Headlines

ਸਰੀ ਕੈਨੇਡਾ ਕੱਪ ਫੀਲਡ ਹਾਕੀ ਟੂਰਨਾਮੈਂਟ-ਤੀਜੇ ਦਿਨ ਵੱਖ- ਵੱਖ ਟੀਮਾਂ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ

ਅਲਬਰਟਾ ਤੋਂ ਮੈਂਬਰ ਪਾਰਲੀਮੈਂਟ ਟਿਮ ਉੱਪਲ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ- ਟੂਰਨਾਮੈਂਟ ਦਾ ਫਾਈਨਲ ਅੱਜ-

ਸਰੀ, 21 ਜੁਲਾਈ (ਹਰਦਮ ਮਾਨ)-ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੋਸਾਇਟੀ ਵੱਲੋਂ ਹਰ ਸਾਲ ਸਰੀ ਵਿਚ ਕਰਵਾਇਆ ਜਾਣ ਵਾਲਾ ਕੈਨੇਡਾ ਕੱਪ ਫੀਲਡ ਹਾਕੀ ਟੂਰਨਾਮੈਂਟ ਉੱਤਰੀ ਅਮਰੀਕਾ ਵਿੱਚ ਵਿਸ਼ੇਸ਼ ਸਥਾਨ ਬਣਾ ਚੁੱਕਿਆ ਹੈ। ਟਮੈਨਵਸ ਪਾਰਕ ਸਰੀ ਵਿਚ 18 ਜੁਲਾਈ ਤੋਂ ਸ਼ੁਰੂ ਹੋਏ ਇਸ ਚਾਰ ਦਿਨਾਂ ਟੂਰਨਾਮੈਂਟ ਦਾ ਰਸਮੀ ਉਦਘਾਟਨ ਸਰੀ ਸਿਟੀ ਦੀ ਮੇਅਰ ਬਰੈਂਡਾ ਲੌਕ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਨੇ ਕੀਤਾ। ਇਸ ਮੌਕੇ ਕੌਂਸਲਰ ਹੈਰੀ ਬੈਂਸ, ਕੌਂਸਲਰ ਪ੍ਰਦੀਪ ਕੂਨਰ, ਲਿੰਡਾ ਐਨਿਸ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਇਨ੍ਹਾਂ ਮਹਿਮਾਨਾਂ ਨੇ ਟੂਰਨਾਮੈਂਟ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਟੂਰਨਾਮੈਂਟ ਦੇ ਤੀਜੇ ਦਿਨ ਅਲਬਰਟਾ ਤੋਂ ਕੰਸਰਵੇਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਟਿਮ ਉੱਪਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਲੜਕੀਆਂ ਦੀਆਂ ਹਾਕੀ ਟੀਮਾਂ ਨਾਲ
ਜਾਣ ਪਛਾਣ ਕੀਤੀ ਅਤੇ ਆਪਣਾ ਅਸ਼ੀਰਵਾਦ ਦਿੱਤਾ। ਉਨ੍ਹਾਂ ਦੇ ਨਾਲ ਸਰੀ ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ, ਏ ਕਲਾਸ ਫੌਰਨ ਐਕਸਚੇਂਜ ਦੇ ਹਰਮੀਤ ਖੁੱਡੀਆਂ ਅਤੇ ਹੋਰ ਕਈ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ। ਟੂਰਨਾਮੈਂਟ ਦੇ ਤੀਜੇ ਦਿਨ ਦਰਸ਼ਕਾਂ ਨੇ ਲੜਕਿਆਂ ਅਤੇ ਲੜਕੀਆਂ ਦੀ ਸ਼ਾਨਦਾਰ ਹਾਕੀ ਦਾ ਆਨੰਦ ਮਾਣਿਆਂ। ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਂਗਟ ਅਤੇ ਬੁਲਾਰੇ ਊਧਮ ਸਿੰਘ ਹੁੰਦਲ ਨੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ।

ਜ਼ਿਕਰਯੋਗ ਹੈ ਕਿ ਇਸ ਟੂਰਨਾਮੈਂਟ ਵਿੱਚ ਮੇਜ਼ਬਾਨ ਵੈਸਟ ਕੋਸਟ ਤੋਂ ਇਲਾਵਾ ਯੂਬਾ ਬ੍ਰਦਰਜ਼ ਯੂ.ਐਸ.ਏ., ਇੰਡੀਅਨ ਜਿੰਮਖਾਨਾ ਕਲੱਬ ਯੂ.ਕੇ., ਤਸੱਵਰ ਇਲੈਵਨ, ਵਿੰਨੀਪੈਗ
ਰੋਵਰਜ਼, ਫੀਨਿਕਸ ਫੀਲਡ ਹਾਕੀ ਕਲੱਬ ਯੂ.ਐਸ.ਏ., ਗੋਬਿੰਦ ਸਰਵਰ, ਇੰਡੀਆ ਕਲੱਬ ਸਰੀ,ਯੂਨਾਈਟਿਡ ਕਲੱਬ ਸਰੀ ਅਤੇ ਦਸਮੇਸ਼ ਕਲੱਬ ਦੀਆਂ ਟੀਮਾਂ ਤੋਂ ਇਲਾਵਾ ਲੜਕੀਆਂ ਦੀਆਂ 8 ਟੀਮਾਂ, ਅੰਡਰ-16 ਦੀਆਂ 4 ਟੀਮਾਂ ਅਤੇ ਅੰਡਰ-12 ਦੀਆਂ 7 ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਵਿਚ ਜੇਤੂ ਰਹਿਣ ਵਾਲੀ ਟੀਮ ਨੂੰ ਕੈਨੇਡਾ ਕੱਪ ਅਤੇ 10 ਹਜਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
ਟੂਰਨਾਮੈਂਟ ਦੀ ਸਫਲਤਾ ਲਈ ਜਸਪ੍ਰੀਤ ਸਿੰਘ ਮਾਂਗਟ, ਊਧਮ ਸਿੰਘ ਹੁੰਦਲ, ਤਰਨਜੀਤ ਸਿੰਘ ਹੇਅਰ, ਨਵੀ ਦਿਓਲ, ਹਰਵਿੰਦਰ ਸਰਾਂ, ਸੁਖਵਿੰਦਰ ਕੁਲਾਰ, ਸੁਖ ਗਿੱਲ, ਮਲਕੀਤ ਸਿੰਘ ਪਾਹਲ, ਸਤਵੰਤ ਸਿੰਘ ਅਟਵਾਲ, ਚਮਕੌਰ ਸਿੰਘ ਗਿੱਲ, ਗਗਨਦੀਪ ਤੁੰਗ, ਇਸਤਿੰਦਰ ਥਿੰਦ, ਗਗਨ ਥਿੰਦ, ਪ੍ਰੀਤ ਢੱਟ, ਰਾਣਾ ਕੁਲਾਰ, ਹਰਵਿੰਦਰ ਬੱਬੂ, ਬਲਰਾਜ ਸਿੰਘ ਹੁੰਦਲ, ਬੱਬਲ ਬੈਂਸ ਅਤੇ ਹਰਜਿੰਦਰ ਬੈਂਸ ਵੱਲੋਂ ਸਖਤ ਮਿਹਨਤ ਕੀਤੀ ਜਾ ਰਹੀ ਹੈ। ਟੂਰਨਾਮੈਂਟ ਦੌਰਾਨ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ।

ਤਸਵੀਰਾਂ-ਸੰਤੋਖ ਸਿੰਘ ਮੰਡੇਰ।