Headlines

ਝੂਠਾ ਪੁਲੀਸ ਮੁਕਾਬਲਾ ਕੇਸ ਵਿਚ ਸਾਬਕਾ ਡੀ ਆਈ ਜੀ ਨੂੰ ਸੱਤ ਸਾਲ ਤੇ ਡੀ ਐੱਸ ਪੀ ਨੂੰ ਉਮਰ ਕੈਦ ਦੀ ਸਜ਼ਾ

ਮੁਹਾਲੀ-ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀਐੱਸਪੀ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਨੌਂ ਮਹੀਨੇ ਵਾਧੂ ਸਜ਼ਾ ਭੁਗਤਣੀ ਪਵੇਗੀ। ਸਾਬਕਾ ਡੀਐਸਪੀ ਗੁਰਬਚਨ ਸਿੰਘ ਨੂੰ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੋਸ਼ੀ ਪੁਲੀਸ ਅਫ਼ਸਰਾਂ ਨੂੰ ਬੀਤੇ ਦਿਨ ਦੋਸ਼ੀ ਕਰਾਰ ਦੇਣ ਮਗਰੋਂ ਕੋਰਟ ਰੂਮ ’ਚੋਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਹਿਲਾਂ ਉਹ ਜ਼ਮਾਨਤ ’ਤੇ ਸਨ। ਇਸ ਕੇਸ ਵਿੱਚ ਨਾਮਜ਼ਦ ਤਿੰਨ ਪੁਲੀਸ ਮੁਲਾਜ਼ਮਾਂ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲ ਸਰਬਜੀਤ ਸਿੰਘ ਵੇਰਕਾ, ਪੁਸ਼ਪਿੰਦਰ ਸਿੰਘ ਨੱਤ ਅਤੇ ਜਗਜੀਤ ਸਿੰਘ ਬਾਜਵਾ ਨੇ ਦੱਸਿਆ ਕਿ 22 ਜੂਨ 1993 ਨੂੰ ਤਰਨ ਤਾਰਨ ਪੁਲੀਸ ਨੇ ਜੰਡਿਆਲਾ ਰੋਡ ਤਰਨ ਤਾਰਨ ਤੋਂ ਹਿੰਦੂ ਪਰਿਵਾਰ ਨਾਲ ਸਬੰਧਤ ਚਮਨ ਲਾਲ ਅਤੇ ਉਸ ਦੇ ਤਿੰਨ ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਅਤੇ ਬੌਬੀ ਨੂੰ ਘਰੋਂ ਚੁੱਕ ਕੇ ਤਰਨ ਤਾਰਨ ਸਿਟੀ ਥਾਣਾ ਦੀ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਤਿੰਨ ਦਿਨਾਂ ਬਾਅਦ 26 ਜੂਨ ਨੂੰ ਚਮਨ ਲਾਲ ਅਤੇ ਉਸ ਦੇ ਦੋ ਪੁੱਤਰਾਂ ਪ੍ਰਵੀਨ ਕੁਮਾਰ ਤੇ ਬੌਬੀ ਕੁਮਾਰ ਨੂੰ ਰਿਹਾਅ ਕਰ ਦਿੱਤਾ ਪਰ ਗੁਲਸ਼ਨ ਕੁਮਾਰ ਨੂੰ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ। ਕਰੀਬ ਮਹੀਨੇ ਬਾਅਦ 26 ਜੁਲਾਈ, 1993 ਨੂੰ ਪੁਲੀਸ ਨੇ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਗੁਲਸ਼ਨ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਰਿਵਾਰ ਨੂੰ ਉਸ ਦੀ ਲਾਸ਼ ਤੱਕ ਨਹੀਂ ਦਿੱਤੀ। ਗੁਲਸ਼ਨ ਦੇ ਛੋਟੇ ਭਰਾ ਬੌਬੀ ਕੁਮਾਰ ਨੇ ਦੱਸਿਆ ਕਿ ਗੁਲਸ਼ਨ ਘਰ ਦੇ ਗੁਜ਼ਾਰੇ ਲਈ ਸਬਜ਼ੀ ਵੇਚ ਕੇ ਮਾਪਿਆਂ ਦਾ ਹੱਥ ਵਟਾਉਂਦਾ ਸੀ ਅਤੇ ਉਹ ਬਹੁਤ ਸਾਊ ਅਤੇ ਕਮਾਊ ਪੁੱਤ ਸੀ ਪਰ ਪੁਲੀਸ ਨੇ ਜ਼ਬਰਦਸਤੀ ਘਰੋਂ ਚੁੱਕ ਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ। ਇਹੀ ਨਹੀਂ ਉਹ ਗੁਲਸ਼ਨ ਦਾ ਸਸਕਾਰ ਵੀ ਨਹੀਂ ਕਰ ਸਕੇ। ਪੁਲੀਸ ਨੇ ਚੁੱਪ-ਚੁਪੀਤੇ ਖ਼ੁਦ ਹੀ ਸਸਕਾਰ ਕਰ ਦਿੱਤਾ ਸੀ।