Headlines

ਇਸਤਰੀ ਅਕਾਲੀ ਦਲ ਨੇ ਸੁਖਬੀਰ ਬਾਦਲ ਦੀ ਅਗਵਾਈ ਉੱਤੇ ਮੋਹਰ ਲਾਈ

ਚਰਨਜੀਤ ਭੁੱਲਰ

ਚੰਡੀਗੜ੍ਹ, 1 ਜੁਲਾਈ

ਸ਼੍ਰੋਮਣੀ ਅਕਾਲੀ ਦਲ ਵਿੱਚ ਉੱਠੀ ਬਗ਼ਾਵਤ ਮਗਰੋਂ ਅੱਜ ਇਸਤਰੀ ਅਕਾਲੀ ਦਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਮੋਹਰ ਲਾ ਦਿੱਤੀ ਹੈ। ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਇਸਤਰੀ ਅਕਾਲੀ ਦਲ ਦੀਆਂ ਚੋਣਾਂ ਕਰਵਾ ਕੇ ਦਲ ਦਾ ਵਿਸਤਾਰ ਕੀਤਾ ਜਾਵੇਗਾ। ਇਸਤਰੀ ਅਕਾਲੀ ਦਲ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਸਮੁੱਚੀ ਟੀਮ ਸਣੇ ਪਾਰਟੀ ਪ੍ਰਧਾਨ ਬਾਦਲ ਦੀ ਲੀਡਰਸ਼ਿਪ ’ਚ ਭਰੋਸਾ ਜਿਤਾਇਆ ਹੈ।

ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਵਿੱਚ ਬਠਿੰਡਾ ਸੰਸਦੀ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ ਲਈ ਇਸਤਰੀ ਅਕਾਲੀ ਦਲ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਹਰਗੋਬਿੰਦ ਕੌਰ ਨੇ ਕਿਹਾ ਕਿ ਪਾਰਟੀ ਇਸ ਵੇਲੇ ਔਖੇ ਦੌਰ ’ਚੋਂ ਗੁਜ਼ਰ ਰਹੀ ਹੈ ਅਤੇ ਲੋਕ ਸਭਾ ਚੋਣਾਂ ਦੌਰਾਨ ਰਹੀਆਂ ਕਮੀਆਂ ਨੂੰ ਦੂਰ ਕਰ ਕੇ ਅੱਗੇ ਵਧਣ ਦਾ ਵੇਲਾ ਹੈ ਕਿਉਂਕਿ ਕੇਂਦਰੀ ਧਿਰਾਂ ਦਾ ਪੂਰਾ ਜ਼ੋਰ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਤੇ ਲੱਗਾ ਹੋਇਆ ਹੈ।

ਸ੍ਰੀ ਬਾਦਲ ਨੇ ਦੱਸਿਆ ਕਿ ਪਾਰਟੀ ਨੇ ਇਸਤਰੀ ਅਕਾਲੀ ਦਲ ਦੇ ਵਿਸਥਾਰ ਦੀ ਯੋਜਨਾ ਬਣਾਈ ਹੈ ਤਾਂ ਜੋ ਹਰ ਪਿੰਡ ਤੇ ਹਰ ਬੂਥ ਤੱਕ ਪਹੁੰਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਥ, ਪਿੰਡ, ਸਰਕਲ ਤੇ ਹਲਕਾ ਪੱਧਰ ’ਤੇ ਇਨ੍ਹਾਂ ਦੀਆਂ ਪ੍ਰਧਾਨਾਂ ਦੀ ਅਗਵਾਈ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਵੀ ਇਸਤਰੀ ਅਕਾਲੀ ਦਲ ਦੀਆਂ ਚੋਣਾਂ ਹੋਣਗੀਆਂ।

ਸ੍ਰੀ ਬਾਦਲ ਨੇ ਕਿਹਾ ਕਿ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਮਹਿਲਾਵਾਂ ਲਈ ਰਾਖਵੀਆਂ ਸੀਟਾਂ ’ਤੇ ਮਜ਼ਬੂਤ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਅਤੇ ਇਸਤਰੀ ਅਕਾਲੀ ਦਲ ਸਾਲ 2027 ਵਿੱਚ ਸੂਬੇ ਵਿੱਚ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗਾ। ਇਸ ਮੌਕੇ ਪਾਰਟੀ ਪ੍ਰਧਾਨ ਨੇ ‘ਆਪ’ ਸਰਕਾਰ ਵੱਲੋਂ ਬੀਬੀ ਹਰਗੋਬਿੰਦ ਕੌਰ ਨੂੰ ਸੇਵਾਵਾਂ ਤੋਂ ਫ਼ਾਰਗ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਬੀਬੀ ਹਰਗੋਬਿੰਦ ਕੌਰ ਨੂੰ ਨਿਆਂ ਮਿਲਣ ਤੱਕ ਉਨ੍ਹਾਂ ਦੇ ਕੇਸ ਦੀ ਪੈਰਵੀ ਕੀਤੀ ਜਾਵੇਗੀ। ਮਹਿਲਾ ਆਗੂਆਂ ਨੇ ਕਿਹਾ ਕਿ ਜਿਹੜੇ ਆਗੂ ਪਾਰਟੀ ਦਾ ਔਖੇ ਸਮੇਂ ਸਾਥ ਛੱਡ ਗਏ ਹਨ, ਉਨ੍ਹਾਂ ਦੀ ਵਾਪਸੀ ਮੌਕੇ ਪਾਰਟੀ ਨਾਲ ਖੜ੍ਹਨ ਵਾਲੇ ਆਗੂਆਂ ਦੀ ਕਦਰ ਪੈਣੀ ਚਾਹੀਦੀ ਹੈ। ਮੀਟਿੰਗ ਵਿੱਚ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ, ਸੂਬਾ ਪ੍ਰਧਾਨ ਹਰਗੋਬਿੰਦ ਕੌਰ, ਮਹਿਲਾ ਆਗੂ ਜਗਰੂਪ ਕੌਰ, ਬਲਵਿੰਦਰ ਕੌਰ, ਗੀਤਾ ਸ਼ਰਮਾ, ਜੋਗਿੰਦਰ ਕੌਰ, ਲਾਭ ਕੌਰ ਮੂਸਾ, ਗੁਰਪ੍ਰੀਤ ਕੌਰ ਤੇ ਜਸਵਿੰਦਰ ਕੌਰ ਸ਼ੇਰਗਿੱਲ ਹਾਜ਼ਰ ਸਨ।

ਐੱਸਸੀ ਭਾਈਚਾਰਾ ਚੱਟਾਨ ਵਾਂਗ ਸੁਖਬੀਰ ਬਾਦਲ ਨਾਲ ਖੜ੍ਹਾ ਹੈ: ਰਣੀਕੇ

ਸ਼੍ਰੋਮਣੀ ਅਕਾਲੀ ਦਲ ਦੇ ਐੱਸਸੀ ਵਿੰਗ ਦੀ ਮੀਟਿੰਗ ਵੀ ਅੱਜ ਇੱਥੇ ਹੋਈ ਜਿਸ ਵਿੱਚ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ’ਤੇ ਵਿਸ਼ਵਾਸ ਪ੍ਰਗਟ ਕੀਤਾ। ਰਣੀਕੇ ਨੇ ਕਿਹਾ ਕਿ ਪਾਰਟੀ ਦਾ ਐੱਸਸੀ ਵਿੰਗ ਚਟਾਨ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਪਿੱਠ ’ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਦਲਿਤ ਭਾਈਚਾਰੇ ਲਈ ਭਲਾਈ ਸਕੀਮਾਂ ਦੀ ਸ਼ੁਰੂਆਤ ਹੋਈ ਅਤੇ ਅੱਜ ਵੀ ਇਨ੍ਹਾਂ ਸਕੀਮਾਂ ਨੂੰ ਭਾਈਚਾਰਾ ਯਾਦ ਕਰਦਾ ਹੈ।