Headlines

ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ ਉੱਤੇ ਕੇਸ ਮੜ੍ਹਨ ਅਤੇ ਤਿੰਨ ਫੌਜਦਾਰੀ ਕਨੂੰਨਾਂ ਖਿਲਾਫ ਵਿਆਪਕ ਵਿਰੋਧ 

ਕੈਨੇਡਾ ਦੀਆਂ ਜਨਤਕ ਜਮਹੂਰੀ ਸੰਸਥਾਵਾਂ ਵੱਲੋ 21 ਜੁਲਾਈ ਦੀ ਕਨਵੈਨਸ਼ਨ ਦੀ ਹਮਾਇਤ-
—————————————————-
ਕੈਲਗਰੀ (19 ਜੁਲਾਈ)-
ਅੱਜ ਭਾਰਤ ਅੰਦਰ ਮੋਦੀ ਹਕੂਮਤ ਨੇ ਅਣਐਲਾਨੀ ਐਮਰਜੈਂਸੀ ਲਗਾ ਦਿੱਤੀ ਹੈ। ਕਨੇਡਾ ਦੀਆਂ ਜਨਤਕ ਜਮਹੂਰੀ ਸੰਸਥਾਵਾਂ ਵੱਲੋ *ਅਰੁੰਧਤੀ ਰਾਏ ਅਤੇ ਪ੍ਰੋ. ਸ਼ੇਖ ਸ਼ੌਕਤ ਹੁਸੈਨ* ਉਤੇ ਪਾਏ ਨਿਰਅਧਾਰ ਕੇਸਾਂ ਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ। ਸਰਕਾਰ ਵੱਲੋ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਉੱਥੇ ਭਾਜਪਾ ਹਕੂਮਤ ਲੋਕਾਂ ਉੱਪਰ ਆਰਥਿਕ ਅਤੇ ਫਿਰਕੂ ਫਾਸ਼ੀ ਹੱਲਾ ਬੋਲਣ ਲਈ ਆਪਣਾ ਰਾਹ ਮੋਕਲਾ ਕਰਨ ਵਾਸਤੇ ਲੇਖਕਾਂ, ਬੁੱਧੀਜੀਵੀਆਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ, ਤਰਕਸ਼ੀਲਾਂ ਅਤੇ ਜਮਹੂਰੀ ਖ਼ੇਤਰ ਦੇ ਵਿਦਵਾਨਾਂ ਨੂੰ ਆਪਣੇ ਚੋਣਵੇਂ ਹੱਲੇ ਦੀ ਮਾਰ ਹੇਠ ਲਿਆ ਕੇ ਲੋਕਾਂ ਦੀ ਆਵਾਜ਼ ਬਣਨ ਵਾਲੇ ਸੰਵੇਦਨਸ਼ੀਲ ਹਿੱਸਿਆਂ ਨੂੰ ਲੋਕ ਕਾਫ਼ਲੇ ਤੋਂ ਅਲੱਗ ਕਰ ਕੇ ਸੀਖਾਂ ਪਿੱਛੇ ਡੱਕ ਕੇ ਜ਼ੁਬਾਨਬੰਦੀ ਕਰਨ ਲਈ ਰੱਸੇ ਪੈੜੇ ਵੱਟ ਰਹੀ ਹੈ।

ਫੈਸਲਾ ਕੀਤਾ ਗਿਆ ਕਿ ਸਮੂਹ ਲੋਕ ਤੁਰੰਤ ਇਹਨਾਂ ਬੁੱਧੀਜੀਵੀਆਂ ਦੀ ਪਿੱਠ ‘ਤੇ ਖੜ੍ਹਨ, ਨਵੇਂ ਫ਼ੌਜਦਾਰੀ ਕਾਲ਼ੇ ਕਾਨੂੰਨ (BNS 2023, BNSS 2023, BSA 2023) ਮੋੜ ਕੇ ਜੇਬ ਵਿਚ ਪਵਾਉਣ ਲਈ ਵਿਸ਼ਾਲ ਜਨਤਕ ਲਾਮਬੰਦੀ ਕਰਨ; ਨਹੀਂ ਤਾਂ ਭਾਜਪਾ ਹਕੂਮਤ ਵਾਰੋ ਵਾਰੀ ਸਭ ਨੂੰ ਆਪਣੀ ਮਾਰ ਹੇਠ ਲਿਆਏਗੀ।

ਕਨੇਡਾ ਭਰ ਦੀਆਂ ਜਨਤਕ, ਜਮਹੂਰੀ, ਸਾਹਿਤਕ, ਸੱਭਿਆਚਾਰਕ ਅਤੇ ਪ੍ਰਗਤੀਸ਼ੀਲ ਸੰਸਥਾਵਾਂ ਵੱਲੋ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ 21 ਜੁਲਾਈ 2024 ਨੂੰ ਹੋ ਰਹੀ ਸਾਂਝੀ ਕਨਵੈਨਸ਼ਨ ਅਤੇ ਮੁਜ਼ਾਹਰੇ ਵਿਚ ਆਪਣੀ ਡਟਵੀਂ ਹਿਮਾਇਤ ਦੀ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।

ਇਹਨਾਂ ਫੈਸਲਿਆਂ ਨਾਲ਼, ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਕਨੇਡਾ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਐਸੋਸੀਏਸ਼ਨ ਵਿਨੀਪੈਗ, ਸ਼ਹੀਦ ਭਗਤ ਸਿੰਘ ਬੁਕ ਸੈਂਟਰ ਕੈਲਗਰੀ, ਸ਼ਹੀਦ ਕਰਤਾਰ ਸਿੰਘ ਸਰਾਭਾ ਤਰਕਸ਼ੀਲ ਲਾਇਬ੍ਰੇਰੀ ਕੈਲਗਰੀ, ਫ੍ਰੇਜ਼ਰ ਵੈਲੀ ਪੰਜਾਬੀ ਲਿਟਰੇਰੀ ਅਤੇ ਕਲਚਰਲ ਫੋਰਮ ਸੁਸਾਇਟੀ ਸਰੀ, ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ, ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਐਡਮਿੰਟਨ, ਦਸਤੂਰ ਪੰਜਾਬੀ ਫਾਊਂਡੇਸ਼ਨ ਸਰੀ, ਈਸਟ ਇੰਡੀਅਨ ਡੀਫੈਂਸ ਕਮੇਟੀ ਵੈਨਕੂਵਰ, ਪੰਜਾਬੀ ਕਲਮਾਂ ਦਾ ਕਾਫਲਾ ਬਰੈਂਪਟਨ, ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰੰਟੋ, ਵੈਨਕੂਵਰ ਸੱਥ, ਪੰਜਾਬੀ ਲੇਖਕ ਮੰਚ ਵੈਨਕੂਵਰ, ਸਰੋਕਾਰਾਂ ਦੀ ਅਵਾਜ਼ ਟੋਰੰਟੋ. ਅਤੇ ਪ੍ਰੋ-ਪੀਪਲ ਆਰਟਸ ਪ੍ਰੋਜੈਕਟ ਮੀਡੀਆ ਗਰੁੱਪ ਟੋਰੰਟੋ ਵੱਲੋ ਜਥੇਬੰਦਕ ਸਹਿਮਤੀ ਭੇਜੀ ਗਈ।