Headlines

ਗੁਰੂ ਨਾਨਕ ਜਹਾਜ਼ ਦੀ 110 ਸਾਲਾ ਮੌਜੂਦਗੀ ਅਤੇ ਚੜ੍ਹਦੀ ਕਲਾ ਦਾ ਸਫ਼ਰ

 21 ਜੁਲਾਈ ਨੂੰ ਵੈਨਕੂਵਰ ‘ਚ ਕਾਮਾਗਾਟਾਮਾਰੂ ਮੈਮੋਰੀਅਲ ਸਮਾਰਕ ‘ਤੇ ਸਮਾਗਮ–
ਡਾ. ਗੁਰਵਿੰਦਰ ਸਿੰਘ–
ਗੁਰੂ ਨਾਨਕ ਜਹਾਜ਼’ ਦਾ ਸਫ਼ਰ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਮੁਸਾਫਿਰਾਂ ਦੀ, ਨਿੱਡਰ ਅਤੇ ਸੁਤੰਤਰ ਹਸਤੀ ਦਾ ਦੁਰਲੱਭ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਸੰਘਰਸ਼ ਅਤੇ ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਹੈ। ਗੁਰੂ ਨਾਨਕ ਜਹਾਜ਼ ਦੇ ਚੜ੍ਹਦੀ’ ਕਲਾ ਦੇ ਸਫ਼ਰ ਦੇ 110ਵੇਂ ਸਾਲ ‘ਤੇ, ਕੈਨੇਡਾ ਦੀ ਧਰਤੀ ‘ਤੇ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ 1199 ਵੈਸਟ ਕਾਰਡੋਵਾ ਸਟਰੀਟ, ਕਾਮਾਗਾਟਾਮਾਰੂ ਮੈਮੋਰੀਅਲ ਸਮਾਰਕ ਉੱਪਰ 21 ਜੁਲਾਈ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਤੋਂ ਪੰਜ ਵਜੇ ਤੱਕ  ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ।ਇਸ ਵਰੇ-ਗੰਢ ‘ਤੇ ਸਮਾਗਮ ਸਬੰਧੀ ਪੋਸਟਰ ਮੀਡੀਆ ਨਾਲ ਸੰਬੰਧਤ ਸ਼ਖਸ਼ੀਅਤਾਂ ਵੱਲੋਂ ਜਰਨੈਲ ਆਰਟਸ ਅਤੇ ਗੁਰਮੀਤ ਆਰਟਸ ਅਕੈਡਮੀ ਸਰੀ ਵਿਖੇ ਰਿਲੀਜ਼ ਕੀਤਾ ਗਿਆ, ਜਿਨਾਂ ਵਿੱਚ ਗੁਰਪ੍ਰੀਤ ਸਿੰਘ ਸਹੋਤਾ (ਚੜਦੀ ਕਲਾ ਨਿਊਜ਼ ਗਰੁੱਪ ਅਤੇ ਚੈਨਲ ਪੰਜਾਬੀ), ਜਰਨੈਲ ਸਿੰਘ ਚਿੱਤਰਕਾਰ (ਪੰਜਾਬੀ ਟ੍ਰਿਬਿਊਨ), ਡਾ. ਪੂਰਨ ਸਿੰਘ ਗਿੱਲ (ਪੰਜਾਬ ਟਾਈਮਜ਼),ਹਰਿਕੀਰਤ ਸਿੰਘ ਕੁਲਾਰ (ਪੰਜਾਬ ਗਾਰਡੀਅਨ), ਬਲਦੇਵ ਸਿੰਘ ਮਾਨ (ਰੈਡ ਐਫ ਐਮ), ਪ੍ਰੋ. ਗੁਰਬਾਜ ਸਿੰਘ ਬਰਾੜ (ਸ਼ੇਰੇ ਪੰਜਾਬ ਰੇਡੀਓ,1550 ਏਐਮ), ਸਰਬਰਾਜ ਸਿੰਘ ਕਾਹਲੋ ਅਤੇ ਲਵਿੰਦਰ ਕੌਰ ਲਵੀ ਪੰਨੂ (ਰੇਡੀਓ ਪੰਜਾਬ 1600 ਏਐਮ), ਕੁਲਦੀਪ ਸਿੰਘ (ਸਾਂਝਾ ਟੀਵੀ), ਟੈਲੀਵਿਜ਼ਨ ਸ਼ਖਸੀਅਤ ਜੈਸ, ਕੰਵਲਜੀਤ ਸਿੰਘ ਲੱਕੀ ਰੰਧਾਵਾ (ਜਨਰਲ ਪੰਜਾਬੀ) ਤੇ ਅਮਰਪਾਲ ਸਿੰਘ ਕੈਨੇਡੀਅਨ ਪੰਜਾਬ ਟਾਈਮਜ਼ ਤੇ ਪੰਜਾਬੀ ਟ੍ਰਿਬਿਊਨ ਸ਼ਾਮਿਲ ਹੋਏ। ਗੁਰੂ ਨਾਨਕ ਜਹਾਜ਼ ਹੈਰੀਟੇਜ ਪ੍ਰੋਜੈਕਟ ਆਰਕਾਈਵਜ਼, ਵਣਜਾਰਾ ਨੋਮੈਡ ਕੁਲੈਕਸ਼ਨਜ਼, ਗਦਰ ਮੈਮੋਰੀਅਲ ਸੁਸਾਇਟੀ ਆਫ ਕੈਨੇਡਾ ਸਣੇ ਵੱਖ ਵੱਖ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਬੀਸੀ ਖਾਲਸਾ ਦਰਬਾਰ, ਵੈਨਕੂਵਰ ਬੋਰਡ ਆਫ ਪਾਰਕ ਐਂਡ ਰੀਕ੍ਰੀਏਸ਼ਨ ਤੇ ਵੈਨਕੂਵਰ ਸਿਟੀ ਆਦਿ ਦੇ ਸਹਿਯੋਗ ਸਲਾਨਾ ਸਮਾਗਮ ਕੀਤਾ ਜਾ ਰਿਹਾ ਹੈ, ਜਿੱਥੇ ਗੁਰੂ ਨਾਨਕ ਜਹਾਜ਼ ਸਬੰਧੀ ਦੋ ਪੁਸਤਕਾਂ ਰਿਲੀਜ਼ ਕੀਤੀਆਂ ਜਾਣਗੀਆਂ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਦੀ ਧਰਤੀ ‘ਤੇ ਨਸਲਵਾਦੀ ਸਰਕਾਰ ਦਾ ਰਾਜ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਪ੍ਰਵਾਸੀਆਂ ਉੱਪਰ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਿੱਧੇ ਸਫਰ ਰਾਹੀਂ ਕੈਨੇਡਾ ਦਾਖਲ ਹੋਣ ਤੋਂ ਰੋਕਣ ਦੇ ਕਾਲੇ ਕਾਨੂੰਨ ਨੂੰ ਪ੍ਰਭਾਵਹੀਣ ਕਰਨ ਲਈ, ਕੈਨੇਡਾ ਦੇ ਮੋਢੀ ਸਿੱਖਾਂ ਵਿੱਚੋਂ ਪ੍ਰਮੁਖ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ, ਮੁੱਖ ਗ੍ਰੰਥੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ ‘ਤੇ, ਸਾਂਝੇ ਪੰਜਾਬ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ। ਕੈਨੇਡਾ ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ਕਲਕੱਤੇ ਜਾ ਕੇ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਗਈ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ‘ਤੇ ਜਹਾਜ਼, ਕਿਰਾਏ ‘ਤੇ ਲੈਣ ਦਾ ਫੈਸਲਾ ਕੀਤਾ ਗਿਆ।
      ਇਸ ਉਦੇਸ਼ ਦੀ ਪੂਰਤੀ ਲਈ ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ, ਨਾਲ ਛੇ ਮਹੀਨੇ ਲਈ 66 ਹਜ਼ਾਰ ਡਾਲਰ ‘ਤੇ, 19 ਮਾਰਚ 1914 ਨੂੰ ਜਪਾਨੀ ਕੰਪਨੀ ਤੋਂ’ ਕਿਰਾਏ ‘ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਗੁਰੂ ਨਾਨਕ ਜਹਾਜ਼ ਮੁਸਾਫਿਰ ਲਿਜਾਣ ਦੇ ਯੋਗ ਬਣਾਇਆ ਗਿਆ। ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਵਾਂ ਨਾਮਕਰਨ ‘ਸ੍ਰੀ ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ ‘ਸ੍ਰੀ ਗੁਰੂ ਨਾਨਕ ਸਟੀਮਰ ਕੰਪਨੀ’ ਵੱਜੋ ਪ੍ਰਕਾਸ਼ਿਤ ਹੋਈਆਂ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ। ਗੁਰੂ ਨਾਨਕ ਜਹਾਜ਼ ਦੇ ਸਫ਼ਰ ਦੌਰਾਨ ਪੰਜ ਅਖੰਡ ਪਾਠ ਅਤੇ ਦੋ ਸਹਿਜ ਪਾਠ ਸੰਪੂਰਨ ਕੀਤੇ ਗਏ। ਜਹਾਜ ਵਿੱਚ ਨਿਸ਼ਾਨ ਸਾਹਿਬ ਝੁੱਲਦਾ ਸੀ ਕਿਉਂਕਿ ਸਾਂਝੇ ਪੰਜਾਬ ਦੇ ਸਭ ਯਾਤਰੂ ਮੰਨਦੇ ਸਨ ਕਿ ‘ਗੁਰੂ ਨਾਨਕ’ ਨਾਂ ਦੇ ਅਧੀਨ ਹੀ ਸਭ ਨੂੰ ‘ਸਾਂਝੀ ਗੋਦ’ ਵਿੱਚ ਲਿਆ ਜਾ ਸਕਦਾ ਸੀ। ਗੁਰੂ ਨਾਨਕ ਸ਼ਬਦ ਰੂਹਾਨੀ ਸਾਂਝ, ਮਨੁੱਖੀ ਪ੍ਰੇਮ, ਜਾਬਰ ਹਕੂਮਤਾਂ ਦਾ ਵਿਰੋਧ ਤੇ ਨਸਲਵਾਦੀ ਵਿਤਕਰੇ ਦੇ ਅੰਤ ਦਾ ਮਹਾਨ ਸਿਧਾਂਤ ਹੈ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵਿੱਚ 341ਸਿੱਖ ਸਨ। ਉਹਨਾਂ ਤੋਂ ਇਲਾਵਾ 24 ਮੁਸਲਮਾਨ ਤੇ 12 ਹਿੰਦੂ ਮੁਸਾਫਿਰ ਵੀ ਆਪੋ-ਆਪਣੇ ਧਾਰਮਿਕ ਅਕੀਦੇ ਅਨੁਸਾਰ ਨਮਾਜ਼ ਅਤੇ ਪੂਜਾ-ਪਾਠ ਕਰਦੇ ਹੋਏ, ਗੁਰੂ ਨਾਨਕ ਜਹਾਜ਼ ‘ਤੇ ਸਵਾਰ ਹੋ ਕੇ 22 ਮਈ ਨੂੰ (ਪੰਜਾਬ ਵਿੱਚ 23 ਮਈ) ਵੈਨਕੂਵਰ ਪਹੁੰਚੇ। ਉਸ ਸਮੇਂ ਦੇ ‘ਸਾਂਝਾ ਪੰਜਾਬ’, ਜੋ ਕਿ ਅੱਜ ਕੱਲ ਭਾਰਤ ਅਤੇ ਪਾਕਿਸਤਾਨ ਵਿੱਚ ਵੰਡਿਆ ਹੋਇਆ ਹੈ, ਦੇ ਵਸਨੀਕ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਸਨ।
        ਨਿਰੰਤਰ ਸਿੱਧੇ ਸਫਰ ਰਾਹੀਂ ਆਉਣ ਅਤੇ ਬ੍ਰਿਟਿਸ਼ ਪਰਜਾ ਹੋਣ ਦੇ ਬਾਵਜੂਦ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨੂੰ ਭੇਦ-ਭਾਵ ਅਤੇ ਨਸਲਵਾਦੀ ਕਾਨੂੰਨਾਂ ਦੇ ਅਧਾਰ ‘ਤੇ, ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਯਾਤਰੀਆਂ ਨੂੰ ਡਾਕਟਰੀ ਸਹਾਇਤਾ, ਭੋਜਨ ਅਤੇ ਪਾਣੀ ਦੀ ਲੋੜੀਂਦੀ ਪਹੁੰਚ ਤੋਂ ਬਿਨਾਂ ਹੀ ਜਹਾਜ਼ ਦੇ ਬੋਰਡ ‘ਤੇ ਰਹਿਣ ਲਈ ਮਜਬੂਰ ਕੀਤਾ ਗਿਆ। ਕਾਨੂੰਨੀ ਪੱਖੋਂ ਸਹੀ ਯਾਤਰਾ ਦਸਤਾਵੇਜ਼ ਰੱਖਣ ਅਤੇ ਭੇਦ-ਭਾਵ ਵਾਲੇ ਦੋ ਸੌ ਡਾਲਰ ਹੈੱਡ ਟੈਕਸ ਦੀ ਵਧੀਕੀ ਦੀ ਪਾਲਣਾ ਕਰਨ ਦੇ ਬਾਵਜੂਦ, ਮੁਸਾਫਿਰਾਂ ਦੇ ਕੈਨੇਡਾ ‘ਚ ਦਾਖਲੇ ‘ਤੇ ਰੋਕ ਲਗਾ ਦਿੱਤੀ ਗਈ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਵਿੱਚ ਸੰਗਤਾਂ ਨੇ ਕਾਨੂੰਨੀ ਲੜਾਈ ਲੜਨ ਅਤੇ ਜਹਾਜ਼ ਦੀ ਕਿਸ਼ਤ ਅਦਾ ਕਰਨ ਲਈ ਭਾਰੀ ਆਰਥਿਕ ਇਮਦਾਦ ਕੀਤੀ। ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ ਦੇ ਹੁਕਮ ਨੂੰ ਕਾਨੂੰਨੀ ਚੁਣੌਤੀ, ਵਕੀਲ ਜੋਸੇਫ ਐਡਵਰਡ ਬਰਡ ਨੇ ਦਿੱਤੀ, ਪਰ ਧੱਕੇਸ਼ਾਹੀ ਅਤੇ ਵਿਤਕਰੇ ਦੀ ਨੀਤੀ ਕਾਰਨ ਉਹ ਅਸਫਲ ਰਿਹਾ। 22 ਜੁਲਾਈ ਨੂੰ (ਪੰਜਾਬ ਵਿੱਚ 23 ਜੁਲਾਈ) ਗੁਰੂ ਨਾਨਕ ਜਹਾਜ਼ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ ਕੈਨੇਡੀਅਨ ਪਾਣੀਆਂ ‘ਚੋਂ ਬਾਹਰ ਕੱਢ ਦਿੱਤਾ ਗਿਆ। 29 ਸਤੰਬਰ 1914 ਨੂੰ ਕਲਕੱਤੇ ਦੀ ਬਜ ਬਜ ਘਾਟ ‘ਤੇ ਪਹੁੰਚਣ ਉੱਪਰ ਬ੍ਰਿਟਿਸ਼ ਇੰਡੀਅਨ ਸਰਕਾਰ ਵੱਲੋਂ ਗੁਰੂ ਨਾਨਕ ਜਹਾਜ਼ ‘ਤੇ ਸਵਾਰ ਲੋਕਾਂ ਨੂੰ, ਸਰਕਾਰ ਵਿਰੋਧੀ ਕਰਾਰ ਦੇ ਕੇ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੌਰਾਨ ਜਹਾਜ਼ ਦੇ ਮੁਸਾਫਿਰ ਗ੍ਰਿਫਤਾਰੀ ਅਤੇ ਪੰਜਾਬ ਵਾਪਸੀ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਬ੍ਰਿਟਿਸ਼ ਸਰਕਾਰ ਵੱਲੋਂ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੁਖਦਾਈ ਘਟਨਾ ਦੀ ਅਗਵਾਈ ਬ੍ਰਿਟਿਸ਼ ਭਾਰਤੀ ਫੌਜਾਂ ਦੁਆਰਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ ਅਤੇ ਬਹੁਤ ਸਾਰੇ ਹੋਰ ਕੈਦ ਹੋ ਗਏ।
       ਗੁਰੂ ਨਾਨਕ ਜਹਾਜ਼ ਦੀ ਇਹ ਦਰਦ ਭਰੀ ਦਾਸਤਾਨ ਬਾਬਾ ਗੁਰਦਿੱਤ ਸਿੰਘ ਜੀ ਨੇ ਆਪਣੇ ਹੱਥੀਂ ਲਿਖੀ ਹੈ। ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ ਅਤੇ ਮਗਰੋਂ ਬਜਬਜ ਘਾਟ ਦਾ ਸ਼ਹੀਦੀ ਸਾਕਾ ਜ਼ਾਲਮ ਅਤੇ ਨਸਲਵਾਦੀ ਸਰਕਾਰਾਂ ਵੱਲੋਂ ਵਰਤਾਏ ਖੂਨੀ ਸਾਕੇ ਦਾ ਦਿਲ-ਕੰਬਾਊ ਅਧਿਆਇ ਸੀ। ਸੁਖਾਂਤਕ ਇਤਿਹਾਸਿਕ ਪਹਿਲੂ ਇਹ ਹੈ ਕਿ 23 ਮਈ 2008 ਨੂੰ ਬ੍ਰਿਟਿਸ਼ ਕਲੰਬੀਆ ਵਿਧਾਨ ਸਭਾ ਵਿੱਚ ਇਸ ਦੁਖਾਂਤ ਦੀ ਮੁਆਫੀ ਮੰਗੀ ਗਈ, ਜਦਕਿ 18 ਮਈ, 2016 ਵਿੱਚ ਕੈਨੇਡਾ ਦੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਬੰਧੀ ਮੁਆਫੀਨਾਮਾ ਜਾਰੀ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ। ਅਗਸਤ 2008 ਵਿੱਚ ‘ਗਦਰੀ ਬਾਬਿਆਂ ਦੇ ਮੇਲੇ’ ਦੌਰਾਨ ਉਸ ਸਮੇਂ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਇਸ ਸਬੰਧੀ ਮੁਆਫੀਨਾਮਾ ਜਾਰੀ ਕੀਤਾ, ਜਦ ਕੀਤੀ 23 ਮਈ 2021 ਨੂੰ ਵੈਨਕੂਵਰ ਦੇ ਮੇਅਰ ਕੈਨ ਸਿਮ ਵੱਲੋਂ ਵੀ ਅਜਿਹਾ ਹੀ ਮੁਆਫੀਨਾਮਾ ਜਾਰੀ ਕੀਤਾ ਗਿਆ। ਮੁਆਫੀਨਾਮਿਆਂ ਨੂੰ ਯਕੀਨੀ ਬਣਾਉਣ ਲਈ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਪਰਿਵਾਰਾਂ ਵੱਲੋਂ ਨਿਭਾਈ ਗਈ ਭੂਮਿਕਾ ਜਿੱਥੇ ਸ਼ਲਾਘਾਯੋਗ ਹੈ, ਉੱਥੇ ਉਹਨਾਂ ਸਮੂਹ ਸੰਸਥਾਵਾਂ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ, ਜਿਹਨਾਂ ਨੇ ਸਮੇਂ-ਸਮੇਂ ਇਸ ਮਸਲੇ ‘ਤੇ ਉਸਾਰੂ ਭੂਮਿਕਾ ਨਿਭਾਈ।
      ਕੈਨੇਡਾ ਦੀ ਪਾਰਲੀਮੈਂਟ ‘ਚ ਪ੍ਰਵਾਸੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਧੱਕੇ ਨਾਲ ਵਾਪਸ ਮੋੜਨ ਦੀਆਂ ਇਤਿਹਾਸਕ ਗ਼ਲਤੀਆਂ ‘ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ, ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ‘ਚ ਖ਼ਾਸ ਮਹੱਤਵ ਰੱਖਦਾ ਹੈ। ਬੇਸ਼ਕ ਇਹ ਵੱਖਰੀ ਗੱਲ ਹੈ ਕਿ ਇਹਨਾਂ ਮੁਆਫੀਨਾਮਿਆਂ ਵਿੱਚ, ਵੈਨਕੂਵਰ ਸ਼ਹਿਰ ਵੱਲੋਂ ਜਾਰੀ ਐਲਾਨਨਾਮੇ ਨੂੰ ਛੱਡ ਕੇ ਹੋਰ ਕਿਧਰੇ ਵੀ ‘ਗੁਰੂ ਨਾਨਕ ਜਹਾਜ਼’ ਸ਼ਬਦ ਨਹੀਂ ਵਰਤਿਆ ਗਿਆ, ਬਲਕਿ ਹਰੇਕ ਪ੍ਰੋਕਲੇਮੇਸ਼ਨ ਵਿੱਚ ‘ਕਾਮਾਗਾਟਾਮਾਰੂ’ ਸ਼ਬਦ ਹੀ ਵਰਤਿਆ ਹੈ, ਜੋ ਕਿ ਇਤਿਹਾਸਿਕ ਤੌਰ ‘ਤੇ ਠੀਕ ਨਹੀਂ। ਇਤਿਹਾਸਿਕ ਸੱਚਾਈ ਦਾ ਗਿਆਨ ਹੋਣ ਮਗਰੋਂ ਹੁਣ ਸਾਡਾ ਸਭਨਾਂ ਦਾ ਫਰਜ਼ ਬਣਦਾ ਹੈ ਕਿ ਇਹਨਾਂ ਮੁਆਫੀਨਾਮਿਆਂ ਦੀ ਸੋਧ ਕਰਵਾ ਕੇ, ਸਹੀ ਨਾਂ ‘ਗੁਰੂ ਨਾਨਕ ਜਹਾਜ਼’ ਸ਼ਬਦ ਲਿਖਵਾਇਆ ਜਾਵੇ । ਅਜਿਹਾ ਕਰਦਿਆਂ ਅਸੀਂ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨਾਲ ਇਨਸਾਫ ਕਰ ਰਹੇ ਹੋਵਾਂਗੇ, ਜਦ ਕਿ ਅਸਲੀਅਤ ਜਾਨਣ ਤੋਂ ਮਗਰੋਂ ਵੀ ਅਜਿਹਾ ਨਾ ਕਰਨਾ ਉਹਨਾਂ ਮੁਸਾਫਰਾਂ ਨਾਲ ਦੂਜੀ ਵਾਰ ਬੇਇਨਸਾਫੀ ਹੋਵੇਗੀ। ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸਫਰ ‘ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਨਾ ਕਿ ਢਹਿੰਦੀ ਕਲਾ’ ਦਾ। ਜ਼ਿਕਰਯੋਗ ਹੈ ਕਿ ਜਿੱਥੋਂ ਨਸਲੀ ਜਬਰ ਨਾਲ 110 ਸਾਲ ਪਹਿਲਾਂ ਗੁਰੂ ਨਾਨਕ ਜਹਾਜ਼ ਮੋੜਿਆ ਗਿਆ ਸੀ, ਉਸੇ ਜਗ੍ਹਾ ‘ਤੇ ਚੜਦੀ ਕਲਾ ਦੇ ਸਫਰ ਦੀ ਗੱਲ ਹੋਣੀ, ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਵੱਲੋਂ ਮਾਨਵਵਾਦੀ ਸਬਰ ਨਾਲ ਨਸਲਵਾਦੀ ਜਬਰ ‘ਤੇ ਗੌਰਵਮਈ ਜਿੱਤ ਕਹੀ ਜਾ ਸਕਦਾ ਹੈ।
ਤਸਵੀਰਾਂ :110ਸਾਲਾ  ਸਮਾਗਮ ਦਾ ਪੋਸਟਰ ਰਿਲੀਜ਼ ਕਰਦੀਆਂ ਪੰਜਾਬੀ ਮੀਡੀਏ ਨਾਲ ਸਬੰਧਤ ਸ਼ਖਸੀਅਤਾਂ।