Headlines

ਬਲਜਿੰਦਰ ਸੰਘਾ ਦੀ ਆਲੋਚਨਾ ਦੀ ਪੁਸਤਕ “ਪਿੱਤਰ ਸੱਤਾ ਅਤੇ ਪਰਵਾਸ “ ਲੋਕ ਅਰਪਣ

ਕੈਲਗਰੀ ( ਦਲਵੀਰ ਜੱਲੋਵਾਲੀਆ)-ਪੰਜਾਬੀ ਲਿਖਾਰੀ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਭਰਵੇਂ ਇਕੱਠ ਨਾਲ ਹੋਈ ।  ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ ਨੇ ਲੇਖਕ ਬਲਜਿੰਦਰ ਸੰਘਾ ਅਤੇ ਕਹਾਣੀਕਾਰ ਜੋਰਾਵਰ ਬਾਂਸਲ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ।  ਰਚਨਾਵਾਂ ਦਾ ਆਗਾਜ ਜਸਵਿੰਦਰ ਸਿੰਘ ਰੁਪਾਲ ਨੇ ਬੀਤੇ ਸਮੇਂ ਨੂੰ ਯਾਦ ਕਰਦਿਆਂ ਇੱਕ ਕਵਿਤਾ ਸੁਣਾ ਕੇ ਕੀਤਾ, ਜਿਸ ਦੇ ਬੋਲ ਸਨ-
“ਨਾ ਪਿੱਪਲ ਨਾ ਪੀਂਘਾਂ ਕਿਧਰੇ , ਸੱਥ ਉਡੀਕੇ ਢਾਣੀ ਨੂੰ ਰੁੱਖ ਉਡੀਕਣ ਚਿੜੀਆਂ ਤਾਈ, ਧਰਤੀ ਸਹਿਕੇ ਪਾਣੀ ਨੂੰ”
ਇਸ ਮਗਰੋਂ ਮਨਮੋਹਨ ਬਾਠ  ਨੇ ਮਰਹੂਮ ਕਵੀ ਸੁਰਜੀਤ ਪਾਤਰ ਦੀ ਕਵਿਤਾ “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ “ਅਤੇ ਤਰਲੋਚਨ ਸੈਹਬੀਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ “ਮੈਂ ਇਕ ਸ਼ਿਕਰਾ ਯਾਰ ਬਣਾਇਆ“ ਤਰੰਨੁਮ ਵਿੱਚ ਸੁਣਾ ਕੇ ਚੰਗਾ ਰੰਗ ਬੰਨਿਆ।  ਉਪਰੰਤ ਸਰਵਣ ਸਿੰਘ ਸੰਧੂ ਨੇ ਕਨੇਡਾ ਦੀ ਜ਼ਿੰਦਗੀ ਤੇ ਇੱਕ ਵਿਅੰਗਮਈ ਕਵਿਤਾ ਸੁਣਾਈ ਅਤੇ ਜਰਨੈਲ ਤੱਗੜ ਨੇ ਦੁਨੀਆਂ ਦੇ ਹਰ ਪਾਸੇ ਲੁੱਟਾ ਖੋਹਾਂ ਨੂੰ ਬਿਆਨ ਕਰਦੀ ਕਵਿਤਾ “ਕਿੰਨੇ ਦਿਨ ਮਾੜੇ ,ਡਾਕੇ ਪੈਂਦੇ ਦਿਨ ਦਿਹਾੜੇ “ਸੁਣਾਈ।  ਇਸ ਦੇ ਨਾਲ ਹੀ ਬੱਚੀ ਹਰਸੀਰਤ ਕੌਰ ਨੇ ਵਿਧਾਤਾ ਸਿੰਘ ਤੀਰ ਦੀ ਕਵਿਤਾ “ਇਕੱਲਾ ਸ਼ੇਰ ਨੀ ਚਿਖਾ ਦੇ ਵਿੱਚ ਸੜਿਆ ,ਸੜ ਗਈ ਤਕਦੀਰ ਪੰਜਾਬੀਆਂ ਦੀ “ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ । ਇਸ ਸਮੇਂ ਸਭਾ ਵੱਲੋਂ ਬੱਚੀ ਦਾ ਸਨਮਾਨ ਵੀ ਕੀਤਾ ਗਿਆ ਇਸ ਤੋਂ ਬਾਅਦ ਜਸਵੀਰ ਸਹੋਤਾ  ਨੇ “ਘਰ ਕਹਿੰਦਾ ਘਰ ਮੁੜ ਆ ,ਹੁਣ ਤਾਂ ਲੱਗਾ ਮੈਂ ਢਹਿਣ ,ਗੁਆਂਢੀ ਲੱਗ ਗਏ ਖੋਲ੍ਹਾ ਕਹਿਣ “ਪਰਦੇਸੀਆਂ ਦਾ ਦਰਦ ਬਿਆਨ ਕਰਦੀ ਕਵਿਤਾ ਸੁਣਾਈ ਅਤੇ ਬਲਜਿੰਦਰ ਸੰਘਾ  ਨੂੰ ਵਧਾਈਆਂ ਦਿੱਤੀਆਂ ।
ਕਿਤਾਬ ਤੇ ਚਰਚਾ ਸ਼ੁਰੂ ਕਰਦਿਆਂ ਮਾਸਟਰ ਤਰਸੇਮ ਸਿੰਘ ਨੇ ਆਖਿਆ ਕਿ ਬਲਜਿੰਦਰ ਸੰਘਾ ਜਿੰਨਾ ਚੰਗਾ ਲੇਖਕ ਹੈ ਉਨਾ ਹੀ ਚੰਗਾ ਇਨਸਾਨ ਹੈ । ਜੋਰਾਵਰ ਬਾਂਸਲ ਨੇ ਪਰਚਾ ਪੜ੍ਹਦਿਆਂ ਕਿਹਾ ‘ਪਿੱਤਰ ਸੱਤਾ ਅਤੇ ਪਰਵਾਸ”ਆਲੋਚਨਾ ਪੁਸਤਕ ਵਿੱਚ ਬਲਜਿੰਦਰ ਸੰਘਾ ਨੇ ਵੱਖ ਵੱਖ ਵਿਸ਼ਿਆਂ ਉੱਤੇ ਲਿਖੀਆਂ ਗਈਆਂ ਨੌ ਕਿਤਾਬਾਂ ਨੂੰ ਆਪਣੀ ਸਾਹਿਤਿਕ ਬੁੱਧੀ ਨਾਲ ਘੋਖਿਆ ਪਰਖਿਆ ਤੇ ਏਨੇ ਵਿਲੱਖਣ ਢੰਗ ਨਾਲ ਕਲਮਬੱਧ ਕੀਤਾ, ਜਿਸ ਵਿੱਚੋ ਉਸਦੇ ਲੇਖਕ ਮਨ ਦੀ ਛਵੀ ਖਾਸ ਤੌਰ ‘ਤੇ ਝਲਕਦੀ ਹੈ ਤੇ ਬਲਜਿੰਦਰ ਜਦ ਵੀ ਲਿਖਦਾ ਹੈ, ਆਪਣੀ ਲਿਖਤ ਵਿੱਚ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰਦਾ ਹੈ। ਹਰੀ ਪਾਲ ਨੇ ਆਖਿਆ ਬਲਜਿੰਦਰ ਸੰਘਾ ਅਗਾਂਹਵਧੂ ਵਿਚਾਰਧਾਰਾ ਨੂੰ ਪਰਨਾਇਆ ਹੋਇਆ ਲੇਖਕ ਹੈ ਇਸ ਦੀ ਕਲਮ ਨੇ ਹਮੇਸ਼ਾ ਮਜ਼ਦੂਰ ਦੇ ਹੱਕਾਂ ਦੀ ਗੱਲ ਕੀਤੀ ਹੈ । ਸਤਵਿੰਦਰ ਸਿੰਘ ਘੋਤੜਾ ਨੇ ਸੰਘਾ ਬਾਰੇ ਬੋਲਦਿਆਂ ਕਿਹਾ ਬਲਜਿੰਦਰ ਸੰਘਾ ਕਹਿਣੀ ਤੇ ਕਰਨੀ ਦਾ ਪੂਰਾ ਹੈ ।ਇਸ ਮਗਰੋਂ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ ਅਤੇ ਸਭ ਮੈਂਬਰਾਂ ਨੇ ਬਲਜਿੰਦਰ ਸੰਘਾ ਨੂੰ ਵਧਾਈਆਂ ਦਿੱਤੀਆਂ । ਸੰਘਾ ਨੇ ਕਿਤਾਬ ਬਾਰੇ ਖੁਦ ਵੀ ਵਿਚਾਰ ਪੇਸ਼ ਕੀਤੇ ।
ਚਾਹ ਦੀ ਬਰੇਕ ਤੋਂ ਬਾਅਦ ਜਸਵਿੰਦਰ ਕੌਰ ਜੌਹਲ ਨੇ ਸੰਘਾ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀ ਸ਼ਖਸ਼ੀਅਤ ਬਾਰੇ ਵਿਚਾਰ ਪੇਸ਼ ਕੀਤੇ।
ਇਸ ਮਗਰੋਂ ਸੁਖਜਿੰਦਰ ਕਰਮਗੜ੍ਹ ਨੇ ਤਰਲੋਚਨ ਸੈਹਬੀਂ ਦਾ ਗੀਤ “ਧੋਖੇ ਦੇ ਵਪਾਰੀ “ਪੇਸ਼ ਕੀਤਾ। ਹਿੱਟ ਗੀਤਾਂ ਦੇ ਰਚੇਤਾ ਅਲਬੇਲ ਬਰਾੜ ਨੇ ਦੱਸਿਆ ਕਿ “ਹੋਇਆ ਕੀ ਜੇ ਧੀ ਜੰਮ ਪਈ ,ਪਰ ਕੁੱਖ ਦਾ ਸੁਲੱਖਣੀ ਹੋਈ “ਸਮੇਤ ਉਹਨਾਂ ਦੇ 106 ਗੀਤ ਕੁਲਦੀਪ ਮਾਣਕ  ਨੇ ਗਾਏ ਹਨ।
ਇਸ ਮਗਰੋਂ ਜੀਤ ਸਿੰਘ ਬਰਾੜ ,ਦਰਸ਼ਨ ਸਿੰਘ ਔਜਲਾ ,ਪਰਮਜੀਤ ਸਿੰਘ ਭੰਗੂ ,ਜਗਦੀਸ਼ ਸਿੰਘ ਚੋਹਕਾ ਅਤੇ ਰਜਿੰਦਰ ਕੌਰ ਚੋਹਕਾ ਨੇ ਵਾਰੋ ਵਾਰੀ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਦਰਸ਼ਨ ਸਿੰਘ ਮੁੰਜਲ, ਰਣਜੀਤ ਸਿੰਘ ,ਗਿਆਨ ਸਿੰਘ ਚੱਠਾ ,ਹਰਜਿੰਦਰ ਸਿੰਘ ਗਰੇਵਾਲ ,ਰਵਿੰਦਰ ਪਾਲ ਸਿੰਘ ,ਜਸਜੀਤ ਸਿੰਘ ਧਾਮੀ ,ਗੁਰਦੀਪ ਸਿੰਘ ਚੀਮਾ, ਸੁਖਦੀਪ ਸਿੰਘ ਚਾਹਲ ,ਕਰਮਵੀਰ ਸਿੰਘ ਅਤੇ ਸੰਘਾ ਪਰਿਵਾਰ ਦੇ ਮੈਂਬਰਾਂ ਸਮੇਤ ਕੁਲ 45 ਮੈਂਬਰ ਹਾਜ਼ਰ ਸਨ।  ਚਾਹ ਪਾਣੀ ਦੀ ਜਿੰਮੇਵਾਰੀ ਗੁਰਮੀਤ ਕੌਰ ਕਲਾਰ ਅਤੇ ਕੈਮਰੇ ਦੀ ਜਿੰਮੇਵਾਰੀ ਜੋਰਾਵਾਰ ਬਾਂਸਲ ਨੇ ਬਖੂਬੀ ਨਿਭਾਈ । ਅੰਤ ਵਿੱਚ ਪ੍ਰਧਾਨ ਬਲਵੀਰ ਗੋਰਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਸਭਾ ਦੀ ਅਗਲੀ ਮੀਟਿੰਗ 17 ਅਗਸਤ ਨੂੰ ਵਿੱਚ ਆਉਣ ਦਾ ਸੱਦਾ ਦਿੱਤਾ ।