Headlines

ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ

ਕਲਮਾਂ ਦੀ ਸਾਂਝ ਸਾਹਿਤ ਸਭਾ ਅਤੇ ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵੱਲੋਂ  ਸਨਮਾਨ ਸਮਾਗਮ-

ਬਰੈਂਪਟਨ, (ਡਾ. ਝੰਡ)- ਕੰਪਿਊਟਰ ਦੇ ਮਾਹਿਰ ਕਿਰਪਾਲ ਸਿੰਘ ਪੰਨੂ ਵੱਲੋਂ ਇਸ ਖ਼ੇਤਰ ਵਿਚ ਅਰਪਿਤ ਕੀਤੀਆਂ ਗਈਆਂ ਬਹੁ-ਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਲੰਘੇ ਐਤਵਾਰ 14 ਜੁਲਾਈ ਨੂੰ ਬਰੈਂਪਟਨ ਦੀ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਵੱਲੋਂ ਉਨ੍ਹਾਂ ਨੂੰ ‘ਲਾਈਫ਼ ਟਾਈਮ ਅਚੀਵਮੈਂਟ’ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸਮਾਗ਼ਮ ਦੇ ਪਹਿਲੇ ਸੈਸ਼ਨ ਵਿਚ ਭਾਰਤ ਵਿਚ ਨਾਮਧਾਰੀ ਲਹਿਰ ਦੇ ਯੋਗਦਾਨ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਦੋਹਾਂ ਸੈਸ਼ਨਾਂ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਹ ਸਨਮਾਨ ਸਮਾਗ਼ਮ 114 ਕੈਨੇਡੀ ਰੋਡ ਸਥਿਤ ‘ਵਿਸ਼ਵ ਪੰਜਾਬੀ ਭਵਨ’ ਵਿਚ ਆਯੋਜਿਤ ਕੀਤਾ ਗਿਆ।

ਸਮਾਗ਼ਮ ਦੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ-ਮੰਡਲ ਵਿਚ ਉੱਘੇ ਖੇਡ-ਲੇਖਕ ਪ੍ਰਿੰ. ਸਰਵਣ ਸਿੰਘ, ਪ੍ਰੋੜ ਲੇਖਕ ਪੂਰਨ ਸਿੰਘ ਪਾਂਧੀ, ਪ੍ਰੋ. ਰਾਮ ਸਿੰਘ, ਡਾ. ਕੰਵਲਜੀਤ ਕੌਰ ਢਿੱਲੋਂ, ਨਾਮਧਾਰੀ ਸੰਗਤ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਤੇ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਦੇ  ਪ੍ਰਧਾਨ ਹਰਦਿਆਲ ਸਿੰਘ ਝੀਤਾ ਸ਼ਾਮਲ ਸਨ। ਹਰਦਿਆਲ ਸਿੰਘ ਝੀਤਾ ਤੇ ਕਰਨੈਲ ਸਿੰਘ ਮਰਵਾਹਾ ਵੱਲੋਂ ਸਮਾਗ਼ਮ ਵਿਚ ਆਏ ਹੋਏ ਮਹਿਮਾਨਾਂ ਦਾ ਸੁਆਗ਼ਤ ਕਰਨ ਤੇ ਉਨ੍ਹਾਂ ਨੂੰ ‘ਜੀ-ਆਇਆਂ’ ਕਹਿਣ ਤੋਂ ਬਾਅਦ ਮੰਚ-ਸੰਚਾਲਕ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਸੱਭ ਤੋਂ ਪਹਿਲਾਂ ਡਾ. ਕੰਵਲਜੀਤ ਕੌਰ ਢਿੱਲੋਂ ਨੂੰ ਨਾਮਧਾਰੀ ਲਹਿਰ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ ਜਿਨ੍ਹਾਂ ਨੇ ਇਸ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਵੱਲੋਂ ਭਾਰਤ ਦੀ ਆਜ਼ਾਦੀ ਅਤੇ ਸਮਾਜ ਸੁਧਾਰ ਲਈ ਚੁੱਕੇ ਗਏ ਕਦਮਾਂ ਦੀ ਭਰਪੂਰ ਸਰਾਹਨਾ ਕੀਤੀ। ਇਨ੍ਹਾਂ ਵਿਚ ਔਰਤਾਂ ਦੀ ਬਰਾਬਰੀ, ਸਤੀ-ਪ੍ਰਥਾ ਖ਼ਤਮ ਕਰਨ ਤੇ ਜੰਮਦੀਆਂ ਲੜਕੀਆਂ ਨੂੰ ਮਾਰਨ ਦਾ ਵਿਰੋਧ, ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਸਨ। ਸੈਸ਼ਨ ਦੇ ਦੂਸਰੇ ਬੁਲਾਰੇ ਅਜੀਤ ਸਿੰਘ ਲਾਇਲ ਨੇ ਸਤਿਗੁਰੂ ਰਾਮ ਸਿੰਘ ਵੱਲੋਂ ਨਾਮਧਾਰੀ ਲਹਿਰ ਦੇ ਆਰੰਭ ਅਤੇ ਇਸ ਦੇ ਸਮੁੱਚੇ ਪ੍ਰਭਾਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਬਾਣੀ ਸੰਗੀਤ ਦੀ ਮਹਾਨਤਾ ਬਾਰੇ ਬੋਲਦਿਆਂ ਤੀਸਰੇ ਬੁਲਾਰੇ ਪੂਰਨ ਸਿੰਘ ਪਾਂਧੀ ਨੇ 1947 ਦੀ ਭਾਰਤ-ਪਾਕਿ ਵੰਡ ਤੋਂ ਬਾਅਦ ਮੁਸਲਿਮ ‘ਡੂਮ ਰਾਗੀਆਂ’ ਦੇ ਪਾਕਿਸਤਾਨ ਜਾਣ ਤੋਂ ਬਾਅਦ ਅਜੋਕੇ ਰਾਗੀ ਸਿੰਘਾਂ ਵੱਲੋਂ ਹਾਰਮੋਨੀਅਮ ਤੇ ਜੋੜੀ ਨਾਲ ਕੀਤੇ ਜਾ ਰਹੇ ਗੁਰਬਾਣੀ ਕੀਰਤਨ ਵਿਚ ਆਈਆਂ ਕਈ ਤਰੁੱਟੀਆਂ ਬਾਰੇ ਜ਼ਿਕਰ ਕੀਤਾ ਜਿਨ੍ਹਾਂ ਵਿਚ ਤੰਤੀ-ਸਾਜ਼ਾਂ ਅਤੇ ਕੀਰਤਨ ਦੌਰਾਨ ਪ੍ਰਮਾਣਾਂ, ਅਲਾਪਾਂ, ਮੁਰਕੀਆਂ ਤੇ ਪੜਤਾਲਾਂ, ਆਦਿ ਦੀ ਘਾਟ ਖ਼ਾਸ ਤੌਰ ‘ਤੇ ਰੜਕਦੀ ਹੈ।  ਉਨ੍ਹਾਂ ਕਿਹਾ ਕਿ ਨਾਮਧਾਰੀ ਰਾਗੀ-ਜੱਥਿਆਂ ਵੱਲੋਂ ਤੰਤੀ-ਸਾਜ਼ਾਂ ਨਾਲ ਕੀਰਤਨ ਕਰਕੇ ਗੁਰਬਾਣੀ ਕੀਰਤਨ ਦੀ ਪਰੰਪਰਾ ਨੂੰ ਮੁੜ-ਸੁਰਜੀਤ ਕੀਤਾ ਗਿਆ ਹੈ। ਅਗਲੇ ਬੁਲਾਰੇ ਡਾ. ਪਰਗਟ ਸਿੰਘ ਨੇ ਸਿੱਖੀ ਵਿਚ ‘ਸੇਵਾ’ ਦੇ ਸੰਕਲਪ ਨੂੰ ਆਪਣੇ ਬੋਲਣ ਦਾ ਵਿਸ਼ਾ ਬਣਾਇਆ, ਜਦਕਿ ਪ੍ਰੋ. ਰਾਮ ਸਿੰਘ ਨੇ ਪਿਛਲੇ 150 ਸਾਲਾਂ ਦੌਰਾਨ ਸਮੇਂ-ਸਮੇਂ ਉੱਠੀਆਂ ਆਜ਼ਾਦੀ ਤੇ ਸਮਾਜ ਸੁਧਾਰ ਦੀਆਂ ਵੱਖ-ਵੱਖ ਲਹਿਰਾਂ – ‘ਕੂਕਾ ਲਹਿਰ’, ‘ਗ਼ਦਰ ਲਹਿਰ’, ‘ਗੁਰਦੁਆਰਾ ਸੁਧਾਰ ਲਹਿਰ’  ਤੇ ‘ਆਰੀਆ ਸਮਾਜੀ ਲਹਿਰ ਦਾ ਸੰਖੇਪ ਜ਼ਿਕਰ ਕੀਤਾ। ਪ੍ਰੋ. ਜਗੀਰ ਸਿੰਘ ਕਾਹਲੋਂ ਤੇ ਮਲੂਕ ਸਿੰਘ ਕਾਹਲੋਂ ਵੱਲੋਂ ਵੀ ਇਸ ਸੈਸ਼ਨ ਵਿਚ ਨਾਮਧਾਰੀ ਲਹਿਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਗਏ।

ਸਮਾਗ਼ਮ ਦੇ ਦੂਸਰੇ ਸੈਸ਼ਨ ਵਿਚ ਮੰਚ-ਸੰਚਾਲਕ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਸਮਾਗ਼ਮ ਦੇ ਮੁੱਖ-ਮਹਿਮਾਨ ਕਿਰਪਾਲ ਸਿੰਘ ਪੰਨੂੰ, ਸ਼੍ਰੀਮਤੀ ਪਤਵੰਤ ਕੌਰ ਪੰਨੂੰ, ਪ੍ਰਿੰਸੀਪਲ ਸਰਵਣ ਸਿੰਘ, ‘ਕਲਮਾਂ ਦਾ ਕਾਫ਼ਲਾ’ ਦੇ ਸਾਬਕਾ ਕੋਆਰਡੀਨੇਟਰ ਭੁਪਿੰਦਰ ਦੁਲੇ, ਰੇਡੀਓ ‘ਸਰਗ਼ਮ’ ਦੇ ਸੰਚਾਲਕ ਡਾ. ਬਲਵਿੰਦਰ ਧਾਲੀਵਾਲ, ਕਰਨੈਲ ਸਿੰਘ ਮਰਵਾਹਾ ਅਤੇ ਸੁਖਵਿੰਦਰ ਸਿੰਘ ਝੀਤਾ ਨੂੰ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ। ਉਪਰੰਤ, ਹਰਦਿਆਲ ਝੀਤਾ ਵੱਲੋਂ ਇਸ ਸੈਸ਼ਨ ਵਿਚ ਮਹਿਮਾਨਾਂ ਦੇ ਰਸਮੀ ਸੁਆਗ਼ਤ ਤੋਂ ਬਾਅਦ ਐੱਮ.ਸੀ. ਵੱਲੋਂ ਪਹਿਲੇ ਬੁਲਾਰੇ ਭੁਪਿੰਦਰ ਦੁਲੇ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ ਗਿਆ ਜਿਨ੍ਹਾਂ ਨੇ ‘ਕਲਮਾਂ ਦੇ ਕਾਫ਼ਲੇ’ ਦੇ ਸ਼ੁਰੂਆਤੀ ਦੌਰ ਵਿਚ ਕਿਰਪਾਲ ਸਿੰਘ ਪੰਨੂੰ ਹੋਰਾਂ ਦੀ ਸ਼ਮੂਲੀਅਤ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਇਸ ਵਿਚ ਆਪਣੀਆਂ ਕਵਿਤਾਵਾਂ ਤੇ ਕਈ ਦਿਲਚਸਪ ਟੋਟਕੇ ਸੁਨਾਉਣ ਦਾ ਬਾਖ਼ੂਬੀ ਜ਼ਿਕਰ ਕੀਤਾ। ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੇ ਪੰਨੂੰ ਸਾਹਿਬ ਨਾਲ ਆਪਣੀ ਪਹਿਲੀ ਮੁਲਾਕਾਤ ਤੇ ਬਾਅਦ ਵਿਚ ਉਨ੍ਹਾਂ ਕੋਲੋਂ ਕੰਪਿਊਟਰ ਸਿੱਖਣ ਦਾ ਜ਼ਿਕਰ ਬੜੇ ਭਾਵਪੂਰਤ ਸ਼ਬਦਾਂ ਵਿਚ ਕੀਤਾ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਪੰਨੂੰ ਹੋਰਾਂ ਨਾਲ ‘ਕਲਮਾਂ ਦੇ ਕਾਫ਼ਲੇ’ ਦੀਆਂ ਮੀਟਿੰਗਾਂ ਵਿਚਲੀਆਂ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ। ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਸੰਬੋਧਨ ਵਿਚ ਪੰਨੂੰ ਸਾਹਿਬ ਨੂੰ “ਕੰਪਿਊਟਰ ਦੇ ਰੋਗਾਂ ਤੇ ਰੋਗੀਆਂ ਦਾ ਵੈਦ” ਕਿਹਾ। ਉਨ੍ਹਾਂ ਪੰਨੂੰ ਸਾਹਿਬ ਵੱਲੋਂ ਗੁਰਮੁਖੀ ਲਿਪੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਕਰਨ ਵਾਲੇ ‘ਕਨਵਰਟਰ’ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਸ ਨੇ ਦੋਹਾਂ ਪੰਜਾਬਾਂ ਨੂੰ ਹੋਰ ਨੇੜੇ ਕਰ ਦਿੱਤਾ ਹੈ। ਸਭਾ ਦੇ ਹੋਰ ਮੈਂਬਰਾਂ ਤਲਵਿੰਦਰ ਸਿੰਘ ਮੰਡ, ਡਾ. ਜਗਮੋਹਨ ਸਿੰਘ ਸੰਘਾ ਤੇ ਸੁਖਚਰਨਜੀਤ ਕੌਰ ਗਿੱਲ ਵੱਲੋਂ ਵੀ ਪੰਨੂੰ ਸਾਹਿਬ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।

ਪ੍ਰਿੰ. ਸਰਵਣ ਸਿੰਘ ਨੇ ਕਿਰਪਾਲ ਸਿੰਘ ਪੰਨੂੰ ਦੇ 75’ਵੇਂ ਜਨਮ-ਦਿਨ ‘ਤੇ 2011 ਵਿਚ ਉਨ੍ਹਾਂ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਕੰਪਿਊਟਰ ਦਾ ਧਨੰਤਰ : ਕਿਰਪਾਲ ਸਿੰਘ ਪੰਨੂੰ’ ਬਾਰੇ ਦੱਸਦਿਆਂ ਕਿਹਾ ਕਿ ਇਸ ਦਾ ਨਾਮਕਰਣ ਕਰਨ ਲੱਗਿਆਂ ਕਈ ਟਾਈਟਲ “ਕੰਪਿਊਟਰ ਦਾ ਧੰਨਾ ਜੱਟ: ਕਿਰਪਾਲ ਸਿੰਘ ਪੰਨੂੰ”, “ਕੰਪਿਊਟਰ ਦਾ ਭਾਈ ਘਨੱਈਆ: ਕਿਰਪਾਲ ਸਿੰਘ ਪੰਨੂੰ”, “ਕੰਪਿਊਟਰ ਦਾ ਧਨੰਤਰ”: ਕਿਰਪਾਲ ਸਿੰਘ ਪੰਨੂੰ, ਆਦਿ ਵਿਚਾਰ ਅਧੀਨ ਆਏ ਪਰ ਅਖ਼ੀਰ ‘ਗੁਣਾ’ “ਕੰਪਿਊਟਰ ਦਾ ਧਨੰਤਰ” ਵਾਲੇ ਟਾਈਟਲ ‘ਤੇ ਹੀ ਪਿਆ। ਉਨ੍ਹਾਂ ਕਿਹਾ ਕਿ ਇਸ ਪੁਸਤਕ ਵਿਚ 47 ਵੱਖ-ਵੱਖ ਲੇਖਕਾਂ ਨੇ ਪੰਨੂੰ ਸਾਹਿਬ ਬਾਰੇ ਆਪਣੇ ਵਿਚਾਰ ਲਿਖਤੀ ਰੂਪ ਵਿਚ ਦਰਜ ਕਰਵਾਏ ਹਨ। ਸਾਰੇ ਆਰਟੀਕਲ ਹੀ ਬਹੁਤ ਵਧੀਆ ਹਨ ਪਰ ਫਿਰ ਵੀ ਉਨ੍ਹਾਂ ਦੀ ਨਿੱਜੀ ਇੱਛਾ ਹੈ ਕਿ ਪੰਨੂੰ ਸਾਹਿਬ ਆਪਣੀ ਸਵੈ-ਜੀਵਨੀ ਜ਼ਰੂਰ ਲਿਖਣ। ਰੇਡੀਓ ‘ਸਰਗਮ’ ਦੇ ਸੰਚਾਲਕ ਡਾ. ਬਲਵਿੰਦਰ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਪੰਨੂੰ ਸਾਹਿਬ ਦੇ ਪੰਜਾਬੀ ‘ਕੀ-ਬੋਰਡ’, ‘ਪੰਜਾਬੀ ਫੌਂਟਸ’ ਅਤੇ ਉਨ੍ਹਾਂ ਦੀ ਆਪਸੀ ਤਬਦੀਲੀ ਬਾਰੇ ਦੱਸਿਆ। ਉਨ੍ਹਾਂ ਬੀ.ਐੱਸ.ਐੱਫ਼. ਵਿਚ ਸਰਵਿਸ ਦੌਰਾਨ 1965 ਵਿਚ ਪੰਨੂੰ ਹੁਰਾਂ ਵੱਲੋਂ ਆਪਣੀ ਪਤਨੀ ਪਤਵੰਤ ਕੌਰ ਨੂੰ ਲਿਖੀ ਹੋਈ ਭਾਵੁਕ ਤੇ ਕਾਫ਼ੀ ਦਿਲਚਸਪ ਚਿੱਠੀ ਵੀ ਪੜ੍ਹ ਕੇ ਸੁਣਾਈ। ਹੋਰ ਕਈ ਬੁਲਾਰਿਆਂ ਤੋਂ ਇਲਾਵਾ ‘ਕਰਾਊਨ ਇਮੀਗਰੇਸ਼ਨ’ ਦੇ ਰਾਜਪਾਲ ਸਿੰਘ ਹੋਠੀ, ਏਹਨੀਂ ਦਿਨੀਂ ਪੰਜਾਬ ਤੋਂ ਆਏ ‘ਪੰਜਾਬੀ ਟ੍ਰਿਬਿਊਨ’ ਦੇ 80’ਵਿਆਂ ਤੇ ਇਸ ਤੋਂ ਬਾਅਦ ਛਪਦੇ ਰਹੇ ਹਰਮਨ-ਪਿਆਰੇ ਕਾਲਮ ‘ਅੰਗਸੰਗ’ ਵਾਲੇ ਸਾਬਕਾ ਸਬ-ਐਡੀਟਰ ਸ਼ਾਮ ਸਿੰਘ, ਐਡਵੋਕੇਟ ਸੁੱਚਾ ਸਿੰਘ ਮਾਂਗਟ, ਪ੍ਰੋ. ਰਾਮ ਸਿੰਘ, ਲਹਿੰਦੇ ਪੰਜਾਬ ਦੇ ਮਕਸੂਦ ਚੌਧਰੀ, ਸਕੂਲ-ਟਰੱਸਟੀ ਬਲਬੀਰ ਸੋਹੀ, ‘ਸਰਗਮ’ ਰੇਡੀਓ ਦੀ ਕੋ-ਹੋਸਟ ਸੰਦੀਪ ਧੰਨੋਆ, ਕਵਿੱਤਰੀਆਂ ਪਰਮਜੀਤ ਦਿਓਲ ਤੇ ਹਰਭਜਨ ਕੌਰ ਗਿੱਲ ਨੇ ਵੀ ਪੰਨੂੰ ਸਾਹਿਬ ਦੀਆਂ ਕੰਪਿਊਟਰ-ਸੇਵਾਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਏ। ਰਿੰਕੂ ਭਾਟੀਆ ਨੇ ਬਾਬਾ ਬੁਲ੍ਹੇ ਸ਼ਾਹ ਦੀ ਕਾਫ਼ੀ ਗਾ ਕੇ ਆਪਣੀ ਹਾਜ਼ਰੀ ਲੁਆਈ, ਜਦਕਿ ਬੀਬਾ ਅਗਮਪ੍ਰੀਤ ਨੇ ਆਪਣੀ ਸੁਰੀਲੀ ਆਵਾਜ਼ ਵਿਚ ਸੁਰਜੀਤ ਪਾਤਰ ਦੀ ਸਦਾ-ਬਹਾਰ ਗ਼ਜ਼ਲ ‘ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ’ ਤਰੰਨਮ ਵਿਚ ਸੁਣਾਈ।

ਸਮਾਗ਼ਮ ਦਾ ਤੀਸਰਾ ਪੜਾਅ ਕਿਰਪਾਲ ਸਿੰਘ ਪੰਨੂੰ ਹੋਰਾਂ ਨੂੰ ਸਨਮਾਨਿਤ ਕਰਨ ਦਾ ਸੀ। ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਦੇ ਪ੍ਰਧਾਨ ਹਰਦਿਆਲ ਸਿੰਘ ਝੀਤਾ ਵੱਲੋਂ ਪੰਨੂੰ ਸਾਹਿਬ ਦੇ ਮਾਣ ਵਿਚ ‘ਸਨਮਾਨ-ਪੱਤਰ’ ਪੜ੍ਹਿਆ ਗਿਆ। ਉਪਰੰਤ, ਉਨ੍ਹਾਂ ਦੇ ਮਾਤਾ-ਪਿਤਾ ਦੀ ਯਾਦ ਵਿਚ ਉਨ੍ਹਾਂ ਵੱਲੋਂ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਇਹ ‘ਮਾਣ-ਸਨਮਾਨ’ ਪਰਿਵਾਰਕ ਮੈਂਬਰਾਂ, ਨਾਮਧਾਰੀ ਸੰਗਤ ਦੇ ਪ੍ਰਧਾਨ ਕਰਨੈਲ ਸਿੰਘ ਮਰਵਾਹਾ ਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਮਿਲ ਕੇ ਪੰਨੂੰ ਸਾਹਿਬ ਨੂੰ ਭੇਂਟ ਕੀਤਾ ਗਿਆ। ਇਸ ਵਿਚ ਸ਼ਾਨਦਾਰ ‘ਸਨਮਾਨ-ਚਿੰਨ’ ਤੇ ਲੋਈ ਦੇ ਨਾਲ ਕੁਝ ਨਕਦ-ਰਾਸ਼ੀ ਸ਼ਾਮਲ ਸੀ। ਇਸ ਦੇ ਨਾਲ ਹੀ ਪ੍ਰਬੰਧਕਾਂ ਵੱਲੋਂ ਪੰਨੂੰ ਸਾਹਿਬ ਦੇ ਗਲ਼ ਵਿਚ ਮੋਤੀਆਂ ਦੀ ਖ਼ੂਬਸੂਰਤ ਮਾਲ਼ਾ ਵੀ ਪਾਈ ਗਈ। ਏਸੇ ਤਰ੍ਹਾਂ ਉਨ੍ਹਾਂ ਦੀ ਅਰਧਾਂਗਣੀ ਸ਼੍ਰੀਮਤੀ ਪਤਵੰਤ ਕੌਰ ਨੂੰ ਗਰਮ ਸ਼ਾਲ ਭੇਂਟ ਕੀਤੀ ਗਈ ਤੇ ਗਲ਼ ਵਿਚ ਮੋਤੀਆਂ ਦੀ ਮਾਲ਼ਾ ਪਾਈ ਗਈ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪੰਨੂੰ ਸਾਹਿਬ ਨੂੰ ਦਸਤਾਰ ਭੇਂਟ ਕੀਤੀ ਗਈ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਗਰਮ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਅਗਾਊਂ ਜ਼ਰੂਰੀ ਰੁਝੇਵਿਆਂ ਕਾਰਨ ਪੰਨੂੰ ਸਾਹਿਬ ਦੇ ਕਈ ਨਜ਼ਦੀਕੀ ਸੱਜਣ ਇਸ ਸਮਾਗ਼ਮ ਵਿਚ ਹਾਜ਼ਰ ਨਾ ਹੋ ਸਕੇ ਅਤੇ ਉਨ੍ਹਾਂ ਨੇ ਪੰਨੂੰ ਸਾਹਿਬ ਲਈ ਵਧਾਈ-ਸੰਦੇਸ਼ ਭੇਜੇ। ਇਨ੍ਹਾਂ ਵਿਚ ਡਾ. ਵਰਿਆਮ ਸਿੰਘ ਸੰਧੂ, ‘ਕਲਮਾਂ ਦਾ ਕਾਫ਼ਲਾ’ ਦੇ ਸੰਚਾਲਕ ਕੁਲਵਿੰਦਰ ਖਹਿਰਾ, ਡਾ. ਰਤਨ ਸਿੰਘ ਢਿੱਲੋਂ, ਭਾਰਤ ਵਿਚ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਦੇ ਸੰਚਾਲਕ ਸੰਦੀਪ ਰਾਣੀ ਤੇ ਹਰਦੇਵ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਮੋਹਨ ਤਿਆਗੀ ਤੇ ਕਈ ਹੋਰ ਸ਼ਾਮਲ ਹਨ। ਪੰਨੂੰ ਹੋਰਾਂ ਇਸ ਮੌਕੇ ਬੋਲਦਿਆਂ ‘ਕਲਮਾਂ ਦੀ ਸਾਂਝ ਸਾਹਿਤ ਸਭਾ’ ਦੇ ਸੰਚਾਲਕਾਂ ਵੱਲੋਂ ਉਨ੍ਹਾਂ ਦਾ ਮਾਣ-ਸਨਮਾਨ ਕਰਨ ਲਈ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਸਮੂਹ ਬੁਲਾਰਿਆਂ ਅਤੇ ਇਸ ਸਮਾਗ਼ਮ ਵਿਚ ਹਾਜ਼ਰ ਹੋਣ ਵਾਲੇ ਸਮੂਹ ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕੀਤਾ। ਸਮਾਗ਼ਮ ਦੀ ਸਮਾਪਤੀ ‘ਤੇ ਸਾਰਿਆਂ ਨੇ ਸੁਆਦਲੇ ਭੋਜਨ ਦਾ ਅਨੰਦ ਮਾਣਿਆ।

ਪਾਠਕਾਂ ਦੀ ਜਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ 2023 ਵਿਚ ਇਹ ਸਨਮਾਨ ਪੰਜਾਬੀ ਦੇ ਪ੍ਰੋੜ-ਲੇਖਕ ਪੂਰਨ ਸਿੰਘ ਪਾਂਧੀ ਹੁਰਾਂ ਨੂੰ ਦਿੱਤਾ ਗਿਆ ਸੀ ਜੋ ਗੁਰਬਾਣੀ ਦੇ ਉੱਘੇ ਵਿਦਵਾਨ ਤੇ ਸਾਹਿਤਕਾਰ ਹਨ।  ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਦਰਜਨ ਤੋਂ ਵਧੀਕ ਕਿਤਾਬਾਂ ਲਿਖੀਆਂ ਹਨ।