Headlines

ਬੈਲਿੰਘਹੈਮ ਵਿਚ ਇਤਿਹਾਸਕ ਨਾਟਕ ਜ਼ਫਰਨਾਮਾ ਦਾ ਸ਼ਾਨਦਾਰ ਤੇ ਸਫਲ ਮੰਚਨ

ਉਘੀ ਲੇਖਕਾ ਹਰਕੀਰਤ ਕੌਰ ਚਹਿਲ ਦਾ ਸਨਮਾਨ-

ਬੈਲਿੰਘਹੈਮ, ਯੂ ਐਸ ਏ-ਪੰਜਾਬੀ ਸਾਹਿਤ, ਸੰਗੀਤ ਅਤੇ ਕਲਾ ਮੰਚ ਬੈਲਿੰਘਹੈਮ ਵੱਲੋਂ ਲੰਘੇ  ਐਤਵਾਰ ਨੂੰ ਪੰਜਾਬ ਲੋਕ ਰੰਗ ਦੀ ਪ੍ਰੋਡਕਸ਼ਨ ਦੁਆਰਾ ਤਿਆਰ ਕੀਤਾ ਨਾਟਕ “ਜ਼ਫਰਨਾਮਾ” ਦਾ ਸਫ਼ਲ ਮੰਚਨ ਕਰਵਾਇਆ ਗਿਆ। ਸੁਰਿੰਦਰ ਸਿੰਘ ਧਨੋਆ ਦੁਆਰਾ ਲਿਖਤ ਅਤੇ ਨਿਰਦੇਸ਼ਿਤ ਕੀਤੇ ਇਸ ਧਾਰਮਿਕ ਅਤੇ ਇਤਹਾਸਿਕ ਨਾਟਕ ਨੇ ਦਸਮ ਪਿਤਾ ਦੀ ਲਾਸਾਨੀ ਕੁਰਬਾਨੀ ਅਤੇ ਖ਼ਾਲਸੇ ਦੇ ਫਲਸਫ਼ੇ ਨੂੰ ਬੜੀ ਹੀ ਬਾਰੀਕਬੀਨੀ ਨਾਲ ਪੇਸ਼ ਕੀਤਾ। ਰੰਗਮੰਚ ਦੀ ਦਮਦਾਰ ਪੇਸ਼ਕਾਰੀ ਨੂੰ ਖਚਾਖਚ ਭਰੇ ਹਾਲ ਨੂੰ ਜਿੱਥੇ ਵਿਰਸੇ ਦੇ ਰੂਬਰੂ ਕੀਤਾ ਉਥੇ ਹੀ ਬਹੁਤ ਵਾਰ ਭਾਵੁਕ ਵੀ ਕੀਤਾ।
ਇਸ ਨਵੀਂ ਬਣੀ ਸਾਹਿਤਕ ਸਭਾ ਨੇ ਇਹ ਉੱਦਮ ਕਰ ਕੇ ਬਹੁਤ ਵੱਡੀ ਮੱਲ ਮਾਰੀ ਹੈ। ਸਟੇਜ ਦਾ ਸੰਚਾਲਨ ਡਾ. ਸੁਖਵੀਰ ਬੀਹਲਾ ਨੇ ਅਤੇ ਜਸਜੋਤ ਸੰਘੇੜਾ ਨੇ ਬਾਖੂਬੀ ਨਿਭਾਇਆ। ਅੱਜ ਦੀ ਪੀੜ੍ਹੀ ਦੀ ਨੁਮਾਇੰਦਗੀ ਵਜੋਂ ਜਸਜੋਤ ਸੰਘੇੜਾ ਅਤੇ ਮਿਹਰਵੀਰ ਸਿੰਘ ਸੰਘੇੜਾ ਦੀ ਹਾਜ਼ਰੀ ਜ਼ਿਕਰਯੋਗ ਰਹੀ। ਮਿਹਰਵੀਰ ਸੰਘੇੜਾ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਔਰੇਗਜ਼ੇਬ ਨੂੰ ਲਿਖੇ ਫ਼ਤਿਹ ਦਾ ਪੱਤਰ “ ਜ਼ਫ਼ਰਮਾਨਾ” ਦਾ ਇਤਹਾਸ ਦਰਸ਼ਕਾਂ ਨਾਲ ਸਾਂਝਾ ਕੀਤਾ।
ਪੰਜਾਬੀ ਸਾਹਿਤ, ਸੰਗੀਤ ਅਤੇ ਕਲਾ ਮੰਚ ਵਲੋਂ ਨਾਮਵਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਜਿਹਨਾਂ ਵਿਚ ਉਘੀ ਨਾਵਲਕਾਰਾ ਹਰਕੀਰਤ ਕੌਰ ਚਹਿਲ ਦਾ ਵਿਸ਼ੇਸ਼ ਸਨਮਾਨ ਸ਼ਾਮਿਲ ਸੀ।
ਬਲਜੀਤ ਕੌਰ ਸੰਘੇੜਾ ਦਾ ਸਮੂਹ ਪ੍ਰਵਾਰ ਅਤੇ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜਿਨ੍ਹਾਂ ਦੀ ਬਦੌਲਤ ਇਹ ਕਾਰਜ ਸਿਰੇ ਚੜਿਆ।