Headlines

ਪ੍ਰਧਾਨ ਮੰਤਰੀ ਜ਼ੀਰਕਪੁਰ ਵਿੱਚ ਸਥਾਪਤ ਕਰਨਗੇ ਅੰਤਰਰਾਸ਼ਟਰੀ ਵਿੱਤੀ ਕੇਂਦਰ­­ – ਪ੍ਰਨੀਤ ਕੌਰ 

ਪਟਿਆਲਾ, 27 ਮਈ (ਪਰਮਜੀਤ ਸਿੰਘ ਪਰਵਾਨਾ) ਪਟਿਆਲਾ ਪਾਰਲੀਮਾਨੀ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੀ ਚੋਣ  ਰੈਲੀ ਦੌਰਾਨ ਪੰਜਾਬ ਦੇ ਵਿਕਾਸ ਦਾ ਵਾਅਦਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਦੀ ਸਥਾਪਨਾ ਕਰਕੇ ਵਿਕਸਤ ਪੰਜਾਬ ਦੀ ਨੀਂਹ ਰੱਖਣਗੇ। ਇਹ ਐਲਾਨ ਭਾਜਪਾ ਆਗੂ ਪ੍ਰਨੀਤ ਕੌਰ ਨੇ ਲਾਲੜੂ, ਡੇਰਾਬੱਸੀ ਅਤੇ ਜ਼ੀਰਕਪੁਰ ਵਿੱਚ ਹੋਈਆਂ ਚੋਣ ਰੈਲੀਆਂ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਨੇ ਕਿਹਾ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਘੱਟ ਲੈਣ-ਦੇਣ ਦੀ ਲਾਗਤ, ਰਜਿਸਟਰਾਂ ਤਕ ਆਸਾਨ ਪਹੁੰਚ, ਯੋਗ ਮੈਨ ਪਾਵਰ, ਰਾਜਨੀਤਿਕ ਸਥਿਰਤਾ ਅਤੇ ਗਤੀਸ਼ੀਲ ਕਾਰੋਬਾਰ ਇੱਕੋ ਥਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕੇਂਦਰ ਭਾਰਤੀ ਅਰਥਵਿਵਸਥਾ ਦੀਆਂ ਲੋੜਾਂ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਪੂਰੇ ਖੇਤਰ ਅਤੇ ਵਿਸ਼ਵ ਅਰਥਚਾਰੇ ਲਈ ਅੰਤਰਰਾਸ਼ਟਰੀ ਵਿੱਤੀ ਪਲੇਟਫਾਰਮ ਵਜੋਂ ਕੰਮ ਕਰੇਗਾ। ਪ੍ਰਨੀਤ ਕੌਰ ਨੇ ਹੋਰ ਵੀ ਸਰਲ ਸ਼ਬਦਾਂ ਵਿੱਚ ਦੱਸਦਿਆਂ ਕਿਹਾ ਕਿ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਰਾਹੀਂ ਪੰਜਾਬ ਦੀਆਂ ਛੋਟੀਆਂ ਸਨਅਤਾਂ ਵੀ ਦੂਜੇ ਦੇਸ਼ਾਂ ਨਾਲ ਕਾਰੋਬਾਰ ਕਰ ਸਕਣਗੀਆਂ। ਇਸ ਕਾਰੋਬਾਰ ਨੂੰ ਵਧਣ-ਫੁੱਲਣ ਲਈ ਇੰਟਰਨੈਸ਼ਨਲ ਫਾਈਨੈਂਸ਼ੀਅਲ ਸੈਂਟਰ ਹਰ ਪਹਿਲੂ ਤੋਂ ਕਾਰੋਬਾਰੀ ਦੀ ਮਦਦ ਕਰੇਗਾ ਅਤੇ ਕਾਰੋਬਾਰੀ ਨੂੰ ਹਰ ਤਰ੍ਹਾਂ ਦੇ ਜ਼ੋਖਮ ਤੋਂ ਵੀ ਬਚਾਏਗਾ। ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ ਸਭ ਤੋਂ ਵੱਧ ਉਦਯੋਗ ਰਾਜਪੁਰਾ ਅਤੇ ਨਾਭਾ ਵਿੱਚ ਵਿਕਸਤ ਹੋ ਚੁੱਕੇ ਹਨ ਅਤੇ ਜ਼ੀਰਕਪੁਰ ਦਾ ਅੰਤਰਰਾਸ਼ਟਰੀ ਵਿੱਤੀ ਕੇਂਦਰ ਇਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਪ੍ਰਨੀਤ ਕੌਰ ਨੇ ਕਿਹਾ ਕਿ ਅਸੀਂ ਪਟਿਆਲਾ ਦੇ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਲਿਆਵਾਂਗੇ, ਪਟਿਆਲਾ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਬਣਾਇਆ ਜਾਵੇਗਾ, ਜ਼ੀਰਕਪੁਰ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸਥਾਪਤ ਕਰਨਾ ਉਹਨਾਂ ਦੀ ਪਹਿਲ ਹੋਵੇਗੀ, ਅਸੀਂ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਵਾਂਗੇ।