Headlines

ਗਜ਼ਲ ਮੰਚ ਸਰੀ ਵਲੋਂ ਉਘੇ ਨਾਵਲਕਾਰ ਪਰਗਟ ਸਿੰਘ ਸਤੌਜ ਤੇ ਕਵੀ ਰੂਪ ਸਿੱਧੂ ਦਾ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਗਜ਼ਲ ਮੰਚ ਸਰੀ ਵਲੋਂ ਪੰਜਾਬ ਤੋਂ ਆਏ ਉਘੇ ਨਾਵਲਕਾਰ ਪਰਗਟ ਸਿੰਘ ਸਤੌਜ ਅਤੇ ਦੁਬਈ ਤੋਂ ਆਏ ਉਘੇ ਕਵੀ ਰੂਪ ਸਿੱਧੂ ਨਾਲ ਇਕ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦੋਵਾਂ ਸਾਹਿਤਕਾਰਾਂ ਦੀ ਜਾਣ ਪਛਾਣ ਰਾਜਵੰਤ ਰਾਜ ਵਲੋਂ ਕਰਵਾਉਣ ਉਪਰੰਤ ਨਾਵਲਕਾਰ ਪਰਗਟ ਸਿੰਘ ਸਤੌਜ ਨੇ ਆਪਣੇ ਸਾਹਿਤਕ ਸਫਰ ਦੀ ਸਾਂਝ ਪਾਉਂਦਿਆਂ ਅਜੋਕੇ ਪੰਜਾਬੀ ਸਾਹਿਤ ਵਿਚ ਨਾਵਲਕਾਰੀ ਦੇ ਸਥਾਨ ਅਤੇ ਭਵਿੱਖ ਬਾਰੇ ਚਰਚਾ ਕੀਤੀ। ਉਹਨਾਂ ਆਪਣੇ ਪ੍ਰਮੁੱਖ ਨਾਵਲਾਂ ਜਿਹਨਾਂ ਵਿਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲ ਤੀਵੀਆਂ ਅਤੇ ਢਾਹਾਂ ਪੁਰਸਕਾਰ ਜੇਤੂ ਪੁਸਤਕ ਖਬਰ ਇਕ ਪਿੰਡ ਦੀ ਅਤੇ ਹੋਰ ਰਚਨਾਵਾਂ ਬਾਰੇ ਵਿਸਥਾਰਤ ਗੱਲਬਾਤ ਕੀਤੀ।

ਇਸ ਉਪਰੰਤ ਦੁਬਈ ਤੋਂ ਆਏ ਕਵੀ ਰੂਪ ਸਿੱਧੂ ਨੇ ਆਪਣੇ ਸਾਹਿਤਕ ਸਫਰ ਦੇ ਨਾਲ ਆਪਣੀਆਂ ਨਵੀਆਂ ਰਚਨਾਵਾਂ ਨਾਲ ਸਾਂਝ ਪੁਆਈ। ਉਹਨਾਂ ਨੇ ਕੁਝ ਗਜ਼ਲਾਂ ਤਰੰਨਮ ਵਿਚ ਗਾਕੇ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਦੁਬਈ ਵਿਚ ਉਹਨਾਂ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾ ਵਲੋਂ ਪਰਵਾਸੀ ਕਾਮਿਆਂ ਅਤੇ ਵਿਸ਼ੇਸ਼ ਕਰਕੇ ਇਮੀਗਰਾਂਟ ਔਰਤਾਂ ਦੇ ਸੋਸ਼ਣ ਅਤੇ ਉਹਨਾਂ ਨੂੰ ਬਚਾਉਣ ਅਤੇ ਹੋਰ ਸਹਾਇਤਾ ਲਈ ਕੀਤੇ ਜਾ ਯਤਨਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਮੌਕੇ ਗਜ਼ਲ ਮੰਚ ਵਲੋੋਂ ਦੋਵਾਂ ਸਾਹਿਤਕਾਰਾਂ ਨੂੰ ਸ਼ਾਲ ਅਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਦੋਵਾਂ ਸ਼ਖਸੀਅਤਾਂ ਨੂੰ ਸਨਮਾਨ ਕੀਤੇ ਜਾਣ ਦੀ ਰਸਮ ਗਜ਼ਲ ਮੰਚ ਵਲੋਂ ਰਾਜਵੰਤ ਰਾਜ, ਦਵਿੰਦਰ ਗੌਤਮ, ਗੁਰਮੀਤ ਸਿੰਘ ਸਿੱਧੂ, ਭੁਪਿੰਦਰ ਸਿੰਘ ਮੱਲੀ, ਲੱਕੀ ਸੰਧੂ ਤੇ ਸੁਖਵਿੰਦਰ ਸਿੰਘ ਚੋਹਲਾ ਸੰਪਾਦਕ ਦੇਸ ਪ੍ਰਦੇਸ ਟਾਈਮਜ਼ ਵਲੋਂ ਨਿਭਾਈ ਗਈ। ਇਸ ਮੌਕੇ ਉਭਰਦੇ ਕਵੀ ਵੀਤ ਬਾਦਸ਼ਾਹਪੁਰੀ ਤੇ ਹਰਨੇਕ ਮਾਹੀ ਲੈਂਗਲੀ ਵੀ ਹਾਜ਼ਰ ਸਨ।