Headlines

ਡਾ. ਧਰਮਵੀਰ ਗਾਂਧੀ ਦੂਜੀ ਵਾਰ ਐਮ. ਪੀ. ਬਣੇ, ‘ਆਪ’ ਦੇ ਮੰਤਰੀ ਨੂੰ ਹਰਾਇਆ 

ਪਟਿਆਲਾ : (ਪਰਮਜੀਤ ਸਿੰਘ ਪਰਵਾਨਾ) ਪਟਿਆਲਾ ਦੀ ਵੱਕਾਰੀ ਲੋਕ ਸਭਾ ਸੀਟ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨਿਕਟ ਵਿਰੋਧੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ 14831 ਵੋਟਾਂ ਦੇ ਫ਼ਰਕ ਨਾਲ ਹਰਾਇਆ। ਡਾ. ਗਾਂਧੀ ਦੀ ਲੋਕ ਸਭਾ ਲਈ ਇਹ ਦੂਜੀ ਜਿੱਤ ਹੈ। 2014 ਵਿੱਚ ਉਨ੍ਹਾਂ “ਆਪ” ਦੇ ਉਮੀਦਵਾਰ ਵਜੋਂ ਪ੍ਰਨੀਤ ਕੌਰ ਨੂੰ ਹਰਾਇਆ ਸੀ, ਜਿਨ੍ਹਾਂ ਉਸ ਵੇਲੇ ਕਾਂਗਰਸ ਵੱਲੋਂ ਚੋਣ ਲੜੀ ਸੀ। ਡਾ. ਗਾਂਧੀ ਨੇ 305616 ਵੋਟਾਂ ਹਾਸਲ ਕੀਤੀਆਂ ਜਦਕਿ ਡਾ. ਬਲਬੀਰ ਸਿੰਘ ਨੂੰ 290785 ਵੋਟਾਂ ਮਿਲੀਆਂ। ਵੋਟਰਾਂ ਨੇ ਤੀਜੇ ਸਥਾਨ ‘ਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ 288998 ਵੋਟਾਂ ਪਾਈਆਂ। ਚੌਥਾ ਸਥਾਨ ਸ਼੍ਰੋਮਣੀ ਅਕਾਲੀ ਦਲ ਦੇ ਐਨ ਕੇ ਸ਼ਰਮਾ ਦੇ ਹਿੱਸੇ ਆਇਆ ਜਿਨ੍ਹਾਂ ਨੂੰ 153978 ਵੋਟਾਂ ਮਿਲੀਆਂ। ਸ਼ਰਮਾ ਨੂੰ ਸਭ ਤੋਂ ਵੱਧ 33748 ਵੋਟਾਂ ਡੇਰਾ ਬਸੀ ਵਿਧਾਨ ਸਭਾ ਹਲਕੇ ‘ਚੋਂ ਪਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਸੁਚੱਜੇ ਪ੍ਰਬੰਧਾਂ ਨਾਲ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਅਤੇ ਸਮੁੱਚੀ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦੀ ਕੋਈ ਮੁਸ਼ਕਿਲ-ਦੁਸ਼ਵਾਰੀ ਪੇਸ਼ ਨਹੀਂ ਆਈ। ਇਸ ਵਾਰ ਪਟਿਆਲਾ ਸੀਟ ਲਈ ਮੁਕਾਬਲਾ ਬਹੁਤ ਸਖਤ ਸੀ ਤੇ ਇਸ ਵੱਕਾਰੀ ਪਾਰਲੀਮਾਨੀ ਹਲਕੇ ਵਿੱਚ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਆਉਣਾ ਪਿਆ। ਪਹਿਲਾਂ ਪਹਿਲਾਂ ਤਾਂ ਜਾਪ ਰਿਹਾ ਸੀ ਕਿ ਇਸ ਸੀਟ ਲਈ ਮੁੱਖ ਮੁਕਾਬਲਾ ਕਾਂਗਰਸ ਤੇ “ਆਪ” ਵਿਚਾਲੇ ਹੀ ਹੋਵੇਗਾ ਪਰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਚੰਗੀ ਹੋਂਦ ਵਿਖਾਈ ਤੇ ਆਪਣਾ ਪੂਰਾ ਪ੍ਰਭਾਵ ਛੱਡਿਆ ਹੈ।

ਫੋਟੋ : ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਜਨਾਬ ਸ਼ੌਕਤ ਅਹਿਮਦ ਪਰੇ, ਡਾ. ਧਰਮਵੀਰ ਗਾਂਧੀ ਨੂੰ ਜੇਤੂ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ।