Headlines

ਸਾਊਥ ਸਰੀ ਵਿਚ ਗੋਲੀਬਾਰੀ-ਇਕ ਹਲਾਕ-ਪੁਲਿਸ ਦੀ ਤੁਰੰਤ ਕਾਰਵਾਈ ਦੌਰਾਨ ਚਾਰ ਸ਼ੱਕੀ ਗ੍ਰਿਫਤਾਰ

ਸਰੀ -ਸ਼ੁਕਰਵਾਰ 7 ਜੂਨ ਦੀ ਸਵੇਰ ਸਾਉਥ ਸਰੀ ਵਿਚ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੇ ਮਾਰੇ ਜਾਣ ਉਪਰੰਤ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ  ਗੋਲੀਬਾਰੀ ਵਿਚ ਸ਼ਾਮਿਲ ਚਾਰ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਦੇ ਮੀਡੀਆ ਵਿਭਾਗ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ  ਸਰੀ ਆਰ ਸੀ ਐਮ ਪੀ ਅਤੇ ਲੋਅਰ ਮੇਨਲੈਂਡ ਐਮਰਜੈਂਸੀ ਰਿਸਪਾਂਸ ਟੀਮ ਦੇ ਇੱਕ ਤੇਜ਼ ਤਾਲਮੇਲ ਦੇ ਸਿੱਟੇ ਵਜੋਂ ਚਾਰ ਸ਼ੱਕੀਆਂ ਦੀ ਪਛਾਣ ਕਰਦਿਆਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਸਰੀ ਆਰ ਸੀ ਐਮ ਪੀ ਨੂੰ ਸ਼ੁੱਕਰਵਾਰ (7 ਜੂਨ) ਨੂੰ ਸਵੇਰੇ 8:46 ਵਜੇ 164 ਸਟਰੀਟ ਦੇ 900-ਬਲਾਕ ਵਿੱਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ।
ਪੁਲਿਸ ਦੇ ਮੌਕੇ ਤੇ ਪੁੱਜਣ ਤੇ  ਇੱਕ 29-ਸਾਲਾ ਨੌਜਵਾਨ ਨੂੰ ਜ਼ਖਮੀ ਪਾਇਆ, ਜਿਸ ਨੂੰ ਐਮਰਜੈਂਸੀ ਹੈਲਥ ਸਰਵਿਸ ਦੁਆਰਾ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਥੋੜ੍ਹੀ ਦੇਰ ਬਾਅਦ ਪੁਲਿਸ ਨੂੰ ਸਰੀ ਮੈਕਮਿਲਨ ਰੋਡ ਦੇ 18500-ਬਲਾਕ ਵਿੱਚ ਇੱਕ ਵਾਹਨ ਨੂੰ ਅੱਗ ਲੱਗਣ ਦੀ ਰਿਪੋਰਟ ਮਿਲੀ।
ਪੁਲਿਸ ਨੇ ਮਾਰੇ ਗਏ ਨੌਜਵਾਨ ਦੀ ਪਛਾਣ ਕਰ ਲਈ ਹੈ ਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।