ਪਰਮਿੰਦਰ ਸਵੈਚ ਵਲੋਂ ਨਿਭਾਏ ਚੰਦ ਕੌਰ ਦੇ ਜਬਰਦਸਤ ਕਿਰਦਾਰ ਨੂੰ ਭਰਵੀਂ ਦਾਦ ਮਿਲੀ-
ਸਰੀ ( ਹਰਦਮ ਮਾਨ)- ਬੀਤੀ 28 ਜੁਲਾਈ ਦੀ ਸ਼ਾਮ ਨੂੰ ਥੈਸਪਿਸ ਆਰਟ ਕਲੱਬ ਵਲੋਂ ਉਘੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਨਾਟਕ ‘ਰਾਤ ਚਾਨਣੀ’ ਤੇ ਡਾ ਜਸਕਰਨ ਦੀ ਨਿਰਦੇਸ਼ਨਾ ਹੇਠ ਕੈਨੇਡੀਅਨ ਕਲਾਕਾਰਾਂ ਦੀ ਟੀਮ ਵਲੋਂ ਬੈੱਲ ਪ੍ਰਫਾਰਮਿੰਗ ਆਰਟ ਸੈਂਟਰ ਸਰ੍ਹੀ ਦੇ ਵੱਡੇ ਹਾਲ ਵਿੱਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ ਵਿੱਚ ਕਾਮਯਾਬੀ ਨਾਲ ਖੇਡਿਆ ਗਿਆ। ਜਦੋਂ ਹੀ ਹਾਲ ਦੇ ਦਰਵਾਜ਼ੇ ਖੁੱਲ੍ਹੇ ਤਾਂ ਕਲੱਬ ਦੀ ਟੀਮ ਦੇ ਐਕਟਰਾਂ ਨੇ ਆਪਣੀ ਆਪਣੀ ਮੂਕ ਮੁਦਰਾ ਵਿੱਚ ਦਰਸ਼ਕਾਂ ਦਾ ਤਕਰੀਬਨ ਬਿਨਾਂ ਹਿੱਲੇ ਜੁੱਲੇ ਅੱਧੇ ਘੰਟੇ ਲਈ ਸਾਰੇ ਦਰਸ਼ਕਾਂ ਦੇ ਬੈਠਣ ਤੱਕ ਸਵਾਗਤ ਕੀਤਾ ਜੋ ਕਿ ਇੱਕ ਅਦਭੁੱਤ ਦ੍ਰਿਸ਼ ਸੀ। ਬਿਨਾਂ ਕਿਸੇ ਜਾਣ -ਪਛਾਣ ਦੇ ਨਾਟਕ ਸ਼ੁਰੂ ਹੋਇਆ। ਪਹਿਲੇ ਸੀਨ ਵਿੱਚ ਹੀ ਇੱਥੋਂ ਦੇ ਜੰਮਪਲ ਬੱਚਿਆਂ ਵਰਿਆਮ ਤੇ ਪਰਨੀਤ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਨਾਟਕ ਦੀ ਕਹਾਣੀ ਪਰਵਾਸ ਵਿੱਚ ਆਉਣ, ਵਸਣ, ਰਿਸ਼ਤਿਆਂ ਦੀਆਂ ਸੌਦੇਬਾਜ਼ੀਆਂ, ਟੁਟਦੇ ਬਣਦੇ ਰਿਸ਼ਤੇ, ਇੰਮੀਗ੍ਰੇਸ਼ਨਾਂ ਵਿੱਚ ਫਸੇ ਕੇਸਾਂ ਦਾ ਦੁਖਾਂਤ, ਕੈਨੇਡੀਅਨ ਜ਼ਿੰਦਗੀ ਦੇ ਉਤਰਾਵਾਂ ਚੜਾਵਾਂ ਵਿੱਚ ਲਟਕਦੇ ਲੋਕ, ਧਰਤੀਆਂ, ਪੀੜ੍ਹੀਆਂ ਦੇ ਵਖਰੇਵੇਂ ਦੀ ਟੁੱਟ ਭੱਜ ਵਿੱਚ ਵੀ ਪਿਆਰ ਦੀਆਂ ਤੰਦਾਂ, ਖੂਨ ਦੇ ਰਿਸ਼ਤੇ ਕੁਦਰਤ ਦੇ ਕਾਨੂੰਨ ਮੁਤਾਬਕ ਆਖਰ ਇੱਕ ਹੋ ਜਾਂਦੇ ਹਨ, ਨੂੰ ਪਾਤਰਾਂ ਨੇ ਆਪਣੇ ਕਿਰਦਾਰਾਂ ਰਾਹੀਂ ਬਾਖੂਬੀ ਨਿਭਾਇਆ। ਇਸ ਨਾਟਕ ਦੇ ਮੁੱਖ ਪਾਤਰ ਅੰਬਰ ਤੇ ਪਾਲ ਜਿਨ੍ਹਾਂ ਦੁਆਲੇ ਕਹਾਣੀ ਘੁੰਮਦੀ ਹੈ। ਉਸਦਾ ਰੋਲ ਕੇ. ਪੀ. ਸਿੰਘ ਤੇ ਜਸਪ੍ਰੀਤ ਨੇ ਨਿਭਾਇਆ। ਅੰਬਰ ਦੇ ਦੋਸਤਾਂ ਦੇ ਰੂਪ ਵਿੱਚ ਨਰਿੰਦਰ ਮੰਗੂਵਾਲ ਤੇ ਪ੍ਰਿੰਸ ਗੋਸਵਾਮੀ ਜੋ ਕਿ ਹੰਢੇ ਵਰਤੇ ਕਲਾਕਾਰ ਹਨ, ਨੇ ਨਾਟਕ ਨੂੰ ਨਾਲ ਦੀ ਨਾਲ ਅੱਗੇ ਤੋਰਿਆ। ਪਾਲ ਦੇ ਮਾਂ-ਬਾਪ ਦੇ ਰੋਲ ਵਿੱਚ ਸੰਤੋਖ ਢੇਸੀ ਤੇ ਕੁਲਦੀਪ ਟੋਨੀ ਨੇ ਆਪਣੇ ਰੋਲ ਦੀ ਲੋਕਾਂ ਦੇ ਦਿਲਾਂ ਵਿੱਚ ਛਾਪ ਛੱਡੀ। ਪਾਲ ਦੀ ਸੱਸ ਚੰਦ ਕੌਰ ਦਾ ਰੋਲ ਪਰਮਿੰਦਰ ਸਵੈਚ ਨੇ ਬਹੁਤ ਵਧੀਆ ਤੇ ਦਮਦਾਰ ਕਿਰਦਾਰ ਵਜੋਂ ਨਿਭਾਇਆ। ਪਰਮਿੰਦਰ ਸਵੈਚ ਵਲੋਂ ਬੋਲੇ ਗਏ ਸੰਵਾਦ ਅਤੇ ਨਾਟਕੀ ਅੰਦਾਜ਼ ਇਸ ਨਾਟਕ ਦੀ ਸਿਖਰ ਹੋ ਨਿਬੜੇ ਜਿਹਨਾਂ ਦਾ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕੀਤਾ। ਨੌਜਵਾਨ ਬੇਟੀ ਖੁਸ਼ਲੀਨ ਨੇ ਚੰਦ ਕੌਰ ਦੀ ਸੌਕਣ ਦਾ ਰੋਲ ਅਦਾ ਕੀਤਾ। ਸਾਰੇ ਹੀ ਕਲਾਕਾਰਾਂ ਨੇ ਨਾਟਕ ਨੂੰ ਰੂਹ ਨਾਲ ਮੰਚਨ ਕੀਤਾ। ਡਾ. ਜਸਕਰਨ ਨੇ ਜਿੱਥੇ ਪਾਲੀ ਭੁਪਿੰਦਰ ਦਾ ਨਾਟਕ ਚੁਣਿਆ ਉੱਥੇ ਗੁਰਤੇਜ ਕੁਹਾਰਵਾਲਾ ਦੀ ਬੇਹਤਰੀਨ ਸ਼ਾਇਰੀ ਨਾਲ ਸੋਹਣੇ ਰੰਗ ਭਰੇ, ਗੁਲਾਮ ਦੇ ਸੰਗੀਤ ਨਾਲ ਮੰਤਰ ਮੁਗਧ ਕੀਤਾ ਤੇ ਇੰਡੀਆ ਦੇ ਰਣਜੀਤ ਬਾਂਸਲ ਤੋਂ ਸ਼ੁਟ ਕਰਵਾ ਕੇ ਦਰਸ਼ਕਾਂ ਨੂੰ ਉਹਨਾਂ ਦੀ ਪਿੱਠ ਭੁਮੀ ਨਾਲ ਜੋੜਿਆ, ਕੇਵਲ ਧਾਲੀਵਾਲ ਦੀਆਂ ਨੇਕ ਸਲਾਹਾਂ ਨੇ ਰੰਗ ਮੰਚ ਦਾ ਸਿਖਰ ਛੋਹਣ ਵਿੱਚ ਕਸਰ ਨਹੀਂ ਰੱਖੀ। ਇਸ ਦੇ ਪ੍ਰੋਡਿਊਸਰ ਕੇ ਪੀ ਸਿੰਘ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਸੰਪਨ ਕਰਨ ਦੀ ਜ਼ਿੰਮੇਵਾਰੀ ਲਈ, ਬਹੁਤ ਸਾਰੇ ਸਪਾਂਸਰਾਂ ਦੀ ਮੱਦਦ ਵੀ ਹਾਸਲ ਕੀਤੀ ਤੇ ਵਿੱਚੋਂ ਟਾਈਮ ਕੱਢ ਕੇ ਐਕਟਿੰਗ ਵੀ ਕੀਤੀ ਤਾਂਕਿ ਇਸ ਵੱਡੇ ਹਾਲ ਦੇ ਖਰਚੇ ਪੂਰੇ ਹੋ ਸਕਣ। । ਰੰਗਮੰਚ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਨੇ 25 ਡਾਲਰ ਦੀ ਟਿਕਟ ਲੈ ਕੇ ਨਾਟਕ ਨੂੰ ਡੇਢ ਘੰਟਾ ਸੂਈ ਜਿੰਨੇ ਖੜਾਕ ਤੋਂ ਬਿਨਾਂ ਨਾਟਕ ਨੂੰ ਮਾਣਿਆ, ਰੰਗਮੰਚ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤੇ ਬਾਅਦ ਵਿੱਚ ਕਲਾਕਾਰਾਂ ਨੂੰ ਦਾਦ ਵੀ ਦਿੱਤੀ। ਅੰਤ ਵਿੱਚ ਵਿਵੇਕਜੋਤ ਕੌਰ ਬਰਾੜ ਨੇ ਸਾਰੇ ਕਲਾਕਾਰਾਂ ਦੀ ਜਾਣ ਪਛਾਣ ਕਰਾਈ। ਇੱਕ ਚੰਗੀ ਤੇ ਨਿਵੇਕਲੀ ਪਿਰਤ ਪਾਉਂਦੇ ਹੋਏ ਕਲੱਬ ਵਲੋਂ ਪ੍ਰੋਗਰਾਮ ਨੂੰ ਸਪਾਂਸਰ ਕਰਨ ਵਾਲੇ ਕਾਰੋਬਾਰੀਆਂ ਨੂੰ ‘ਮੇਰਾ ਦਾਗਿਸਤਾਨ’, ਕਿੱਸਾ ਰੌਕੀ ਰੇਸ਼ਮਾ, ਬੀ ਜੀ ਮੁਸਕਰਾ ਪਏ ਤੇ ਜ਼ਿੰਦਗੀ ਜ਼ਿੰਦਾਬਾਦ ਵਰਗੀਆਂ ਕਿਤਾਬਾਂ ਭੇਂਟ ਕੀਤੀਆਂ ਗਈਆਂ ਅਤੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।