Headlines

ਗ਼ਜ਼ਲ ਮੰਚ ਸਰੀ ਵੱਲੋਂ ਜੀ.ਐਸ. ਪੀਟਰ ਅਤੇ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਮਿਲਣੀ

ਸਰੀ, 13 ਜੁਲਾਈ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨੀਂ ਪੰਜਾਬ ਤੋਂ ਆਏ ਗਾਇਕ ਜੀ.ਐਸ. ਪੀਟਰ ਅਤੇ ਸ਼ਾਇਰ ਗੁਰਦੀਪ ਲੋਪੋਂ ਨਾਲ ਵਿਸ਼ੇਸ਼ ਮਹਿਫ਼ਿਲ ਰਚਾਈ ਗਈ। ਮੰਚ ਵੱਲੋਂ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੋਹਾਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਦੋਹਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਮੀਟਿੰਗ ਦੌਰਾਨ ਗਾਇਕ ਜੀ. ਐਸ. ਪੀਟਰ ਨੇ ਮਰਹੂਮ ਸ਼ਾਇਰ ਸੁਰਜੀਤ ਪਾਤਰ ਨਾਲ ਜਗਰਾਓਂ ਵਿਖੇ ਆਖਰੀ ਮਹਿਫ਼ਿਲ ਵਿਚ ਹੋਈ ਗੱਲਬਾਤ ਸਾਂਝੀ ਕੀਤੀ ਅਤੇ ਪਾਤਰ ਸਾਹਿਬ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਜੀ.ਐਸ. ਪੀਟਰ ਨੇ ਆਪਣੇ ਸਾਹਿਤਕ ਅਤੇ ਗਾਇਕੀ ਦੀ ਸਫਰ ਬਾਰੇ ਦੱਸਿਆ ਅਤੇ ਸੁਰਜੀਤ ਪਾਤਰ ਦੀਆਂ ਕੁਝ ਗ਼ਜ਼ਲਾਂ ਤਰੰਨੁਮ ਵਿਚ ਪੇਸ਼ ਕੀਤੀਆਂ।

ਸ਼ਾਇਰ ਗੁਰਦੀਪ ਲੋਪੋਂ ਨੇ ਆਪਣੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੱਤੀ ਅਤੇ ਮੋਗੇ ਦੇ ਆਪ ਪਾਸ ਦੀਆਂ ਸਾਹਿਤਕ ਸਰਗਰਮੀਆਂ ਬਾਰੇ ਗੱਲਬਾਤ ਕੀਤੀ। ਉਸ ਨੇ ਗ਼ਜ਼ਲ ਮੰਚ ਸਰੀ ਦੀਆਂ ਸਰਗਰਮੀਆਂ ਦੀ ਪ੍ਰਸੰਸਾ ਕੀਤੀ ਅਤੇ ਆਪਣੀਆਂ ਕੁਝ ਗ਼ਜ਼ਲਾਂ ਸੁਣਾਈਆਂ। ਇਸ ਮੌਕੇ ਉਸ ਦੀ ਛਪ ਰਹੀ ਗ਼ਜ਼ਲ ਪੁਸਤਕ ‘ਖ਼ਤ ਲਿਖੀਂ’ ਦਾ ਸਰਵਰਕ ਰਿਲੀਜ਼ ਕੀਤਾ ਗਿਆ।

ਗ਼ਜ਼ਲ ਮੰਚ ਵੱਲੋਂ ਦੋਹਾਂ ਅਦੀਬਾਂ ਦਾ ਸਨਮਾਨ ਕੀਤਾ ਗਿਆ। ਇਸ ਮਹਿਫ਼ਿਲ ਵਿਚ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਗੁਰਮੀਤ ਸਿੱਧੂ, ਪ੍ਰੀਤ ਮਨਪ੍ਰੀਤ, ਭੁਪਿੰਦਰ ਮੱਲ੍ਹੀ ਅਤੇ ਲਵਪ੍ਰੀਤ ਲੱਕੀ ਸੰਧੂ ਨੇ ਮਹਿਮਾਨ ਸਾਹਿਤਕਾਰਾਂ ਦੀ ਸੰਗਤ ਨੂੰ ਮਾਣਿਆਂ।