Headlines

ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਯੋਗਾ ਕਰਨ ਵਾਲੀ ਲੜਕੀ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ

ਅੰਮ੍ਰਿਤਸਰ ( ਲਾਂਬਾ,ਮਾਨ)-

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਲੜਕੀ ਵੱਲੋਂ ਪਰਿਕਰਮਾ ਵਿੱਚ ਯੋਗ ਕਰਕੇ ਇਸ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਵਾਇਰਲ ਕਰਨ ਮਗਰੋਂ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਹੈ ਅਤੇ ਆਪਣੀ ਡਿਊਟੀ ਦੌਰਾਨ ਕੁਤਾਹੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਸਬੰਧਤ ਕੁੜੀ ਨੇ ਸੋਸ਼ਲ ਮੀਡੀਆ ਖਾਤੇ ਰਾਹੀਂ ਉਸ ਕੋਲੋਂ ਹੋਈ ਗਲਤੀ ਲਈ ਮੁਆਫ਼ੀ ਮੰਗੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਾਲ ਹੀ ਵਿੱਚ ਇੱਕ ਲੜਕੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਅਤੇ ਮਰਿਆਦਾ ਨੂੰ ਠੇਸ ਪੁੱਜੀ ਹੈ, ਇਸ ਲਈ ਉਸ ਖ਼ਿਲਾਫ਼ ਪੁਲੀਸ ਨੂੰ ਕਾਰਵਾਈ ਲਈ ਸ਼ਿਕਾਇਤ ਕੀਤੀ ਹੈ। ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਬੀਤੇ ਕੱਲ੍ਹ ਇੱਕ ਅਰਚਨਾ ਮਕਵਾਨਾ ਨਾਮ ਦੀ ਲੜਕੀ ਨੇ ਸੋਸ਼ਲ ਮੀਡੀਆ ਖਾਤੇ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਯੋਗ ਆਸਣ ਕਰਕੇ ਇਸ ਦੀ ਤਸਵੀਰ ਵਾਇਰਲ ਕੀਤੀ ਹੈ। ਇਸ ਦੀ ਸੀਸੀਟੀਵੀ ਕੈਮਰਿਆਂ ਵੱਲੋਂ ਤਸਦੀਕ ਕਰਨ ’ਤੇ ਸਾਹਮਣੇ ਆਇਆ ਕਿ ਉਸ ਨੇ ਕੇਵਲ 5 ਸਕਿੰਟ ਦੇ ਕਰੀਬ ਇਹ ਕਾਰਵਾਈ ਕੀਤੀ। ਇਸ ਸਬੰਧੀ ਅਣਗਹਿਲੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਵਿੱਚੋਂ ਦੋ ਨੂੰ ਮੁੱਢਲੇ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਆਰਜ਼ੀ ਮੁਲਾਜ਼ਮ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਦਿਆਂ ਉਸ ਦੀ ਤਬਦੀਲੀ ਗੁਰਦੁਆਰਾ ਗੜ੍ਹੀ ਸਾਹਿਬ ਗੁਰਦਾਸ ਨੰਗਲ ਵਿਖੇ ਕੀਤੀ ਗਈ ਹੈ।