Headlines

ਨਿਊਜਰਸੀ ਵਿਚ ਪੰਜਾਬੀ ਨੌਜਵਾਨ ਵਲੋਂ ਦੋ ਭੈਣਾਂ ਤੇ ਗੋਲੀਬਾਰੀ-ਇਕ ਦੀ ਮੌਤ, ਇਕ ਗੰਭੀਰ ਜ਼ਖਮੀ

ਨਿਊਜਰਸੀ- ਅਮਰੀਕਾ ਦੇ ਸ਼ਹਿਰ ਨਿਊਜਰਸੀ ’ਚ ਜਲੰਧਰ ਜਿਲੇ ਨਾਲ ਸਬੰਧਿਤ ਦੋ ਭੈਣਾਂ ’ਤੇ ਇਕ ਨੌਜਵਾਨ ਵਲੋਂ ਗੋਲੀਬਾਰੀ ਕਰਨ  ਕਾਰਨ ਇਕ ਦੀ ਮੌਤ ਹੋ ਗਈ, ਜਦਕਿ ਦੂਜੀ ਦੀ ਹਾਲਤ ਗੰਭੀਰ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਵਾਲਾ ਨੌਜਵਾਨ ਵੀ ਜਲੰਧਰ ਜਿਲੇ ਨਾਲ ਸਬੰਧਿਤ ਹੈ ਜਿਸਦੀ ਪਛਾਣ ਗੌਰਵ ਗਿੱਲ ਵਾਸੀ ਪਿੰਡ ਹੁਸੈਨਪੁਰ, ਨਕੋਦਰ ਵਜੋਂ ਹੋਈ ਹੈ। ਗੋਲੀਬਾਰੀ ’ਚ ਮਰਨ ਵਾਲੀ ਔਰਤ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮਹਿਲ ਵਜੋਂ ਹੋਈ ਹੈ। ਘਟਨਾ ਵਿਚ ਜਸਵੀਰ ਕੌਰ ਦੀ 20 ਸਾਲਾ ਭੈਣ ਗਗਨ ਜ਼ਖ਼ਮੀ ਹੋ ਗਈ, ਜਿਸ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਘਟਨਾ ਦੇ 6 ਘੰਟੇ ਬਾਦ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਸ਼ਾਦੀਸ਼ੁਦਾ ਸੀ ਅਤੇ ਉਸ ਦਾ ਪਤੀ ਟਰੱਕ ਚਲਾਉਂਦਾ ਹੈ। ਗ੍ਰਿਫ਼ਤਾਰ ਮੁਲਜ਼ਮ ਗੌਰਵ ਅਤੇ 20 ਸਾਲਾ ਲੜਕੀ ਦੋਵੇਂ ਇਕ ਦੂਜੇ ਨੂੰ ਜਾਣਦੇ ਸਨ ਤੋ ਦੋਵਾਂ ਨੇ ਜਲੰਧਰ ਦੇ ਇਕ ਆਈਲੈਟਸ ਸੈਂਟਰ ਵਿਚ ਇਕੱਠਿਆਂ ਪੜਾਈ ਕੀਤੀ ਸੀ।  ਗੋਲੀਬਾਰੀ ਦੇ ਅਸਲ ਕਾਰਣਾਂ ਦਾ ਅਜੇ ਪਤਾ ਨਹੀ ਚੱਲ ਸਕਿਆ।