Headlines

ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਕੈਨੇਡਾ ਵੱਲੋਂ ਵਰਲਡ ਫੋਕ ਫ਼ੈਸਟੀਵਲ 11-12-13 ਅਕਤੂਬਰ ਨੂੰ

ਸਰੀ ਇਕ ਸਮਾਗਮ ਦੌਰਾਨ ਪੋਸਟਰ ਜਾਰੀ-

ਸਰੀ ( ਨਵਰੂਪ ਸਿੰਘ)– ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਕੈਨੇਡਾ ਵੱਲੋਂ  ਇਸ ਵਾਰ 11-12 ਤੇ 13 ਅਕਤੂਬਰ 2024 ਨੂੰ ਵਰਲਡ ਫੋਕ ਫੈਸਟੀਵਲ ਸਰੀ ਦੇ ਬੈਲ ਆਰਟ ਸੈਂਟਰ ਵਿਖੇ  ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਇਕ ਪੋਸਟਰ ਇਥੇ ਇਕ ਸਮਾਗਮ ਦੌਰਾਨ ਸੋਸਾਇਟੀ ਦੇ ਅਹੁਦੇਦਾਰਾਂ ਤੇ ਹੋਰ ਸਖਸ਼ੀਅਤਾਂ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ  ਸੁਸਾਇਟੀ ਦੇ ਮੁੱਖ ਬੁਲਾਰੇ ਪਰਮਜੀਤ ਜਵੰਦਾ ਅਤੇ ਚਰਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਵਿਦੇਸ਼ੀ ਧਰਤੀਆਂ ਤੇ ਵੱਸ ਚੁੱਕੇ ਪੰਜਾਬੀਆਂ ਲਈ ਕਈ ਨਵੀਆਂ ਚੁਨੌਤੀਆਂ ਪੈਦਾ ਹੋ ਰਹੀਆਂ ਹਨ। ਇਹਨਾਂ ਵਿੱਚੋਂ ਇਕ ਚੁਨੌਤੀ ਆਪਣੀ ਨਵੀਂ ਪੀੜੀ ਨੂੰ ਪੰਜਾਬੀ ਸਭਿਆਚਾਰ, ਪਹਿਰਾਵੇ, ਭਾਸ਼ਾ ਅਤੇ ਲੋਕ ਨਾਚਾਂ ਨਾਲ ਜੋੜਨ ਦੀ ਹੈ। ਇਸ ਮਸਲੇ ਨੂੰ ਧਿਆਨ ਵਿਚ ਰੱਖਦੇ ਹੋਏ ਇੰਟਰਨੈਸ਼ਨਲ ਪੰਜਾਬੀ ਫੋਕ ਆਰਟਸ ਸੋਸਾਇਟੀ ਕੈਨੇਡਾ ਦਾ ਗਠਨ ਕੀਤਾ ਗਿਆ ਹੈ। ਪਿਛਲੇ ਸਾਲ ਇਸ ਸੰਸਥਾ ਨੇ ਵੈਨਕੂਵਰ ਵਿਖੇ ਪਹਿਲੇ ਵਰਲਡ ਫੋਕ ਫ਼ੈਸਟੀਵਲ ਦਾ ਆਯੋਜਨ ਕੀਤਾ ਸੀ, ਜਿਸ ਵਿਚ ਪੰਜਾਬੀ ਬੱਚਿਆਂ ਅਤੇ ਨੌਜਵਾਨਾ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।  ਇਸ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਵੱਖੋ-ਵੱਖ ਸੂਬਿਆਂ ਤੇ ਸ਼ਹਿਰਾਂ ਤੋਂ ਇਲਾਵਾ ਇੰਗਲੈਂਡ, ਆਸਟ੍ਰੇਲੀਆ, ਸਮੇਤ ਕਈ ਮੁਲਕਾਂ ਤੋਂ ਟੀਮਾਂ ਨੇ ਭਾਗ ਲਿਆ। ਭਾਰਤੀ ਪੰਜਾਬ ਤੋਂ ਆਨਲਾਈਨ ਟੀਮਾਂ ਮੁਕਾਬਲੇ ਵਿਚ ਸ਼ਾਮਿਲ ਹੋਈਆਂ।
ਇਸ ਉੱਦਮ ਲਈ ਪੰਜਾਬੀ ਭਾਈਚਾਰੇ ਦਾ ਉਤਸ਼ਾਹ ਅਤੇ ਸਹਿਯੋਗ ਉਮੀਦ ਤੋਂ ਕਿਧਰੇ ਜ਼ਿਆਦਾ ਸੀ। ਇਸ ਉਤਸ਼ਾਹ ਕਾਰਨ ਇਸ ਸਾਲ ਵਰਲਡ ਫੋਕ ਫ਼ੈਸਟੀਵਲ ਦਾ ਘੇਰਾ ਪਹਿਲਾਂ ਤੋਂ ਵੀ ਜ਼ਿਆਦਾ ਵਿਸ਼ਾਲ ਹੋਣ ਜਾ ਰਿਹਾ ਹੈ।
ਸਾਲ 2023 ਦੇ ਲੋਕ ਨਾਚ ਅਤੇ ਸੰਗੀਤ ਮੁਕਾਬਲੇ ਵਿਚ ਭਾਗ ਲੈਣ ਵਾਲੀਆਂ ਟੀਮਾਂ ਬਾਰੇ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਜਵੰਦਾ ਨੇ ਦੱਸਿਆ ਕਿ ਪਿਛਲੇ ਸਾਲ ਕੁੱਲ 86 ਟੀਮਾਂ ਨੇ ਵਰਲਡ ਫੋਕ ਫ਼ੈਸਟੀਵਲ ਵਿਚ ਭਾਗ ਲਿਆ ਸੀ। ਇਸ ਸਾਲ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਵਿਚ ਹੋਰ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਮੇਲੇ ਵਿਚ ਭੰਗੜਾ, ਗਿੱਧਾ, ਸੰਮੀ, ਲੁੱਡੀ, ਝੂਮਰ ਲੋਕ ਗੀਤ ਅਤੇ ਲੋਕ ਸਾਜਾਂ ਦੇ ਮੁਕਾਬਲੇ ਹੋਣਗੇ ਜਿਸ ਵਿਚ ਕੈਨੇਡਾ, ਅਮਰੀਕਾ ਤੋਂ ਇਲਾਵਾ ਕਈ ਦੇਸ਼ਾਂ ਤੋਂ ਟੀਮਾਂ ਭਾਗ ਲੈਣ ਲਈ ਪਹੁੰਚ ਰਹੀਆਂ ਹਨ। ਵਰਲਡ ਫੋਕ ਫ਼ੈਸਟੀਵਲ ਦੀ ਕਾਮਯਾਬੀ ਲਈ ਪੰਜਾਬੀ ਭਾਈਚਾਰੇ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਉੱਦਮ ਨਾਲ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇਂ ਹਾਂ।
ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਰਾਜ ਕਾਕੜਾ, ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਸਰੀ ਨਾਰਥ ਤੋਂ ਬੀ.ਸੀ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ, ਭੁਪਿੰਦਰ ਮੱਲੀ,  ਸੁਰਜੀਤ ਪੱਤੜ, ਨਵਰੂਪ ਸਿੰਘ, ਕੁਲਵਿੰਦਰ ਹੇਅਰ, ਡਾ. ਫ਼ਰੀਦ, ਰਾਜਵੰਤ ਰਾਜ, ਪਰਮਿੰਦਰ ਸਵੈਚ, ਹਰਦਮ ਮਾਨ, ਪਿਆਰਾ ਸਿੰਘ ਨੱਤ, ਗੁਰਬਚਨ ਖੁੱਡੇਵਾਲ, ਬਲਜੀਤ ਬੱਲੀ ਪੱਤੜ, ਡਾ ਸੁਖਵਿੰਦਰ ਸਿੰਘ ਵਿਰਕ ਅਤੇ ਡਾ. ਬਲਵਿੰਦਰ ਮਾਂਗਟ ਵੀ ਮੌਜੂਦ ਸਨ।