Headlines

ਸੰਪਾਦਕੀ- ਕੈਨੇਡਾ ਵਿਚ ਫਿਰੌਤੀਆਂ ਦਾ ਗੈਂਗਸਟਰਵਾਦ ਤੇ ਪੰਜਾਬੀ ਭਾਈਚਾਰਾ….

-ਸੁਖਵਿੰਦਰ ਸਿੰਘ ਚੋਹਲਾ-

ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਦੇ ਪੰਜਾਬੀ ਕਾਰੋਬਾਰੀਆਂ ਵਿਸ਼ੇਸ਼ ਕਰਕੇ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਗੈਂਗਸਟਰਾਂ ਵਲੋਂ ਫਿਰੌਤੀ ਲਈ ਕਾਲਾਂ ਅਤੇ ਧਮਕੀਆਂ ਦਾ ਸਿਲਸਲਾ ਮੁੜ ਚਰਚਾ ਵਿਚ ਹੈ। ਗੈਂਗਸਟਰਾਂ ਵਲੋਂ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਨੂੰ ਮਿਲੀਅਨ- ਦੋ ਮਿਲੀਅਨ ਡਾਲਰ ਦੀ ਫਿਰੌਤੀ ਮੰਗਣ ਦੀਆਂ ਵੀਡੀਓ ਕਾਲਾਂ, ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਜਾਂ ਪਰਿਵਾਰ ਦੇ ਬੱਚਿਆਂ ਨੂੰ ਡਰਾਉਣ ਅਤੇ ਪੂਰਾ ਬਦਮਾਸ਼ੀ ਰੋਹਬ ਵਿਖਾਉਂਦਿਆਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀਆਂ ਚੇਤਾਵਨੀਆਂ ਕਾਰੋਬਾਰੀ ਭਾਈਚਾਰੇ ਵਿਚ ਸਹਿਮ ਪੈਦਾ ਕਰਨ ਵਾਲੀਆਂ ਹਨ। ਬਦਾਮਾਸ਼ਾਂ ਵਲੋਂ ਕਾਰੋਬਾਰੀਆਂ ਨੂੰ ਡਰਾਅ -ਧਮਕਾ ਕੇ ਮੋਟੀਆਂ ਰਕਮਾਂ ਵਸੂਲਣ, ਗੋਲੀਬਾਰੀ ਕਰਨ ਜਾਂ ਅਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਸਿਲਸਲਾ ਸਾਲ ਭਰ ਤੋਂ ਚੱਲ ਰਿਹਾ ਹੈ ਪਰ ਇਸ ਦੌਰਾਨ ਕੁਝ ਟਰੱਕਿੰਗ ਕੰਪਨੀਆਂ ਦੇ ਮਾਲਕਾਂ ਵਲੋਂ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਬਦਮਾਸ਼ਾਂ ਸਾਹਮਣੇ ਡਟਣ ਅਤੇ ਆਪਣੀ ਸਮੱਸਿਆ ਨੂੰ ਜਨਤਕ ਮੰਚ ਉਪਰ ਲਿਜਾਣ ਦੀ ਹਿੰਮਤ ਜੁਟਾਉਣਾ ਸ਼ਲਾਘਾਯੋਗ ਹੈ।  ਬੀ ਸੀ ਟਰੱਕਿੰਗ ਐਸੋਸੀਏਸ਼ਨ ਦੇ ਬੈਨਰ ਹੇਠ ਗੈਂਗਸਟਰਾਂ ਦੀਆਂ ਧਮਕੀਆਂ ਦਾ ਸਾਹਮਣਾ ਕਰ ਰਹੇ ਕਾਰੋਬਾਰੀਆਂ ਵਲੋਂ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਦੌਰਾਨ ਪੀੜਤ ਬੁਲਾਰਿਆਂ ਨੇ ਜਿਥੇ ਆਪਣੀ ਵੇਦਨਾ ਦਾ ਪ੍ਰਗਟਾਵਾ ਕਰਦਿਆਂ ਲਿਬਰਲ ਸਰਕਾਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਪੁਲਿਸ ਫੋਰਸ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦੇ ਤੁਰੰਤ ਹੱਲ ਲਈ ਅਪਰਾਧੀਆਂ ਤੇ ਗੈਂਗਸਟਰਾਂ ਨੂੰ ਸਲਾਖਾਂ ਪਿੱਛੇ ਕਰਨ ਲਈ ਜ਼ੋਰਦਾਰ ਐਕਸ਼ਨ ਦੀ ਮੰਗ ਕੀਤੀ ਉਥੇ ਕਾਰੋਬਾਰੀਆਂ ਅਤੇ ਭਾਈਚਾਰੇ ਨੂੰ ਇਸ ਨਵੀਂ ਤਰਾਂ ਦੇ ਗੈਂਗਸਟਰਵਾਦ ਖਿਲਾਫ ਇਕਜੁਟ ਹੋਣ ਦੀ ਵੀ ਅਪੀਲ ਕੀਤੀ। ਇਸ ਇਕੱਠ ਦੌਰਾਨ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇਕ ਦੂਸਰੇ ਖਿਲਾਫ ਇਲਜਾਮਤਰਾਸ਼ੀ ਕਰਦੇ ਵੀ ਨਜ਼ਰ ਆਏ। ਐਡਮਿੰਟਨ ਤੋਂ ਕੰਸਰਵੇਟਿਵ ਐਮ ਪੀ ਟਿਮ ਉਪਲ ਨੇ ਸਰਕਾਰੀ ਧਿਰ ਵੱਲ ਸਪੱਸ਼ਟ ਇਸ਼ਾਰਾ ਕਰਦਿਆਂ ਇਸ ਸਮੱਸਿਆ ਅਤੇ ਗੈਂਗਸਟਰਾਂ ਪ੍ਰਤੀ ਨਰਮ ਵਤੀਰਾ ਅਪਨਾਉਣ ਦੇ ਦੋਸ਼ ਲਗਾਏ। ਉਹਨਾਂ ਹਵਾਲਾ ਦਿੱਤਾ ਕਿ ਇਸ ਮਈ ਮਹੀਨੇ ਉਹਨਾਂ ਵਲੋਂ ਗੈਂਗਸਟਰ ਅਤੇ ਅਪਰਾਧਿਕ ਕਾਰਵਾਈਆਂ ਖਿਲਾਫ ਸਖਤ ਕਨੂੰਨ ਅਤੇ ਘੱਟੋ -ਘੱਟ ਸਜਾ ਤਜਵੀਜ਼ ਕਰਨ ਲਈ ਇਕ ਪ੍ਰਾਈਵੇਟ ਬਿਲ ਸੀ 381 ਹਾਉਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਗਿਆ ਸੀ ਪਰ ਅਫਸੋਸ ਕਿ ਲਿਬਰਲ ਅਤੇ ਐਨ ਡੀ ਪੀ ਮੈਂਬਰਾਂ ਵਲੋਂ ਬਿਲ ਦਾ ਵਿਰੋਧ ਕੀਤੇ ਜਾਣ ਕਾਰਣ ਇਹ ਪਾਸ ਨਹੀ ਹੋ ਸਕਿਆ। ਦੂਸਰੇ ਪਾਸੇ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਦਾ ਦਾਅਵਾ ਸੀ ਕਿ ਇਹ ਕੰਸਰਵੇਟਿਵ ਵਲੋਂ ਲੋਕਾਂ ਨੂੰ ਗੁੰਮਰਾਹ ਕੀਤੇ ਜਾਣ ਦੀ ਕੋਸ਼ਿਸ਼ ਹੈ ਕਿਉਂਕਿ ਅਪਰਾਧੀਆਂ ਅਤੇ ਗੈਂਗਸਟਰਾਂ ਖਿਲਾਫ ਕਾਰਵਾਈ ਲਈ ਪਹਿਲਾਂ ਹੀ ਕਨੂੰਨ ਮੌਜੂਦ ਹੈ। ਇਕ ਹੋਰ ਨਵਾਂ ਕਨੂੰਨ ਬਣਾਉਣ ਦੀ ਬਿਜਾਏ ਪਹਿਲਾਂ ਹੀ ਮੌਜੂਦ ਕਨੂੰਨ ਨੂੰ ਪ੍ਰਭਾਵੀ ਬਣਾਉਣ ਲਈ ਸੂਬਾਈ ਸਰਕਾਰਾਂ ਦੀ ਇੱਛਾ ਸ਼ਕਤੀ ਦੀ ਲੋੜ ਹੈ । ਕੈਨੇਡਾ ਵਿਚ ਵਧ ਰਹੇ ਅਪਰਾਧ ਅਤੇ ਗੈਂਗਸਟਰ ਕਾਰਵਾਈਆਂ ਖਿਲਾਫ ਸਖਤ ਕਨੂੰਨ ਦੀ ਅਣਹੋਂਦ ਦੇ ਮੁੱਦੇ ਉਪਰ ਸਿਆਸੀ ਪਾਰਟੀਆਂ ਦੇ ਵਿਚਾਰ ਅਲਗ ਅਲਗ ਹੋ ਸਕਦੇ ਹਨ ਪਰ ਇਸ ਦੌਰਾਨ ਰਾਹਤ ਵਾਲੀ ਖਬਰ ਇਹ ਹੈ ਕਿ ਸੁਰੱਖਿਆ ਤੰਤਰ ਆਪਣਾ ਕੰਮ ਤਨਦੇਹੀ ਨਾਲ ਕਰ ਰਿਹਾ ਹੈ। ਸਰੀ ਵਿਚ ਸਾਲ ਦੇ ਸ਼ੁਰੂ ਵਿਚ ਕਾਰੋਬਾਰੀਆਂ ਦੇ ਇਕੱਠ ਦੌਰਾਨ ਆਰ ਸੀ ਐਮ ਪੀ ਅਧਿਕਾਰੀ ਵਲੋਂ ਇਹ ਦਾਅਵਾ ਕੀਤਾ ਗਿਆ ਸੀ ਉਹ ਜਲਦ ਹੀ ਲੋਕਾਂ ਸਾਹਮਣੇ ਅਪਰਾਧੀਆਂ ਖਿਲਾਫ ਕਾਰਵਾਈ ਦੀ ਰਿਪੋਰਟ ਪੇਸ਼ ਕਰਨਗੇ। ਉਹਨਾਂ ਦੇ ਇਸ ਦਾਅਵੇ ਦੀ ਝਲਕ ਇਹ ਹੈ ਕਿ ਆਰ ਸੀ ਐਮ ਪੀ ਤੇ ਐਡਮਿੰਟਨ ਪੁਲਿਸ ਦੀ ਇਕ ਸਾਂਝੀ ਕਾਰਵਾਈ ਦੌਰਾਨ 6 ਨੌਜਵਾਨਾਂ ਨੂੰ ਗੈਂਗਸਟਰ ਸਰਗਰਮੀਆਂ ਵਿਚ ਸ਼ਾਮਿਲ ਹੋਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸਤੋਂ ਪਹਿਲਾਂ ਵੀ ਪੁਲਿਸ ਵਲੋਂ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਵੇਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਚੋ ਵਧੇਰੇ ਸਾਉਥ ਏਸ਼ੀਅਨ ਜਾਂ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਸਨ, ਇਵੇਂ ਹੀ ਹੁਣ ਗ੍ਰਿਫਤਾਰ ਕੀਤੇ ਗਏ ਨੌਜਵਾਨ ਵੀ ਪੰਜਾਬੀ ਤੇ ਭਾਰਤੀ ਹਨ। ਐਡਮਿੰਟਨ ਪੁਲਿਸ ਵਲੋਂ ਬੀਤੇ ਵੀਰਵਾਰ ਨੂੰ ਫੜੇ ਗਏ ਇਹਨਾਂ ਅੱਲੜ ਉਮਰ ਦੇ ਨੌਜਵਾਨਾਂ ਵਿਚ ਇਕ ਮੁਟਿਆਰ ਵੀ ਸ਼ਾਮਿਲ ਹੈ। ਪੁਲਿਸ ਵਲੋਂ ਫਿਰੌਤੀਆਂ ਮੰਗਣ ਵਾਲੇ ਇਸ ਗਿਰੋਹ ਦੇ ਸਰਗਨੇ ਦੀ ਤਸਵੀਰ ਜਾਰੀ ਕਰਦਿਆਂ ਉਸਦੇ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਹਨ। ਕੈਨੇਡਾ ਵਿਚ ਗੈਂਗਸਟਰ ਸਰਗਰਮੀਆਂ ਲਈ ਹੁਣ ਤੱਕ ਭਾਰਤ ਆਧਾਰਿਤ ਗੈਂਗਸਟਰ ਗਰੁੱਪ ਲਾਰੈਂਸ ਬਿਸ਼ਨੋਈ ਜਾਂ ਬੰਬੀਹਾ ਗਰੁੱਪ ਨੂੰ ਜਿੰਮੇਵਾਰ ਦੱਸਿਆ ਜਾਂਦਾ ਰਿਹਾ ਹੈ। ਪਰ ਤਾਜਾ ਕਾਰਵਾਈ ਦੌਰਾਨ ਪੁਲਿਸ ਵਲੋਂ ਮਨਿੰਦਰ ਧਾਲੀਵਾਲ ਕਰਾਈਮ ਗਰੁਪ ਦਾ ਸਬੰਧ ਲੋਅਰ ਮੇਨਲੈਂਡ ਵਿਚ ਸਾਊਥ ਏਸ਼ੀਅਨ ਮੂਲ ਦੇ ਬ੍ਰਦਰਜ਼ ਕੀਪਰਜ਼ ਗਰੁੱਪ ਨਾਲ ਦੱਸਿਆ ਗਿਆ ਹੈ। ਇਸਤੋਂ ਇਹ ਚਿੰਤਾ  ਕਰਨੀ ਬਣਦੀ ਹੈ ਕਿ ਇੰਡੀਆ ਦੇ ਗੈਂਗਸਟਰ ਗਰੁੱਪ ਹੁਣ ਕੈਨੇਡੀਅਨ ਗੈਂਗਸਟਰ ਗਰੁੱਪਾਂ ਨਾਲ ਮਿਲਕੇ ਵੀ ਕਾਰਵਾਈਆਂ ਕਰਨ ਲੱਗੇ ਹਨ।

ਇਸ ਦੌਰਾਨ ਐਡਮਿੰਟਨ ਪੁਲਿਸ ਵਲੋਂ ਫੜੇ ਗਏ ਮੁਲਜ਼ਮਾਂ ਅਤੇ ਗੈਂਗਸਟਰ ਗਰੁੱਪ ਦੀ ਜਾਣਕਾਰੀ ਸਾਂਝੀ ਕਰਦਿਆਂ ਸਾਉਥ ਏਸ਼ੀਅਨ ਭਾਈਚਾਰੇ ਨੂੰ ਕੀਤੀ ਗਈ ਅਪੀਲ ਧਿਆਨ ਗੋਚਰੀ ਹੈ। ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਵਜੋਂ ਦੋ ਨੂੰ ਪੀ ਆਰ, ਦੋ ਨੂੰ ਭਾਰਤੀ ਤੇ ਬਾਕੀ ਨੂੰ ਕੈਨੇਡੀਅਨ ਦੱਸਣਾ ਇਹ ਸਪੱਸ਼ਟ ਕਰਦਾ ਹੈ ਕਿ ਪੁਲਿਸ ਦਾ ਇਸ਼ਾਰਾ ਕੀ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮਨਿੰਦਰ ਕਰਾਈਮ ਗੈਂਗ ਅੱਲੜ ਉਮਰ ਦੇ ਨੌਜਵਾਨਾਂ ਨੂੰ ਪੈਸੇ ਦੇ ਲਾਲਚ ਵਿਚ ਭਰਤੀ ਕਰ ਰਿਹਾ ਹੈ ਜਿਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਤੇ ਗੈਂਗਸਟਰ ਸਰਗਰਮੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਐਡਮਿੰਟਨ ਪੁਲਿਸ ਵਲੋ ਵਿਸ਼ੇਸ਼ ਕਰਕੇ ਸਾਉਥ ਏਸ਼ੀਅਨ ਭਾਈਚਾਰੇ ਨੂੰ ਇਹ ਅਪੀਲ ਕੈਨੇਡਾ ਵਿਚ ਆਪਣੀ ਮਿਹਨਤ -ਮਸ਼ੱਕਤ ਅਤੇ ਇਮਾਨਦਾਰੀ ਨਾਲ ਨਾਮ ਤੇ ਥਾਂ ਬਣਾਉਣ ਵਾਲੇ ਮਾਣਮੱਤੇ ਭਾਈਚਾਰੇ ਦੇ ਸਨਮਾਨ ਅਤੇ ਵਿਸ਼ਵਾਸਯੋਗਤਾ ਉਪਰ ਵੱਡਾ ਪ੍ਰਸ਼ਨ ਚਿੰਨ ਹੈ। ਕੈਨੇਡਾ ਵਿਚ ਇਹ ਨਵੀਂ ਤਰਾਂ ਦਾ ਗੈਂਗਟਰਵਾਦ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਹੈ। ਜਾਗਰੁਕ ਤੇ ਸਿਆਣੇ ਲੋਕਾਂ ਨੂੰ ਇਸ ਗੈਂਗਸਟਰਵਾਦ ਅਤੇ ਭਾਈਚਾਰੇ ਦੀ ਸ਼ਾਨ ਨੂੰ ਹਰਫ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਮੁਹਿੰਮ ਛੇੜਨ ਦੀ ਲੋੜ ਹੈ।