Headlines

ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਕੀਤੇ ਸ਼ਰਧਾ ਦੇ ਫੁੱਲ ਭੇਟ 

*ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਜਾ ਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤੇ ਜਾਣ ਦੀ ਇੱਛਾ ਪ੍ਰਗਟਾਈ –
* ਸ਼੍ਰੋਮਣੀ ਕਮੇਟੀ, ਅਕਾਲੀ ਦਲ, ਜਥੇਦਾਰ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸਾਂਝਾ ਉਪਰਾਲਾ ਕਰਕੇ ਇਸ ਸਬੰਧੀ ਯੂ.ਕੇ ਸਰਕਾਰ ਨਾਲ਼ ਤਾਲਮੇਲ ਕਰਨ ਦੀ ਕੀਤੀ ਅਪੀਲ –

ਲੈਸਟਰ (ਇੰਗਲੈਂਡ),19 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਫੇਰੀ ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਪੋਕਸਪਰਸਨ ਸ  ਕਰਨੈਲ ਸਿੰਘ ਪੀਰਮੁਹੰਮਦ ਵੱਲੋਂ ਅੱਜ ਸਿੱਖ ਰਾਜ ਦੇ ਆਖਰੀ ਵਾਰਿਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਉਨ੍ਹਾਂ ਦੀ ਸਮਾਧ ਤੇ ਜਾਂ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰਕੇ ਭਾਵੁਕ ਹੁੰਦਿਆਂ ਸ ਪੀਰ ਮੁਹੰਮਦ ਨੇ ਕਿਹਾ ਕਿ ਖਾਲਸਾ ਰਾਜ ਜੋ ਕਿ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਅਤੇ ਇਸ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਦੁਨੀਆਂ ਭਰ ਵਿੱਚ ਚਰਚਾ ਸੀ,ਉਸ ਰਾਜ ਦੇ ਆਖਰੀ ਵਾਰਿਸ ਦਾ ਅੰਤ ਇਸ ਸਥਾਨ ਤੇ ਕਿਹੜੇ ਹਾਲਾਤਾਂ ਵਿੱਚ ਹੋਇਆ।ਸ ਪੀਰਮੁਹੰਮਦ ਨੇ “ਅਜੀਤ” ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖਾਲਸਾ ਰਾਜ ਦੇ ਇਸ ਆਖਰੀ ਵਾਰਿਸ ਨੂੰ ਇਥੋਂ ਦੀਆਂ ਪ੍ਰੰਪਰਾਵਾਂ ਅਨੁਸਾਰ ਧਰਤੀ ਹੇਠਾ ਦਫ਼ਨਾਇਆ ਗਿਆ ਹੈ,ਜਦ ਕਿ ਸਿੱਖ ਮਰਿਆਦਾ ਅਨੁਸਾਰ ਮਹਾਰਾਜਾ ਦਲੀਪ ਸਿੰਘ ਦੇ ਸ਼ਰੀਰ ਦਾ ਅੰਤਿਮ ਸੰਸਕਾਰ ਹੋਣਾ ਚਾਹੀਦਾ ਸੀ, ਕਰਨੈਲ ਸਿੰਘ ਪੀਰਮੁਹੰਮਦ ਨੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਦਾ ਪੰਜਾਬ ਲਿਜਾ ਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤੇ ਜਾਣ ਦੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਜਾ ਕੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬੇਨਤੀ ਕਰਾਂਗਾ ਕਿ ਸਮੂਹ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਯੂ.ਕੇ ਸਰਕਾਰ ਨਾਲ਼ ਤਾਲਮੇਲ ਕਰਕੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਆ ਕੇ ਉਨ੍ਹਾਂ ਦਾ ਸਿੱਖ ਪ੍ਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕਰਕੇ ਉਸ ਜਗ੍ਹਾ ਤੇ ਮਹਾਰਾਜਾ ਦਲੀਪ ਸਿੰਘ ਦੀ ਯਾਦਗਾਰ ਬਣਾਈ ਜਾਵੇ ਤਾਂ ਜ਼ੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਾਲਸਾ ਰਾਜ ਤੋਂ ਜਾਣੂ ਕਰਵਾਇਆ ਜਾ ਸਕੇ, ਅਤੇ ਸਾਡੀ ਨਵੀਂ ਪੀੜ੍ਹੀ ਵੀ ਆਪਣੇ ਸ਼ਾਨਾਮੱਤੇ ਇਤਿਹਾਸ ਤੇ ਮਾਣ ਕਰ ਸਕੇ।ਸ ਪੀਰ ਮੁਹੰਮਦ ਦੇ ਨਾਲ ਇਸ ਮੌਕੇ ਤੇ ਮੰਗਤ ਸਿੰਘ ਪਲਾਹੀ,ਜਲਵੰਤ ਸਿੰਘ ਢੱਡੇ, ਮੁਖਤਿਆਰ ਸਿੰਘ ਝੰਡੇਰ, ਸਮੇਤ ਹੋਰ ਬਹੁਤ ਸਾਰੇ ਹਾਜ਼ਿਰ ਸਨ।

ਕੈਪਸਨ:-
ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਜਾਂ ਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਯੂ.ਕੇ ਫੇਰੀ ਤੇ ਆਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ।
ਤਸਵੀਰ:-ਸੁਖਜਿੰਦਰ ਸਿੰਘ ਢੱਡੇ