਊਟਨ ਤੋਂ ਐਮ ਪੀ ਸੁੱਖ ਧਾਲੀਵਾਲ ਨੇ ਲਿਆਂਦਾ ਮਤਾ-
ਵੈਨਕੂਵਰ (ਡਾ. ਗੁਰਵਿੰਦਰ ਸਿੰਘ)-
ਕੈਨੇਡਾ ਦੀ ਧਰਤੀ ‘ਤੇ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਭਾਰਤੀ ਏਜੰਸੀਆਂ ਰਾਹੀਂ ਕਤਲ ਕੀਤੇ ਜਾਣ, ਕੈਨੇਡਾ ਦੀ ਧਰਤੀ ‘ਤੇ ਵਿਦੇਸ਼ੀ ਦਖਲਅੰਦਾਜ਼ੀ ਰਾਹੀਂ ਹਿੰਸਕ ਕਾਰਵਾਈਆਂ ਵਾਪਰਨ ਅਤੇ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਪੈਦਾ ਹੋ ਰਹੀਆਂ ਚਿੰਤਾਜਨਕ ਸਥਿਤੀਆਂ ਦਾ ਹੱਲ ਕੱਢਣ ਸਬੰਧੀ, ਮਤਾ 112 ਕੈਨੇਡਾ ਦੇ ਹਾਊਸ ਆਫ ਕਾਮਨ ਵਿੱਚ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ। ਇਹ ਮਤਾ ਸਰੀ ਤੋਂ ਸੱਤਾਧਾਰੀ ਲਿਬਰਲ ਪਾਰਟੀ ਦੇ ਮੈਂਬਰ ਆਫ ਪਾਰਲੀਮੈਂਟ ਸੁੱਖ ਧਾਲੀਵਾਲ ਹੁਰਾ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ 326 ਵੋਟਾਂ ਨਾਲ ਪਾਸ ਕੀਤਾ ਗਿਆ।
ਦਿਲਚਸਪ ਗੱਲ ਇਹ ਹੈ ਕਿ ਵਿਵਾਦਗ੍ਰਸਤ ਇੰਡੋ ਕੈਨੇਡੀਅਨ ਐਮ ਪੀ ਅਤੇ ਸਿੱਖਾਂ ਦੇ ਮਾਮਲਿਆਂ ਵਿੱਚ ਤਿੱਖੀ ਆਲੋਚਨਾ ਕਰਨ ਵਾਲੇ ਚੰਦਰਾ ਆਰੀਆ ਨੇ ਇਸ ਮੌਕੇ ਤੇ ਵੋਟ ਨਾ ਪਾ ਕੇ ਗੈਰ ਹਾਜ਼ਰੀ ਲਵਾਈ, ਜਦਕਿ ਮਤਾ 112 ਦੇ ਵਿਰੁੱਧ ਕੋਈ ਵੋਟ ਨਹੀਂ ਪਈ। ਇੱਥੇ ਦੱਸਣਯੋਗ ਹੈ ਕਿ ਐਮ ਪੀ ਸੁਖ ਧਾਲੀਵਾਲ ਵੱਲੋਂ ਇਹ ਮਤਾ ਪਾਰਲੀਮੈਂਟ ਵਿੱਚ ਪੇਸ਼ ਕਰਨ ਮਗਰੋਂ, ਚੰਦਰਾ ਆਰੀਆ ‘ਤੇ ਧਾਲੀਵਾਲ ਖਿਲਾਫ ਈਮੇਲਾਂ ਪਾਏ ਜਾਣ ਦੇ ਦੋਸ਼ ਲੱਗੇ ਸਨ, ਜਿਨਾਂ ਵਿੱਚ ਸਿੱਖ ਐਮ ਪੀ ਧਾਲੀਵਾਲ ਨੂੰ ਖਾਲਿਸਤਾਨ ਪੱਖੀ ਅਤੇ ਭਾਰਤ ਵਿਰੋਧੀ ਦਰਸਾਇਆ ਗਿਆ ਸੀ। ਬਾਅਦ ਵਿੱਚ ਆਰੀਆ ਇਸ ਗੱਲ ਤੋਂ ਮੁੱਕਰ ਗਿਆ, ਜਦਕਿ ਇਹ ਈਮੇਲ ਉਸ ਦੇ ਹਲਕੇ ਦੇ ਵਸਨੀਕਾਂ ਤੱਕ ਪਹੁੰਚੀ ਸੀ।
ਕੈਨੇਡਾ ਦੀ ਪਾਰਲੀਮੈਂਟ ਵਿੱਚ ਮਤਾ 112 ਪਾਸ ਉਸ ਵੇਲੇ ਹੋਇਆ ਹੈ, ਜਦੋਂ ਸਿੱਖ ਕੈਨੇਡੀਅਨ ਨਾਗਰਿਕ ਅਤੇ ਸਿੱਖ ਆਗੂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਤਿੰਨ ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੂਲੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਕੈਨੇਡਾ ਆਪਣੀ ਧਰਤੀ ਉੱਪਰ ਆਪਣੇ ਨਾਗਰਿਕ ਨੂੰ ਮਾਰਨ ਲਈ ਇੰਡੀਅਨ ਏਜੰਸੀਆਂ ਵੱਲੋਂ ਕੀਤੀ ਗਈ ਕਾਰਵਾਈ ਦੇ ਦੋਸ਼ਾਂ ‘ਤੇ ਕਾਇਮ ਹੈ ਅਤੇ ਇਸ ਮਾਮਲੇ ਦੀ ਧੁਰ ਤੱਕ ਛਾਣਬੀਣ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੌਲੀ ਨੇ ਕਿਹਾ ਕਿ ਭਾਈ ਨਿੱਝਰ ਦੀ ਹੱਤਿਆ ਦੀ ਜਾਂਚ ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਕੋਈ ਕਸਰ ਨਹੀਂ ਛੱਡੇਗਾ। ਅਸੀਂ ਉਨ੍ਹਾਂ ਦੋਸ਼ਾਂ ’ਤੇ ਕਾਇਮ ਹਾਂ ਕਿ ਕੈਨੇਡੀਅਨ ਜ਼ਮੀਨ ’ਤੇ ‘ਭਾਰਤੀ ਏਜੰਟਾਂ ਵੱਲੋਂ ਕੈਨੇਡੀਅਨ ਦੀ ਹੱਤਿਆ’ ਕੀਤੀ ਗਈ ਸੀ। ਇਸ ਦੀ ਆਰਸੀਐੱਮਪੀ ਜਾਂਚ ਕਰ ਰਹੀ ਹੈ।” ਉਧਰ ਕੈਨੇਡੀਅਨ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਤਿੰਨਾਂ ਕਥਿਤ ਕਾਤਲਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਜਾਂਚ ਖਤਮ ਨਹੀਂ ਹੋਈ, ਬਲਕਿ ਇਹ ਜਾਰੀ ਰਹੇਗੀ ਅਤੇ ਇਸ ਸਾਰੇ ਮਾਮਲੇ ਦੇ ਸਬੰਧ ਇੰਡੀਅਨ ਏਜੰਟਾਂ ਨਾਲ ਕਿਵੇਂ ਜੁੜਦੇ ਹਨ, ਇਸ ਦੀ ਤੈਹ ਤੱਕ ਪਹੁੰਚਿਆ ਜਾਵੇਗਾ।