Headlines

ਬੀ ਸੀ ਚ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਲਈ ਨਵੇਂ ‘ਬਿਲਡਿੰਗ ਪਰਮਿਟ ਹੱਬ’ ਦੀ ਸ਼ੁਰੂਆਤ

ਬਰਨਬੀ – ਵਧੇਰੇ ਘਰਾਂ ਨੂੰ ਹੋਰ ਤੇਜ਼ੀ ਨਾਲ ਬਣਾਉਣ ਅਤੇ ਬੀ.ਸੀ. ਦੀ ਹਾਊਸਿੰਗ ਮਾਰਕਿਟ ਵਿੱਚ ਚੁਣੌਤੀਆਂ ਦਾ ਹੱਲ ਕਰਨ ਲਈ, ਇੱਕ ਨਵਾਂ ਡਿਜੀਟਲ ‘ਬਿਲਡਿੰਗ ਪਰਮਿਟ ਹੱਬ’ ਸਥਾਨਕ ਪਰਮਿਟ ਪ੍ਰਕਿਰਿਆਵਾਂ ਨੂੰ ਸੁਚਾਰੂ ਅਤੇ ਮਿਆਰੀ ਬਣਾਉਣ ਵਿੱਚ ਸਹਾਇਤਾ ਕਰੇਗਾ।

ਪ੍ਰੀਮੀਅਰ ਡੇਵਿਡ ਈਬੀ ਨੇ ਉਕਤ ਐਲਾਨ ਕਰਦਿਆਂ ਕਿਹਾ ਕਿ “ਪਰਮਿਟ ਦੇਣ ਦੀ ਪ੍ਰਕਿਰਿਆ ਹੌਲੀ ਅਤੇ ਗੁੰਝਲਦਾਰ ਹੋ ਸਕਦੀ ਹੈ, ਜਿਸ ਕਾਰਨ ਸਾਨੂੰ ਤੁਰੰਤ ਲੋੜੀਂਦੇ ਘਰਾਂ ਦੀ ਉਸਾਰੀ ਵਿੱਚ ਦੇਰੀ ਹੋ ਸਕਦੀ ਹੈ ਪਰ “ਅਸੀਂ ਮਿਲ ਕੇ ਸੂਬਾਈ ਅਤੇ ਮਿਊਂਸੀਪਲ ਪਰਮਿਟ ਮਿਲਣ ਦੇ ਸਮੇਂ ‘ਚ ਕਟੌਤੀ ਕੀਤੀ ਹੈ ਪਰ ਸਾਨੂੰ ਅੱਗੇ ਵਧਣਾ ਜਾਰੀ ਰੱਖਣਾ ਪਵੇਗਾ। ਸਥਾਨਕ ਬਿਲਡਿੰਗ ਪਰਮਿਟਾਂ ਲਈ ਪ੍ਰਕਿਰਿਆਵਾਂ ਨੂੰ ਇੱਕੋ ਥਾਂ ‘ਤੇ ਉਪਲਬਧ ਕਰਵਾਉਣ ਦੀ ਸਹੂਲਤ, ਘਰ ਬਣਾਉਣ ਵਾਲਿਆਂ, ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਲਈ ਨਿਯਮਾਂ ਨੂੰ ਘਟਾਏਗੀ, ਅਤੇ ਆਖਰਕਾਰ ਪੈਸੇ ਦੀ ਬਚਤ ਕਰੇਗੀ, ਕੰਸਟ੍ਰਕਸ਼ਨ ਨੂੰ ਤੇਜ਼ ਕਰੇਗੀ ਅਤੇ ਲੋਕਾਂ ਨੂੰ ਹੋਰ ਤੇਜ਼ੀ ਨਾਲ ਘਰ ਉਪਲਬਧ ਕਰਵਾਉਣ ਵਿੱਚ ਸਹਾਇਤਾ ਕਰੇਗੀ।“

ਸੂਬਾ ਸਥਾਨਕ ਪਰਮਿਟ ਪ੍ਰਕਿਰਿਆਵਾਂ ਨੂੰ ਡਿਜੀਟਾਈਜ਼ ਕਰ ਰਿਹਾ ਹੈ ਤਾਂ ਜੋ ਘਰਾਂ ਦੇ ਮਾਲਕਾਂ ਅਤੇ ਇੰਡਸਟਰੀ ਦੇ ਪੇਸ਼ੇਵਰਾਂ ਲਈ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਨੂੰ ਅਰਜ਼ੀਆਂ ਜਮ੍ਹਾਂ ਕਰਨਾ ਹੋਰ ਆਸਾਨ ਅਤੇ ਹੋਰ ਤੇਜ਼ ਬਣਾਇਆ ਜਾ ਸਕੇ। ਇਹ ‘ਬਿਲਡਿੰਗ ਪਰਮਿਟ ਹੱਬ’ ਘਰਾਂ ਦੀ ਉਸਾਰੀ ਨੂੰ ਤੇਜ਼ ਕਰਨ ਅਤੇ ਰਿਹਾਇਸ਼ਾਂ ਦੀਆਂ ਲਾਗਤਾਂ ਨੂੰ ਘਟਾਉਣ ਲਈ ਸੂਬੇ ਦੇ ਕੰਮ ਅਤੇ ਬ੍ਰਿਟਿਸ਼ ਕੋਲੰਬੀਆ ਲਈ ਪਰਮਿਟ ਲੈਣ ਦੀ ਡਿਜੀਟਲ ਪ੍ਰਕਿਰਿਆ ਅਤੇ ਉਸਾਰੀ ਵਿਚ ਉੱਤਰੀ ਅਮਰੀਕੀ ਵਿੱਚ ਮੋਢੀ ਬਣਨ ਦੇ ਸੂਬੇ ਦੇ ਟੀਚੇ ਨੂੰ ਪੂਰਾ ਕਰਨ ਵਿੱਚ ਅਗਲਾ ਕਦਮ ਹੈ।

“ਅਸੀਂ ਬੀ.ਸੀ. ਵਿੱਚ ਲੋਕਾਂ ਲਈ ਘਰਾਂ ਦੀ ਡਿਲਿਵਰੀ ਨੂੰ ਤੇਜ਼ ਕਰਨ ਲਈ ਨਵੇਂ ਤਰੀਕਿਆਂ ਦੀ ਭਾਲ ਕਰ ਰਹੇ ਹਾਂ,” ਹਾਊਸਿੰਗ ਮੰਤਰੀ, ਰਵੀ ਕਾਹਲੋਂ ਨੇ ਕਿਹਾ। “ਇਹ ‘ਬਿਲਡਿੰਗ ਪਰਮਿਟ ਹੱਬ’ ਬਿਲਡਰਾਂ ਅਤੇ ਸਥਾਨਕ ਅਤੇ ਫਰਸਟ ਨੇਸ਼ਨਜ਼ ਸਰਕਾਰਾਂ ਲਈ ਪਰਮਿਟ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਏਗਾ, ਅਤੇ ਇਹ ਯਕੀਨੀ ਬਣਾਏਗਾ ਕਿ ਘਰ ਬਿਨਾਂ ਕਿਸੇ ਬੇਲੋੜੀ ਦੇਰੀ ਦੇ ਤੇਜ਼ੀ ਨਾਲ ਬਣਾਏ ਜਾਣ। ਇਹ ਉਨ੍ਹਾਂ ਬਹੁਤ ਸਾਰੀਆਂ ਕਾਰਵਾਈਆਂ ਵਿੱਚੋਂ ਇੱਕ ਹੈ ਜੋ ਅਸੀਂ ਆਪਣੀ ‘ਹੋਮਜ਼ ਫੌਰ ਪੀਪਲ’ (Homes for People) ਕਾਰਵਾਈ ਯੋਜਨਾ ਵਿੱਚ ਕਰ ਰਹੇ ਹਾਂ।

ਪਰਮਿਟ ਲੈਣ ਦੀ ਸੂਬਾਈ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ ਲਈ ਸੂਬੇ ਦੇ ਕੰਮ ਦੇ ਨਤੀਜੇ ਦਿਖਾਈ ਦੇ ਰਹੇ ਹਨ। ਸੂਬਾਈ ਪਰਮਿਟਾਂ ‘ਤੇ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬੈਕਲਾਗ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਜਮ੍ਹਾਂ ਹੋ ਰਹੇ ਪਰਮਿਟਾਂ ਦੀ ਗਿਣਤੀ ਦੀ ਤੁਲਨਾ ਵਿੱਚ ਇਹ ਪ੍ਰਕਿਰਿਆ ਹੋਰ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਸੂਬੇ ਨੇ ਇੰਡਸਟਰੀ, ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਤੋਂ ਸੁਣਿਆ ਹੈ ਕਿ ਸਥਾਨਕ ਬਿਲਡਿੰਗ ਪਰਮਿਟ ਜਮ੍ਹਾਂ ਕਰਨ ਦੀ ਪ੍ਰਕਿਰਿਆ ਦੇ ਨਾਲ ਕੁਝ ਸਭ ਤੋਂ ਵੱਡੀਆਂ ਚੁਣੌਤੀਆਂ ਅਧੂਰੀਆਂ ਅਰਜ਼ੀਆਂ, ਇੱਕ ਭਾਈਚਾਰੇ ਤੋਂ ਦੂਜੇ ਭਾਈਚਾਰੇ ਵਿੱਚ ਜਮ੍ਹਾਂ ਕਰਨ ਦੀਆਂ ਅਸੰਤੁਲਿਤ ਲੋੜਾਂ ਅਤੇ ਬੀ ਸੀ ਬਿਲਡਿੰਗ ਕੋਡ (BC Building Code) ਦੀਆਂ ਜ਼ਰੂਰਤਾਂ ਦੀ ਪਾਲਣਾ ਦੀਆਂ ਵੱਖ-ਵੱਖ ਵਿਆਖਿਆਵਾਂ ਹਨ। ਇਹ ਸਮੱਸਿਆਵਾਂ ਲੋਕਾਂ ਲਈ ਨਵੇਂ ਘਰ ਬਣਾਉਣ ਵਿੱਚ ਦੇਰੀ ਦਾ ਕਾਰਨ ਬਣਦੀਆਂ ਹਨ।

ਇਹ ‘ਬਿਲਡਿੰਗ ਪਰਮਿਟ ਹੱਬ’ ਇੱਕੋ ਥਾਂ ‘ਤੇ, ਸਰਲ ਪ੍ਰਕਿਰਿਆ ਦੀ ਪੇਸ਼ਕਸ਼ ਕਰਕੇ ਇਨ੍ਹਾਂ ਚੁਣੌਤੀਆਂ ਦਾ ਹੱਲ ਕਰੇਗਾ, ਜਿਸ ਦੇ ਨਤੀਜੇ ਵਜੋਂ ਹੋਰ ਤੇਜ਼ ਪ੍ਰੋਸੈਸਿੰਗ ਅਤੇ ਸਮੀਖਿਆ ਸਮਾਂ ਉਪਲਬਧ ਹੋਵੇਗਾ। ਇਸ ਹੱਬ ਵਿੱਚ ਬਿਲਡਰ ਆਪਣੀਆਂ ਪਰਮਿਟ ਅਰਜ਼ੀਆਂ ਔਨਲਾਈਨ ਜਮ੍ਹਾਂ ਕਰਨਗੇ, ਜਿਸ ਨਾਲ:

  • ਬੀ.ਸੀ. ਵਿੱਚ ਅਧਿਕਾਰ ਖੇਤਰਾਂ ਵਿੱਚ ਬਿਲਡਿੰਗ ਪਰਮਿਟ ਜਮ੍ਹਾਂ ਕਰਨ ਦੀਆਂ ਲੋੜਾਂ ਨੂੰ ਮਿਆਰੀ ਬਣਾਇਆ ਜਾ ਸਕੇਗਾ।
  • ਇਹ ਆਪਣੇ ਆਪ ਚੈੱਕ ਕੀਤਾ ਜਾ ਸਕੇਗਾ ਕਿ ਪਰਮਿਟ ਅਰਜ਼ੀ ਪੂਰੀ ਹੋ ਗਈ ਹੈ; ਅਤੇ
  • ਬੀ ਸੀ ਬਿਲਡਿੰਗ ਕੋਡ ਦੇ ਪ੍ਰਮੁੱਖ ਹਿੱਸਿਆਂ ਦੀ ਪਾਲਣਾ ਬਾਰੇ ਆਪਣੇ ਆਪ ਚੈੱਕ ਕੀਤਾ ਜਾ ਸਕੇਗਾ।

ਇੱਕ ਸੂਬਾ-ਵਿਆਪੀ ਸਿਸਟਮ ਜੋ ਹਰੇਕ ਭਾਈਚਾਰੇ ਵਿੱਚ ਵੱਖ-ਵੱਖ ਪਰਮਿਟ ਲੋੜਾਂ ਨੂੰ ਸੰਬੋਧਿਤ ਕਰਦਾ ਹੈ, ਦੇ ਨਤੀਜੇ ਵਜੋਂ ਸੰਪੂਰਨ ਅਤੇ ਨਿਰੰਤਰ ਐਪਲੀਕੇਸ਼ਨਾਂ ਹੋਣਗੀਆਂ ਜੋ ਸਥਾਨਕ ਸਰਕਾਰਾਂ ਅਤੇ ਫਰਸਟ ਨੇਸ਼ਨਜ਼ ਲਈ ਮਨਜ਼ੂਰ ਕਰਨ ਲਈ ਸਰਲ ਹੋਣ।

“ਪਰਮਿਟ ਪ੍ਰਕਿਰਿਆ ਦੇ ਇਸ ਸਾਧਨ ਵਿੱਚ ਵਾਧਾ ਹੁੰਦਾ ਰਵੇਗਾ, ਅਤੇ ਸੂਬੇ ਭਰ ਵਿੱਚ ਲੋਕਾਂ ਨੂੰ ਲੋੜੀਂਦੇ ਘਰਾਂ ਦਾ ਨਿਰਮਾਣ ਕਰਨ ਵਾਲਿਆਂ ਲਈ ਇੱਕ ਨਿਰਵਿਘਨ ਅਨੁਭਵ ਪ੍ਰਦਾਨ ਕਰਨ ਵਾਸਤੇ ਇਸ ਦੀ ਵਰਤੋਂ ਕਰਨ ਵਾਲਿਆਂ ਤੋਂ ਫੀਡਬੈਕ ਨੂੰ ਸ਼ਾਮਲ ਕੀਤਾ ਜਾਵੇਗਾ,” ਨਾਗਰਿਕ ਸੇਵਾਵਾਂ ਦੇ ਮੰਤਰੀ, ਜੌਰਜ ਚਾਉ ਨੇ ਕਿਹਾ। “ਜਦ ਅਸੀਂ ਮਿਲ ਕੇ ਰਿਹਾਇਸ਼ੀ ਸੰਕਟ ਨਾਲ ਨਜਿੱਠ ਰਹੇ ਹਾਂ, ਸਰਕਾਰ ਡਿਜੀਟਲ ਨਵੀਨਤਾ ਅਤੇ ਤਕਨਾਲੋਜੀ ਦੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਲਈ ਕੰਮ ਕਰ ਰਹੀ ਹੈ।“

ਸੂਬੇ ਨੇ ਇਸ ਹੱਬ ਨੂੰ ਵਿਕਸਤ ਕਰਨ ਲਈ ਭਾਈਚਾਰਿਆਂ ਅਤੇ ਇੰਡਸਟਰੀ ਮਾਹਰਾਂ ਨਾਲ ਮਿਲ ਕੇ ਕੰਮ ਕੀਤਾ ਹੈ।

ਬਾਰਾਂ ਸਥਾਨਕ ਸਰਕਾਰਾਂ ਅਤੇ ਦੋ ਫਰਸਟ ਨੇਸ਼ਨਜ਼ ‘ਬਿਲਡਿੰਗ ਪਰਮਿਟ ਹੱਬ’ ਦੇ ਪਹਿਲੇ ਵਰਯਨ ਨੂੰ ਪਾਇਲਟ ਕਰਨਗੇ। ਬਿਲਡਿੰਗ ਪਰਮਿਟ ਹੱਬ 27 ਮਈ, 2024 ਤੋਂ ਲਾਈਵ ਹੋਵੇਗਾ, ਤਾਂ ਜੋ ਭਾਈਚਾਰਿਆਂ ਨੂੰ ਉਨ੍ਹਾਂ ਦੀਆਂ ਸਥਾਨਕ ਲੋੜਾਂ ਲਈ ਟੂਲ ਅੱਪਡੇਟ ਕਰਨ ਦਾ ਸਮਾਂ ਦਿੱਤਾ ਜਾ ਸਕੇ ਅਤੇ ਇਸ ਗਰਮੀਆਂ ਵਿੱਚ ਪਰਮਿਟ ਦੇਣ ਦੀ ਪ੍ਰਕਿਰਿਆ ਦੇ ਔਨਲਾਈਨ ਹੋਣ ਦੀ ਉਮੀਦ ਹੈ। ਇਸ ਹੱਬ ਨੂੰ ਗਰਮੀਆਂ ਵਿੱਚ ਹੋਰ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਵਧੇਰੇ ਅੰਸ਼ ਸ਼ਾਮਲ ਕੀਤੇ ਜਾਣਗੇ, ਜਿਵੇਂ ਕਿ ਸੈਕੰਡਰੀ ਸੂਈਟਾਂ ਅਤੇ ਐਕਸਸਰੀ ਡਵੈਲਿੰਗ ਯੂਨਿਟ (ਸਹਾਇਕ ਨਿਵਾਸ ਯੂਨਿਟ) ਲਈ ਪਰਮਿਟ ਐਪਲੀਕੇਸ਼ਨਾਂ ਕੁਝ ਸਮੇਂ ਬਾਅਦ ਸੂਬੇ ਭਰ ਵਿੱਚ ਉਪਲਬਧ ਹੋਣਗੀਆਂ, ਜਿਸ ਨਾਲ ਹਰੇਕ ਭਾਈਚਾਰਾ ਡਿਜੀਟਲ ਤਰੀਕੇ ਨਾਲ ਬਿਲਡਿੰਗ ਪਰਮਿਟਾਂ ਦੀ ਪ੍ਰਕਿਰਿਆ ਕਰ ਸਕੇਗਾ।

ਇਸ ਬਿਲਡਿੰਗ ਪਰਮਿਟ ਹੱਬ ਵਿੱਚ ਹੋਰ ਕਿਸਮਾਂ ਦੇ ਮਕਾਨਾਂ ਨੂੰ ਸ਼ਾਮਲ ਕਰਨ ਲਈ ਵਾਧਾ ਕੀਤਾ ਜਾਵੇਗਾ। ਪਰਮਿਟ ਦੀ ਡਿਜੀਟਲ ਪ੍ਰਕਿਰਿਆ ਅਤੇ ਉਸਾਰੀ ਲੋਕਾਂ ਲਈ ਹੋਰ ਤੇਜ਼ੀ ਨਾਲ ਘਰ ਬਣਾਉਣ, ਕਿਰਾਏਦਾਰਾਂ ਦੀ ਸੁਰੱਖਿਆ ਕਰਨ ਅਤੇ ਸੱਟੇਬਾਜ਼ੀ ਨਾਲ ਲੜਨ ਲਈ ਸੂਬੇ ਦੇ ‘ਹੋਮਜ਼ ਫੌਰ ਪੀਪਲ’ ਐਕਸ਼ਨ ਪਲਾਨ ਨੂੰ ਅੱਗੇ ਵਧਾਉਣ ਦਾ ਹਿੱਸਾ ਹੈ। ਸੂਬਾ ਹੋਰ ਡਿਜੀਟਲ ਰਿਹਾਇਸ਼ੀ ਹੱਲਾਂ ਵਿੱਚ ਵੀ ਨਿਵੇਸ਼ ਕਰ ਰਿਹਾ ਹੈ, ਅਤੇ ਪਹਿਲਾਂ ਹੀ ਬਿਲਡਿੰਗ ਕੋਡ ਦਾ ਇੱਕ ਵੈੱਬ-ਅਧਾਰਿਤ, ਇੰਟਰਐਕਟਿਵ ਵਰਯਨ ਪ੍ਰਦਾਨ ਕਰ ਚੁੱਕਾ ਹੈ।

ਇਹ ‘ਬਿਲਡਿੰਗ ਪਰਮਿਟ ਹੱਬ’ ਬੀ.ਸੀ. ਸਰਕਾਰ ਦੁਆਰਾ $19 ਬਿਲੀਅਨ ਦੇ ਹਾਊਸਿੰਗ ਨਿਵੇਸ਼ ਦਾ ਹਿੱਸਾ ਹੈ। 2017 ਤੋਂ ਹੁਣ ਤੱਕ, ਸੂਬੇ ਵਿੱਚ ਲਗਭਗ 78,000 ਘਰ ਉਪਲਬਧ ਕੀਤੇ ਜਾ ਚੁੱਕੇ ਹਨ ਜਾਂ ਕੀਤੇ ਜਾਣੇ ਹਨ।

ਹੋਰ ਜਾਣੋ:  

ਬਿਲਡਿੰਗ ਪਰਮਿਟ ਹੱਬ ਦੇਖਣ ਲਈ, ਇੱਥੇ ਜਾਓ: https://buildingpermit.gov.bc.ca

ਲੋਕਾਂ ਲਈ ਸਰਕਾਰ ਦੇ ਨਵੇਂ ‘ਹੋਮਜ਼ ਫੌਰ ਪੀਪਲ’ ਐਕਸ਼ਨ ਪਲੈਨ ਬਾਰੇ ਹੋਰ ਜਾਣਨ ਲਈ, ਇੱਥੇ ਜਾਓ: https://news.gov.bc.ca/releases/2023HOUS0019-000436