Headlines

ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਯਾਦ ਵਿੱਚ ਕੈਲਗਰੀ ਦਾ 24ਵਾਂ ਗਦਰੀ ਬਾਬਿਆਂ ਦਾ ਮੇਲਾ ਆਯੋਜਿਤ

ਉਘੇ ਪੱਤਰਕਾਰ ਤੇ ਬੁਲਾਰੇ ਡਾ ਗੁਰਵਿੰਦਰ ਸਿੰਘ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਐਵਾਰਡ ਨਾਲ ਸਨਮਾਨਿਤ- ਪ੍ਰਸਿਧ ਪੱਤਰਕਾਰ ਜਸਪਾਲ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ-
—————-
 ਕੈਲਗਰੀ ( ਦਲਬੀਰ ਜੱਲੋਵਾਲੀਆ)- ਕੈਲਗਰੀ ਦੇ ਪਰੈਰੀਵਿੰਡ ਪਾਰਕ ਵਿੱਚ 24ਵਾਂ ਗ਼ਦਰੀ ਬਾਬਿਆਂ ਦਾ ਮੇਲਾ ਭਰਪੂਰ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ। ਲਗਾਤਾਰ ਤਿੰਨ ਦਿਨ ਚੱਲੇ ਇਸ ਮੇਲੇ ਦੇ ਆਖਰੀ ਦਿਨ, ਗੀਤ ਸੰਗੀਤ ਤੇ ਮਨੋਰੰਜਨ ਤੋਂ ਇਲਾਵਾ ਇਤਿਹਾਸਿਕ ਵਿਚਾਰਾਂ ਹੋਈਆਂ। ਇਸ ਮੌਕੇ ‘ਤੇ ਕੈਨੇਡਾ ਦੇ ਮਹਾਨ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਅਵਾਰਡ ਨਾਲ, ਮੀਡੀਆ ਸ਼ਖਸੀਅਤ, ਇਤਿਹਾਸਕਾਰ ਅਤੇ ਉਘੇ ਬੁਲਾਰੇ ਡਾ. ਗੁਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਮੇਲੇ ਦੇ ਪ੍ਰਬੰਧਕਾਂ ਸਮੇਤ ਸ਼ਹਿਰ ਕੈਲਗਰੀ ਦੀ ਮੇਅਰ ਜੋਤੀ ਗੌਂਡਿਕ, ਸਥਾਨਕ ਵਿਧਾਇਕਾਂ ਅਤੇ ਸਮਾਜ ਸੇਵੀ ਸ਼ਖਸ਼ੀਅਤਾਂ ਤੇ ਕਾਰੋਬਾਰੀ ਸਾਨਾ ਜਹਾਂਗੀਰ ਅਤੇ ਸ਼ੌਕਤ ਹਯਾਤ (ਹਯਾਤ ਹੋਮ) ਵੱਲੋਂ ਦਿੱਤਾ ਗਿਆ।
     ਮੇਲੇ ਵਿੱਚ ਮੌਜੂਦ ਪੰਜਾਬੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ  ਕੈਨੇਡਾ ਦੇ ਇਤਿਹਾਸ ਵਿੱਚ ਅੱਜ ਵੀ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਹੀਦ ਨਹੀਂ ਮੰਨਿਆ ਜਾਂਦਾ ਤੇ ਉਹਨਾਂ ਬਾਰੇ ਇਤਿਹਾਸ ਵਿਗਾੜਿਆ ਹੋਇਆ ਲਿਖਿਆ ਮਿਲਦਾ ਹੈ। ਉਹਨਾਂ ਗਦਰੀ ਬਾਬਿਆਂ ਦੀਆਂ ਇਤਿਹਾਸਿਕ ਦੇਣਾਂ, ਮੂਲਵਾਸੀ ਭਾਈਚਾਰੇ ਨਾਲੋਂ ਹੋ ਰਹੀਆਂ ਧੱਕੇਸ਼ਾਹੀਆਂ, ਭਾਰਤ ਅੰਦਰ ਫਾਸ਼ੀਵਾਦੀ ਸਟੇਟ ਵੱਲੋਂ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਅਤੇ ਮੌਜੂਦਾ ਸਮੇਂ ਵੀ ਕੈਨੇਡਾ ਨਸਲਵਾਦੀ ਤਾਕਤਾਂ ਦੇ ਸਿਰ ਚੁੱਕਣ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਦੇ ਪ੍ਰਸੰਗ ਵਿੱਚ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਕਾਮਾਗਾਟਾਮਾਰੂ ਜਹਾਜ਼ ਕਿਰਾਏ ਤੇ ਲੈ ਕੇ  ਬਾਬਾ ਗੁਰਦਿੱਤ ਸਿੰਘ ਅਤੇ ਸਾਥੀਆਂ ਨੇ ਇਸ ਦਾ ਨਾਮਕਰਨ ਗੁਰੂ ਨਾਨਕ ਜਹਾਜ਼ ਕੀਤਾ ਸੀ, ਜਿਸ ਨੂੰ ਮੁੜ ਬਹਾਲ ਕਰਨਾ ਸਾਰਿਆਂ ਦਾ ਸਾਂਝਾ ਮਨੋਰਥ ਹੋਣਾ ਚਾਹੀਦਾ ਹੈ।
        24ਵੇਂ ਗਦਰੀ ਬਾਬਿਆਂ ਦੇ ਮੇਲੇ ‘ਚ ਕੈਲਗਰੀ ਵਿਖੇ ਪੰਜਾਬੀ ਇੰਡੋਫੈਸਟ ਗਦਰੀ ਮੇਲਾ ਫਾਊਂਡੇਸ਼ਨ ਵੱਲੋਂ ਹੋਏ ਸਮਾਗਮ ਦੀ ਜਿੱਥੇ ਖੂਬਸੂਰਤੀ ਇਹ ਸੀ ਕਿ ਇਸ ਵਿੱਚ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਕੈਨੇਡਾ ਦੇ ਕੌਮੀ ਸ਼ਹੀਦ ਐਲਾਨੇ ਜਾਣ, ਉਹਨਾਂ ਸਬੰਧੀ ਕੈਨੇਡਾ ਦਾ ਇਤਿਹਾਸ ਦਰੁਸਤ ਕਰਨ ਅਤੇ ਉਹਨਾਂ ਦੀ ਯਾਦਗਾਰ ਸਥਾਪਿਤ ਕਰਨ ਲਈ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ, ਉੱਥੇ ਦੂਜੇ ਪਾਸੇ ‘ਗੁਰੂ ਨਾਨਕ ਜਹਾਜ਼’ ਦੇ ਅਸਲੀ ਨਾਂ ਦੀ ਬਹਾਲੀ ਲਈ ਸਟੇਜ ਤੋਂ ਮਤਿਆ ਨੂੰ ਪ੍ਰਵਾਨਗੀ ਦੇ ਕੇ ਸਤਿਕਾਰ ਦਿੱਤਾ ਗਿਆ। ਇਸ ਤੋਂ ਇਲਾਵਾ ਮੌਜੂਦਾ ਫਾਸ਼ੀਵਾਦੀ ਇੰਡੀਅਨ ਸਟੇਟ ਵੱਲੋਂ ਚਿੰਤਕਾਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਜੇਲਾਂ ‘ਚ ਸੁੱਟਣ ਅਤੇ ਪੰਜਾਬ ਦੇ ਸਿੱਖ ਕੈਦੀਆਂ ਦੇ ਉਮਰ ਕੈਦਾਂ ਦੀਆਂ ਸਜ਼ਾਵਾਂ ਭੁਗਤਨ ਦੇ ਬਾਵਜੂਦ ਰਿਹਾਈ ਨਾ ਹੋਣ, ਦੇ ਵਿਰੋਧ ਵਿੱਚ ਪਾਸ ਕੀਤਾ ਗਿਆ ਮਤਾ ਡੂੰਘੇ ਅਰਥ ਰੱਖਦਾ ਹੈ।
      ਇਸ ਮੌਕੇ ਤੇ ਬਾਬਾ ਗੁਰਦਿੱਤ ਸਿੰਘ ਦੀ ਲਿਖਤ ‘ਗੁਰੂ ਨਾਨਕ ਜਹਾਜ਼’ ਕਿਤਾਬ ਰਿਲੀਜ਼ ਕੀਤੀ ਗਈ ਅਤੇ ਰੈਡੀਕਲ ਦੇਸੀ ਵੱਲੋਂ ਤਿਆਰ ਕੀਤੇ ਗਏ ‘ਸ਼ਹੀਦ ਮੇਵਾ ਸਿੰਘ ਲੋਪੋਕੇ’ ਵਿਸ਼ੇਸ਼ ਅੰਕ ਕੈਲਗਰੀ ਵਾਸੀਆਂ ਨੂੰ ਭੇਟ ਕੀਤਾ ਗਿਆ। ਸਮੁੱਚੇ ਰੂਪ ਵਿੱਚ ਮੇਲੇ ਦੇ ਮੁੱਖ ਪ੍ਰਬੰਧਕ ਬ੍ਰਹਮ ਪ੍ਰਕਾਸ਼ ਸਿੰਘ ਲੁੱਡੂ ਵਲੋਂ ਲੋਕਾਂ ਦੇ ਭਰਵੇ ਹੰਗਾਰੇ ਲਈ ਧੰਨਵਾਦ ਕੀਤਾ ਗਿਆ ਅਤੇ ਪ੍ਰੋਫੈਸਰ ਮਨਜੀਤ ਸਿੰਘ ਨੇ ਇਤਿਹਾਸਿਕ ਮਹੱਤਵ ਵਾਲੇ ਮਤੇ ਪੇਸ਼ ਕੀਤੇ ਗਏ। ਮੇਲੇ ਦੇ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਉਘੇ ਪੱਤਰਕਾਰ ਅਤੇ ਯੂਐਨਆਈ ਦੇ ਸਾਬਕਾ ਪ੍ਰਤੀਨਿਧ ਜਸਪਾਲ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਜਿੰਨਾ ਵੱਲੋਂ ਲਿਖੀ ਕਿਤਾਬ ‘ਜੂਨ 84 ਦੀ ਪੱਤਰਕਾਰੀ’ ਇਤਿਹਾਸਿਕ ਦਸਤਾਵੇਜ਼ ਹੈ।