Headlines

‘ਆਪ’ ਦਾ ਮੈਨੀਫੈਸਟੋ ਨਵੀਂ ਬੋਤਲ ’ਚ ਪੁਰਾਣੀ ਸ਼ਰਾਬ ਵਰਗਾ: ਬਾਜਵਾ

ਚੰਡੀਗੜ੍ਹ, 23 ਜੂਨ

ਕਾਂਗਰਸ ਪਾਰਟੀ ਨੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ 10 ਨੁਕਾਤੀ ਮੈਨੀਫੈਸਟੋ ’ਤੇ ਸਵਾਲ ਚੁੱਕੇ ਹਨ। ਇਸ ਮੈਨੀਫੈਸਟੋ ਨੂੰ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਵੀਂ ਬੋਤਲ ’ਚ ਪੁਰਾਣੀ ਸ਼ਰਾਬ ਵਰਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਇਹ ਮੈਨੀਫੈਸਟੋ ਸਾਬਤ ਕਰਦਾ ਹੈ ਕਿ ‘ਆਪ’ ਨੇ ਆਪਣੇ ਵਾਅਦੇ ਪੂਰੇ ਕਰਨ ’ਚ ਆਪਣੀਆਂ ਨਾਕਾਮੀਆਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਵੀ ਇਹੀ ਗਾਰੰਟੀ ਦਿੱਤੀ ਸੀ। ਪਹਿਲਾਂ ‘ਆਪ’ ਨੇ ਤਿੰਨ ਮਹੀਨਿਆਂ ਦੇ ਅੰਦਰ ਪੰਜਾਬ ਨੂੰ ਨਸ਼ਾਮੁਕਤ ਸੂਬਾ ਬਣਾਉਣ ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਵਿਧਾਨ ਸਭਾ ’ਚ ਭਾਰੀ ਬਹੁਮਤ ਨਾਲ ਰਾਜ ਕਰ ਰਹੀ ‘ਆਪ’ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ। ਜਦੋਂ ਤੋਂ ‘ਆਪ’ ਨੇ ਪੰਜਾਬ ਵਿੱਚ ਸੱਤਾ ਸੰਭਾਲੀ ਹੈ, ਉਦੋਂ ਤੋਂ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਆਮ ਗੱਲ ਬਣ ਗਈ ਹੈ। ਦੂਜੇ ਪਾਸੇ ਔਰਤਾਂ ਆਪਣੇ ਮਹੀਨਾਵਾਰ ਲਾਭ ਦਾ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਸ੍ਰੀ ਬਾਜਵਾ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀਆਂ ਮਨਮਰਜ਼ੀਆਂ ਕਾਰਨ ਜਨਤਾ ਨੂੰ ਦੁੱਖ ਕਿਉਂ ਝੱਲਣੇ ਪੈ ਰਹੇ ਹਨ।