Headlines

ਟੋਰਾਂਟੋ ਕਬੱਡੀ ਸੀਜ਼ਨ 2024-ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੂਸਰੀ ਵਾਰ ਬਣਿਆ ਚੈਪੀਅਨ

ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਆਯੋਜਤ-ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਬਣੇ ਸਰਵੋਤਮ ਖਿਡਾਰੀ-
ਹੈਰੀ ਮੰਡੇਰ ਵੱਲੋਂ ਸਾਬਕਾ ਖਿਡਾਰੀਆਂ ਦਾ ਸੋਨ ਤਮਗਿਆਂ ਨਾਲ ਸਨਮਾਨ

ਬਰੈਂਪਟਨ ( ਅਰਸ਼ਦੀਪ ਸਿੰਘ ਸ਼ੈਰੀ )-ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਰਗਰਮ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਗਿਆ ਜਿਸ ਨੂੰ ਜਿੱਤਣ ਦਾ ਮਾਣ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਹਾਸਲ ਕੀਤਾ। ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਪ੍ਰਸਿੱਧ ਟੋਰਾਂਟੋ ਕਬੱਡੀ ਸੀਜ਼ਨ-2024 ’ਚ ਯੂਨਾਈਟਡ ਬਰੈਂਪਟਨ ਦੀ ਇਹ ਦੂਸਰੀ ਖਿਤਾਬੀ ਜਿੱਤ ਸੀ। ਸੀਜ਼ਨ ਦੇ ਇਸ ਚੌਥੇ ਕੱਪ ਦੌਰਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਹਰਿਆਣਵੀ ਛੋਰੇ ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟ ਲਗਾਤਾਰ ਚੌਥੀ ਵਾਰ ਅੱਵਲ ਰਹੇ। ਕੱਪ ਦੌਰਾਨ ਪੰਜ ਸਾਬਕਾ ਖਿਡਾਰੀਆਂ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।
ਪ੍ਰਬੰਧਕੀ ਟੀਮ:- ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਚੇਅਰਮੈਨ ਅਮਨਦੀਪ ਤੂਰ, ਉਪ ਚੇਅਰਮੈਨ ਕਮਲ ਸੰਘੇੜਾ, ਪ੍ਰਧਾਨ ਹੈਰੀ ਮੰਡੇਰ, ਉਪ ਪ੍ਰਧਾਨ ਜਸਵੀਰ ਕੁਲਾਰ, ਸੈਕਟਰੀ ਜਰਨੈਲ ਮੰਡ, ਮੀਡੀਆ ਮੈਨ ਪ੍ਰਿੰਸ ਸੈਣੀ, ਮੈਂਬਰ ਸੁੱਖਾ ਰੰਧਾਵਾ, ਹੈਪੀ ਸੰਘਾ, ਬੂਟਾ ਚਾਹਲ, ਹਰਮਨ ਕਾਲੜਾ, ਤਰਲੋਚਨ ਮੰਡ, ਜਸਵਿੰਦਰ ਢੀਂਡਸਾ, ਹਰਵੇਲ ਢੀਂਡਸਾ, ਜੱਸਾ ਮਾਨ, ਬੂਟਾ ਸਹੋਤਾ, ਜਸਦੀਪ ਟਿਵਾਣਾ, ਸਤਿੰਦਰ ਸਹੋਤਾ, ਤੇ ਪ੍ਰਭ ਸ਼ੇਰਗਿੱਲ ਦੀ ਅਗਵਾਈ ’ਚ ਹੋਏ ਇਸ ਕੱਪ ਲਈ ਲਾਲੀ ਟਿਵਾਣਾ, ਕਰਨੈਲ ਮੰਡ, ਮਨੀ ਢਿੱਲੋਂ, ਮਨਪ੍ਰੀਤ ਪਰਹਾਰ, ਰਾਜਾ ਫੰਗੂੜਾ, ਜਸਵੀਰ ਕੋਟ, ਬੂਟਾ ਸਹੋਤਾ, ਗੁਰਮੇਲ ਗੇਲਾ ਪੱਤੜ ਨੇ ਵੀ ਸਹਿਯੋਗ ਦਿੱਤਾ। ਕੱਪ ਜੇਤੂ ਟੀਮ ਨੂੰ ਇਨਾਮ ਨਵ ਪੰਧੇਰ ਵੱਲੋਂ ਤੇ ਉਪ ਜੇਤੂ ਟੀਮ ਨੂੰ ਨਿੰਦਰ ਧਾਲੀਵਾਲ ਤੇ ਕੁਲਵਿੰਦਰ ਪੱਤੜ (ਸਰਬਲੋਹ) ਵੱਲੋਂ ਦਿੱਤਾ ਗਿਆ।

ਮਹਿਮਾਨ ਤੇ ਸਨਮਾਨ:- ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਮ.ਪੀ. ਜਸਰਾਜ ਹੱਲਣ, ਐਮ.ਪੀ. ਟਿੰਮ ਉੱਪਲ ਤੇ ਐਮ.ਪੀ. ਰੂਬੀ ਸਹੋਤਾ,  ਮੇਅਰ ਪੈਟ੍ਰਿਕ ਬਰਾਊਨ, ਪੰਜਾਬ ਤੋਂ ਰਾਣਾ ਰੰਧਾਵਾ ਸਾਬਕਾ ਚੇਅਰਮੈਨ, ਕਬੱਡੀ ਪ੍ਰਮੋਟਰ ਗੁਰਮੇਲ ਸਿੰਘ ਪਹਿਲਵਾਨ ਆਦਿ ਪੁੱਜੇ। ਇਸ ਮੌਕੇ ਮੇਜ਼ਬਾਨ ਕਲੱਬ ਦੇ ਪ੍ਰਧਾਨ ਹੈਰੀ ਮੰਡੇਰ (ਅਮੈਰਕਨ ਸਿਸਟਮ) ਅਤੇ ਹਰਮਨ ਕਾਲੜਾ ਵੱਲੋਂ ਨਾਮਵਰ ਤੇ ਸਾਬਕਾ ਖਿਡਾਰੀ ਸੰਦੀਪ ਲੱਲੀਆਂ, ਸੰਦੀਪ ਗੁਰਦਾਸਪੁਰ, ਬੀਰਾ ਸਿੱਧਵਾਂ ਤੇ ਕੁਮੈਂਟੇਟਰ ਕਾਲਾ ਰਛੀਨ ਦਾ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਕੁਲਵਰਨ ਮਾਣਾ ਅਤੇ ਸਨੀ ਕੋਹਾੜ ਦਾ ਵੀ ਸੋਨ ਤਗਮਿਆਂ ਨਾਲ ਸਨਮਾਨ ਕੀਤਾ ਗਿਆ।

ਕਬੱਡੀ ਮੁਕਾਬਲੇ:- ਇਸ ਕੱਪ ਦੇ ਪਹਿਲੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੇਜ਼ਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 35-31.5 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਥਾਂ ਬਣਾਈ। ਦੂਸਰੇ ਮੈਚ ’ਚ ਜੀ ਟੀ ਏ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 41.5-32 ਅੰਕਾਂ ਨਾਲ ਹਰਾਕੇ ਆਖਰੀ ਚਾਰ ਟੀਮਾਂ ’ਚ ਥਾਂ ਬਣਾਈ। ਤੀਸਰੇ ਮੈਚ ’ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 43.5-29 ਅੰਕਾਂ ਨਾਲ ਹਰਾਕੇ, ਸੈਮੀਫਾਈਨਲ ’ਚ ਪ੍ਰਵੇਸ਼ ਕੀਤਾ। ਚੌਥੇ ਮੈਚ ’ਚ
ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 37-31.5 ਅੰਕਾਂ ਨਾਲ ਹਰਾਕੇ ਸੈਮੀਫਾਈਨਲ ’ਚ ਥਾਂ ਬਣਾਈ।
ਪਹਿਲੇ ਸੈਮੀਫਾਈਨਲ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਬੇਹੱਦ ਫਸਵੇਂ ਮੈਚ ’ਚ ਜੀ ਟੀ ਏ ਕਲੱਬ ਦੀ ਟੀਮ ਨੂੰ 45.5-42 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਬਹੁਤ ਰੋਚਕ ਸੈਮੀਫਾਈਨਲ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓ.ਕੇ.ਸੀ. ਕਲੱਬ ਦੀ ਟੀਮ ਨੂੰ 39.5-38 ਅੰਕਾਂ ਨਾਲ ਹਰਾਕੇ ਫਾਈਨਲ ’ਚ ਥਾਂ ਬਣਾਈ। ਫਾਈਨਲ ਮੁਕਾਬਲੇ ’ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 45-36.5 ਅੰਕਾਂ ਨਾਲ ਹਰਾਕੇ, ਸੀਜ਼ਨ ਦਾ ਦੂਸਰਾ ਖਿਤਾਬ ਜਿੱਤਿਆ। ਅੰਡਰ-21 ਵਰਗ ’ਚ ਲਗਤਾਰ ਚੌਥੀ ਵਾਰ ਕੋਚ ਭੋਲਾ ਲਿੱਟ ਤੇ ਸੁਰਿੰਦਰ ਟੋਨੀ ਕਾਲਖ ਤੋਂ ਸਿਖਲਾਈ ਯਾਫਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਜੇਤੂ ਰਹੇ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ।

ਸਰਵੋਤਮ ਖਿਡਾਰੀ:- ਇਸ ਕੱਪ ਦੌਰਾਨ ਵੀ ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਸੈਮੀ ਤੇ ਫਾਈਨਲ ਮੁਕਾਬਲਿਆਂ ਦੇ ਅਧਾਰ ’ਤੇ ਸਰਵੋਤਮ ਖਿਡਾਰੀਆਂ ਦੀ ਚੋਣ ਕੀਤੀ ਗਈ। ਜਿਸ ਤਹਿਤ ਕੱਪ ਜੇਤੂ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਨੇ 25 ਕੋਸ਼ਿਸ਼ਾਂ ਤੋਂ 7 ਜੱਫੇ ਲਗਾਕੇ, ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਇਸ ਸੀਜ਼ਨ ਦੇ ਹੁਣ ਤੱਕ ਹੋਏ ਚਾਰ ਟੂਰਨਾਮੈਂਟਾਂ ’ਚੋਂ ਤੀਸਰੀ ਵਾਰ ਸ਼ੀਲੂ ਸਰਵੋਤਮ ਧਾਵੀ ਬਣਿਆ। ਉਪ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਰਵੀ ਕੈਲਰਮ ਨੇ 33 ਰੇਡਾਂ ਤੋਂ 29 ਅੰਕ ਹਾਸਲ ਕਰਕੇ, ਸਰਵੋਤਮ ਧਾਵੀ ਦਾ ਖਿਤਾਬ ਆਪਣੇ ਨਾਮ ਕੀਤਾ। ਇਹ ਉਸਦਾ ਪਹਿਲਾ ਖਿਤਾਬ ਸੀ।

ਸੰਚਾਲਕ ਦਲ:- ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਬਹੁਤ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਅਮਨ ਲੋਪੋ, ਕਾਲਾ ਰਛੀਨ, ਸਾਹਿਲ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾਕੇ ਪੇਸ਼ ਕੀਤਾ।

ਤਿਰਛੀ ਨਜ਼ਰ:- ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਖੁਸ਼ਨੁਮਾ ਗੱਲ ਇਹ ਰਹੀ ਕਿ ਖਿਡਾਰੀ ਸੱਟਾਂ-ਫੇਟਾਂ ਤੋਂ ਬਚੇ ਰਹੇ। ਇਨਾਮਾਂ-ਸਨਮਾਨਾਂ ਦੀਆਂ ਰਸਮਾਂ ਬੜੀ ਮਰਿਆਦਾ ਤੇ ਸ਼ਾਨ ਨਾਲ ਨੇਪਰੇ ਚੜੀਆ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿੰਨਾਂ ਨਾਲ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।

ਤਸਵੀਰ:- 1. ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ ਕੱਪ ਜੇਤੂ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ।
2. ਸੰਦੀਪ ਲੱਲੀਆਂ, ਸੰਦੀਪ ਗੁਰਦਾਸਪੁਰ, ਬੀਰਾ ਸੰਧਵਾਂ, ਕੁਲਵਰਣ ਮਾਣੂ ਤੇ ਸੰਨੀ ਕੋਹਾੜ ਨੂੰ ਸੋਨ ਤਗਮਿਆਂ ਨਾਲ ਸਨਮਾਨਿਤ ਕਰਦੇ ਹੋਏ ਹੈਰੀ ਮੰਡੇਰ, ਹਰਮਨ ਕਾਲੜਾ, ਜਰਨੈਲ ਮੰਡ ਤੇ ਸਾਥੀ।
3. ਕਬੱਡੀ ਪ੍ਰਮੋਟਰ ਸੰਦੀਪ ਜੈਂਟੀ ਨੂੰ ਸਨਮਾਨਿਤ ਕਰਦੇ ਹੋਏ ਐਮ.ਪੀ. ਟਿੰਮ ਉੱਪਲ, ਐਮ.ਪੀ. ਜਸਰਾਜ ਹੱਲਣ ਤੇ ਟੋਰਾਂਟੋ ਪੰਜਾਬੀ ਕਲੱਬ ਦੇ ਸੰਚਾਲਕ।
4. ਸਰਵੋਤਮ ਜਾਫੀ ਸ਼ੀਲੂ ਬਾਹੂ ਅਕਬਰਪੁਰ ਤੇ ਸਰਵੋਤਮ ਧਾਵੀ ਰਵੀ ਕੈਲਰਮ ਨੂੰ ਇਨਾਮ ਪ੍ਰਦਾਨ ਕਰਦੇ ਹੋਏ ਟੂਰਨਾਮੈਂਟ ਪ੍ਰਬੰਧਕ।
5. ਟੂਰਨਾਮੈਂਟ ਦੀ ਮੇਜ਼ਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਕਲੱਬ ਸੰਚਾਲਕਾਂ ਨਾਲ।
6.  ਇੱਕ ਕਾਲਮੀ ਤਸਵੀਰ– ਐਮ.ਪੀ. ਰੂਬੀ ਸਹੋਤਾ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ।
7. ਇੱਕ ਕਾਲਮੀ ਤਸਵੀਰ- ਹੈਰੀ ਮੰਡੇਰ ਤੇ ਹਰਮਨ ਕਾਲੜਾ ਸਾਬਕਾ ਖਿਡਾਰੀ ਸੰਦੀਪ ਲੱਲੀਆਂ, ਸੰਦੀਪ ਗੁਰਦਾਸਪੁਰ, ਬੀਰਾ ਸਿੱਧਵਾਂ ਤੇ ਬੁਲਾਰੇ ਕਾਲਾ ਰਛੀਨ ਨੂੰ ਸਨਮਾਨਿਤ ਕਰਦੇ ਹੋਏ।