Headlines

ਜੰਮੂ-ਕਸ਼ਮੀਰ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦੇ ਤਿੰਨ ਸ਼ੱਕੀ ਦਹਿਸ਼ਤਗਰਦ ਹਲਾਕ

ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਤੇ ਗੋਲੀਸਿੱਕਾ ਬਰਾਮਦ

ਭੱਦਰਵਾਹ/ਜੰਮੂ, 26 ਜੂਨ

ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਅਧੀਨ ਪੈਂਦੇ ਜੰਗਲੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਤਿੰਨ ਦਹਿਸ਼ਤਗਰਦ ਮਾਰੇ ਗਏ ਜਿਨ੍ਹਾਂ ਦੇ ਪਾਕਿਸਤਾਨ ਅਧਾਰਿਤ ਦਹਿਸ਼ਤੀ ਗੁੱਟ ਜੈਸ਼-ਏ-ਮੁਹੰਮਦ ਨਾਲ ਜੁੜੇ ਨਾਲ ਜੁੜੇ ਹੋਣ ਦਾ ਖ਼ਦਸ਼ਾ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਜ਼ਿਲ੍ਹੇ ’ਚ 11 ਤੇ 12 ਜੂਨ ਨੂੰ ਹੋਏ ਦੋ ਦਹਿਸ਼ਤੀ ਹਮਲਿਆਂ ਮਗਰੋਂ ਪੁਲੀਸ, ਫੌਜ ਅਤੇ ਸੀਆਰਪੀਐੱਫ ਨੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਵਿੱਢੀ ਹੋਈ ਸੀ, ਜਿਸ ਦੌਰਾਨ ਸਵੇਰੇ ਲਗਪਗ 9.50 ਵਜੇ ਗੰਡੋਹ ਇਲਾਕੇ ਦੇ ਪਿੰਡ ਬਜਾਦ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦੌਰਾਨ ਦਾ ਪੁਲੀਸ ਇੱਕ ਜਵਾਨ ਵੀ ਜ਼ਖਮੀ ਹੋਇਆ ਹੈ। ਉਨ੍ਹਾਂ ਮੁਤਾਬਕ ਮਾਰੇ ਗਏ ਦਹਿਸ਼ਤਗਰਦਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਅਤੇ ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਉਹ ਕਿਸ ਗੁੱਟ ਨਾਲ ਸਬੰਧਤ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲਾ ਸ਼ਾਮ ਲਗਪਗ 4 ਵਜੇ ਖਤਮ ਹੋ ਗਿਆ ਪਰ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ।