Headlines

ਓਮ ਬਿਰਲਾ ਲੋਕ ਸਭਾ ਦੇ ਸਪੀਕਰ ਚੁਣੇ, ਸਦਨ ’ਚ ਮੋਦੀ ਤੇ ਰਾਹੁਲ ਨੇ ਮਿਲਾਇਆ ਹੱਥ

ਨਵੀਂ ਦਿੱਲੀ, 26 ਜੂਨ

ਭਾਜਪਾ ਦੇ ਸੰਸਦ ਮੈਂਬਰ ਓਮ ਬਿਰਲਾ ਨੂੰ ਅੱਜ ਜ਼ੁਬਾਨੀ ਵੋਟਾਂ ਰਾਹੀਂ ਲੋਕ ਸਭਾ ਦਾ ਸਪੀਕਰ ਚੁਣ ਲਿਆ ਗਿਆ। ਉਹ ਦੂਜੀ ਵਾਰ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੀਕਰ ਦੇ ਅਹੁਦੇ ਲਈ ਸ੍ਰੀ ਬਿਰਲਾ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਾਈਦ ਕੀਤੀ। ਇਸ ਪ੍ਰਸਤਾਵ ਨੂੰ ਪ੍ਰੋ-ਟੈਮ ਸਪੀਕਰ (ਐਕਟਿੰਗ ਸਪੀਕਰ) ਭਰਤੂਹਰੀ ਮਹਿਤਾਬ ਵੱਲੋਂ ਸਦਨ ​​ਵਿੱਚ ਵੋਟਿੰਗ ਲਈ ਰੱਖਿਆ ਗਿਆ ਸੀ ਅਤੇ ਸਦਨ ਨੇ ਇਸ ਨੂੰ ਜ਼ੁਬਾਨੀ ਵੋਟ ਰਾਹੀਂ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਕਾਰਜਕਾਰੀ ਸਪੀਕਰ ਮਹਿਤਾਬ ਨੇ ਬਿਰਲਾ ਦੇ ਲੋਕ ਸਭਾ ਦਾ ਸਪੀਕਰ ਚੁਣੇ ਜਾਣ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਸ੍ਰੀ ਬਿਰਲਾ ਨੂੰ ਸਪੀਕਰ ਦੀ ਦੀ ਕੁਰਸੀ ਤੱਕ ਲੈ ਗਏ। ਇਸ ਤੋਂ ਪਹਿਲਾਂ ਸ੍ਰੀ ਮੋਦੀ ਤੇ ਰਾਹੁਲ ਨੇ ਹੱਥ ਮਿਲਾਇਆ, ਜਦੋਂ ਬਿਰਲਾ ਨੇ ਅਹੁਦਾ ਸੰਭਾਲਿਆ ਤਾਂ ਸ੍ਰੀ ਮੋਦੀ, ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀ ਰਿਜਿਜੂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ।