Headlines

ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਈ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ

ਨਵੀਂ ਦਿੱਲੀ, 23 ਜੂਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਤਹਿਤ ਭਾਰਤੀ ਨਾਗਰਿਕਾਂ ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਕਾਰਡ ਧਾਰਕਾਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਸ਼ਾਹ ਨੇ ਕਿਹਾ ਕਿ ਫਾਸਟ ਟਰੈਕ ਇਮੀਗ੍ਰੇਸ਼ਨ-ਟਰੱਸਟਿਡ ਟਰੈਵਲਰ ਪ੍ਰੋਗਰਾਮ (ਐੱਫਟੀਆਈ-ਟੀਟੀਪੀ) ਸਰਕਾਰ ਦੀ ਇਕ ਦੂਰਦਰਸ਼ੀ ਪਹਿਲ ਹੈ ਜਿਸ ਨੂੰ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡ ਧਾਰਕਾਂ ਲਈ ਤਿਆਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਪਹਿਲ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡਧਾਰਕ ਯਾਤਰੀਆਂ ਨੂੰ ਵਧੇਰੇ ਸਹੂਲਤਾਂ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ 2047 ਤੱਕ ਮਿੱਥੇ ਗਏ ‘ਵਿਕਸਤ ਭਾਰਤ’ ਦੇ ਪ੍ਰਮੁੱਖ ਏਜੰਡਿਆਂ ’ਚੋਂ ਇਕ ਹੈ ਅਤੇ ਹਰੇਕ ਲਈ ਯਾਤਰਾ ਸਬੰਧੀ ਸਹੂਲਤਾਂ ਵਿੱਚ ਵਾਧਾ ਕਰਨ ਸਬੰਧੀ ਨਰਿੰਦਰ ਮੋਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਾਰੇ ਯਾਤਰੀਆਂ ਲਈ ਮੁਫ਼ਤ ਵਿੱਚ ਉਪਲਬਧ ਹੋਵੇਗੀ। ਐੱਫਟੀਆਈ-ਟੀਟੀਪੀ ਦੇਸ਼ ਵਿੱਚ 21 ਪ੍ਰਮੁੱਖ ਹਵਾਈ ਅੱਡਿਆਂ ’ਤੇ ਲਾਂਚ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਇਹ ਪ੍ਰੋਗਰਾਮ ਦਿੱਲੀ ਦੇ ਨਾਲ ਇਹ ਸੱਤ ਪ੍ਰਮੁੱਖ ਹਵਾਈ ਅੱਡਿਆਂ- ਮੁੰਬਈ, ਚੇਨੱਈ, ਕੋਲਕਾਤਾ, ਬੰਗਲੂਰੂ, ਹੈਦਰਾਬਾਦ, ਕੋਚੀ ਤੇ ਅਹਿਮਦਾਬਾਦ ਵਿਖੇ ਸ਼ੁਰੂ ਕੀਤਾ ਜਾਵੇਗਾ। ਯੋਗ ਯਾਤਰੀਆਂ ਨੂੰ ਈ-ਗੇਟ ਅਤੇ ਨਿਯਮਤ ਇਮੀਗ੍ਰੇਸ਼ਨ ਕਤਾਰ ਬਾਈਪਾਸ ਕਰਨ ਦੀ ਮਨਜ਼ੂਰੀ ਹੋਵੇਗੀ। ਇਸ ਵਾਸਤੇ ਉਨ੍ਹਾਂ ਨੂੰ ਆਨਲਾਈਨ ਬਿਨੈ ਕਰਨਾ ਹੋਵੇਗਾ ਅਤੇ ਬਿਨੈ ਫਾਰਮ ਵਿੱਚ ਮੰਗੀ ਲੋੜੀਂਦੀ ਸੂਚਨਾ ਦੇ ਨਾਲ ਆਪਣੇ ਬਾਇਓਮੀਟ੍ਰਿਕਸ ਭੇਜਣੇ ਹੋਣਗੇ। ਐੱਫਟੀਆਈ ਰਜਿਸਟਰੇਸ਼ਨ ਵੱਧ ਤੋਂ ਵੱਧ ਪੰਜ ਸਾਲਾਂ ਜਾਂ ਪਾਸਪੋਰਟ ਦੀ ਵੈਧਤਾ (ਜੋ ਵੀ ਪਹਿਲਾਂ ਆਵੇ) ਤੱਕ ਵੈਧ ਹੋਵੇਗੀ।