Headlines

ਲੋਕ ਸਭਾ ਚੋਣਾ ਵਿੱਚ ਰਵਾਇਤੀ ਲੀਡਰਸ਼ਿਪ ਨੂੰ ਲੋਕਾਂ ਨੇ ਨਕਾਰਿਆ- ਸਿੰਘ ਸਾਹਿਬ ਜਸਬੀਰ ਸਿੰਘ ਖਾਲਸਾ

ਅੰਮ੍ਰਿਤਸਰ:- 9 ਜੂਨ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਣ ਲਈ ਪੁੱਜੇ। ਬੁੱਢਾ ਦਲ ਦੀ ਛਾਉਣੀ ਪੁੱਜਣ ਤੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਉਨ੍ਹਾਂ ਨੂੰ ਸਿਰਪਾਓ ਤੇ ਦੋਸ਼ਾਲੇ ਨਾਲ ਸਨਮਾਨਿਤ ਕੀਤਾ। ਏਥੇ ਉਨ੍ਹਾਂ ਕੁੱਝ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਮ ਨੇ ਫੈਸਲਾ ਕਰ ਦਿਤਾ ਹੈ ਕਿ ਰਵਾਇਤੀ ਲੀਡਰ ਕੌਮ ਨੂੰ ਬਹੁਤਾ ਚਿਰ ਗੁੰਮਰਾਹ ਨਹੀਂ ਕਰ ਸਕਦੇ, ਕੌਮ ਦੀ ਬੇੜੀ ਨੂੰ ਮੰਝਧਾਰ ਚੋਂ ਕੱਢਣ ਲਈ ਸਿਰਲੱਥ, ਨਿਰਸਵਾਰਥ ਆਪਾਵਾਰੋ, ਕੌਮਪ੍ਰਸਤ, ਸੱਚੇ ਸੁੱਚੇ ਕੁਰਬਾਨੀ ਵਾਲੇ ਆਗੂ ਦੀ ਲੋੜ ਹੈ। ਉਨ੍ਹਾਂ ਕਿਹਾ ਜੋ ਸਿੱਖ ਸਿਧਾਂਤਾ ਤੇ ਪਹਿਰਾ ਦੇ ਸਕਣ ਅਤੇ ਕੌਮ ਨੂੰ ਸਹੀ ਅਗਵਾਈ ਦੇ ਕੇ ਸਿੱਖ ਸਮੱਸਿਆਵਾਂ ਅਤੇ ਪੰਜਾਬ ਦੇ ਮਸਲਿਆਂ ਦੇ ਸਰਲੀਕਰਨ ਲਈ ਲੋਕਸ਼ਕਤੀ ਪੈਦਾ ਕਰਨ ਦੇ ਸਮੱਰਥ ਹੋਣ। ਉਨ੍ਹਾਂ ਕਿਹਾ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਫੇਲ੍ਹ ਹੋਈਆਂ ਹਨ।