Headlines

ਤਿੰਨ ਕੈਨੇਡੀਅਨ ਸੰਸਥਾਵਾਂ ਵੱਲੋਂ ਪੰਜਾਬ ਤੋਂ ਆਏ ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਨਮਾਨ

ਸਰੀ, 7 ਅਗਸਤ (ਹਰਦਮ ਮਾਨ)-ਬੀਤੇ ਦਿਨ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪੰਜਾਬ ਤੋਂ ਆਏ ਪੰਜਾਬੀ ਲੇਖਕ ਡਾਕਟਰ ਲਖਬੀਰ ਸਿੰਘ ਨਾਮਧਾਰੀ ਦੇ ਮਾਣ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਸਰੀ ਵਿਖੇ ਇੱਕ ਸੰਖੇਪ ਪ੍ਰੋਗਰਾਮ ਵਿੱਚ ਉਹਨਾਂ ਬਾਰੇ ਜਾਣ ਪਛਾਣ ਕਰਵਾਉਂਦਿਆਂ ਪ੍ਰਸਿੱਧ ਪੰਜਾਬੀ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਡਾਕਟਰ ਲਖਬੀਰ ਸਿੰਘ ਨਾਮਧਾਰੀ ਦਾ ਸਾਹਿਤਿਕ ਗਤੀਵਿਧੀਆਂ ਵਿੱਚ ਵਡਮੁੱਲਾ ਕਾਰਜ ਹੈ। ਇਹਨਾਂ ਦੀਆਂ ਦੋ ਪੁਸਤਕਾਂ ‘ਚੱਲ ਮਾਲਵਾ ਦੇਸ਼ ਨੂੰ ਚੱਲੀਏ’ ਅਤੇ ‘ਜਿੱਥੇ ਕਿੱਕਰਾਂ ਨੂੰ ਅੰਬ ਲੱਗਦੇ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਤੀਜੀ ਪੁਸਤਕ ‘ਮਾਲਵੇ ਦੇ ਪੁਰਾਤਨ ਰੁੱਖ’ ਛਪਾਈ ਅਧੀਨ ਹੈ। ਇਹਨਾਂ ਨੇ ਨਾਮਧਾਰੀ ਸ਼ਹੀਦਾਂ, ਸਾਕੇ, ਘੱਲੂਘਾਰੇ, ਵਿਰਸੇ ਅਤੇ ਵਿਰਾਸਤ
ਹਿਤ ਚੋਖਾ ਕਾਰਜ ਕੀਤਾ ਹੈ।
ਡਾ. ਗੁਰਦੇਵ ਸਿੰਘ ਸਿੱਧੂ ਨੇ ਡਾਕਟਰ ਲਖਬੀਰ ਸਿੰਘ ਨਾਮਧਾਰੀ ਬਾਰੇ ਕਿਹਾ ਕਿ ਇਹ ਪੰਜਾਬ ਵਿੱਚ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਉਨ੍ਹਾਂ ਦੱਸਿਆ ਕਿ ਲਿਖਣ ਵਿੱਚ
ਇਹਨਾਂ ਦਾ ਵਿਸ਼ੇਸ਼ ਖੇਤਰ ਨਾਮਧਾਰੀ ਇਤਿਹਾਸ ਹੈ। ਇਨ੍ਹਾਂ ਦੇ ਇਲਾਕੇ ਦੇ ਜਿਹੜੇ ਨਾਮਧਾਰੀ ਸ਼ਹੀਦ ਹੋਏ ਹਨ, ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ, ਉਹਨਾਂ ਦੇ
ਪਰਿਵਾਰਾਂ ਨੂੰ ਮਿਲ ਕੇ, ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਬਾਰੇ ਜਾਣਕਾਰੀ ਇਕੱਤਰ ਕਰ ਕੇ ਨਾਮਧਾਰੀ ਸੰਗਤ ਅਤੇ ਦੂਸਰੇ ਪਾਠਕਾਂ ਤੀਕ ਪਹੁੰਚਾਉਣ ਦਾ ਇਨ੍ਹਾਂ ਨੇ
ਵਡੇਰਾ ਕਾਰਜ ਕੀਤਾ ਹੈ। ਅਸੀਂ ਕੁਦਰਤ ਤੋਂ ਵਿਛੜ ਰਹੇ ਹਾਂ, ਦੂਰ ਹੋ ਰਹੇ ਹਾਂ ਤਾਂ ਉਸ ਕੁਦਰਤ ਦੇ ਨਜ਼ਦੀਕ ਰਹਿਣ ਵਾਸਤੇ ਇਹਨਾਂ ਦਾ ਮਹੱਤਵਪੂਰਨ ਕੰਮ ਹੈ। ਖਾਸ ਕਰਕੇ ਪੁਰਾਣੇ
ਰੁੱਖ ਜਿਨ੍ਹਾਂ ਨੂੰ ਅਸੀਂ ਵਿਸਾਰ ਦਿੱਤਾ ਹੈ ਉਹੀ ਪੁਰਾਣੇ ਬੋਹੜ, ਪਿੱਪਲ, ਫਲਾਈਆਂ ਨੂੰ ਮੁੜ ਕੇ ਜੀਵਿਤ ਕਰਨ ਵਿੱਚ ਇਹਨਾਂ ਨੇ ਕਾਫੀ ਮਹੱਤਵਪੂਰਨ ਕਾਰਜ ਕੀਤਾ ਹੈ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਆਗੂ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਨਾਮਧਾਰੀ
ਇਤਿਹਾਸ ਨੂੰ ਸੁਰਜੀਤ ਕਰਨਾ, ਭੁੱਲੇ ਵਿਸਰੇ ਸ਼ਹੀਦਾਂ ਬਾਰੇ ਜਾਣਕਾਰੀ ਲੋਕਾਂ ਤੀਕ
ਪਹੁੰਚਾਉਣਾ ਅਤੇ ਪੁਰਾਣੇ ਦਰੱਖਤਾਂ ਨਾਲ ਦੀ ਨਵੇਂ ਸਿਰਿਓਂ ਨਵੀਂ ਉਮੀਦ ਜਗਾਉਣੀ,
ਇਨ੍ਹਾਂ ਦੇ ਅਜਿਹੇ ਕੰਮ ਬਹੁਤ ਧੰਨਤਾ ਦੇ ਯੋਗ ਹਨ। ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ
ਸਟੱਡੀਜ਼ ਦੇ ਸੰਚਾਲਕ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਪਹਿਲੀ ਵਾਰੀ ਡਾਕਟਰ ਲਖਬੀਰ ਸਿੰਘ
ਨਾਲ ਮੁਲਾਕਾਤ ਕਰ ਕੇ ਬਹੁਤ ਚੰਗਾ ਲੱਗਿਆ। ਅਜਿਹੇ ਵਿਦਵਾਨਾਂ ਦੀ ਭਾਈਚਾਰੇ ਨੂੰ ਬਹੁਤ
ਲੋੜ ਹੈ। ਉਨ੍ਹਾਂ ਆਪਣੇ ਇੰਸਟੀਚਿਊਟ ਬਾਰੇ ਵੀ ਸੰਖੇਪ ਜਾਣਕਾਰੀ ਸਾਂਝੀ ਕੀਤੀ।

ਡਾਕਟਰ ਲਖਬੀਰ ਸਿੰਘ ਨਾਮਧਾਰੀ ਨੇ ਕਿਹਾ ਕਿ ਉਹ ‘ਪੰਜਾਬੀ ਸੱਥ’ ਨਾਲ ਜੁੜੇ ਹੋਏ ਹਨ
ਅਤੇ ਮਲਵਈ ਪੰਜਾਬੀ ਸੱਥ ਦੇ ਇੰਚਾਰਜ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਸੱਥ ਦੀਆਂ ਦੇਸ਼
ਅਤੇ ਵੱਖ ਵੱਖ ਦੇਸ਼ਾਂ ਵਿਚ ਕੁੱਲ 53 ਸ਼ਾਖਾਵਾਂ ਹਨ। ਆਪਣੇ ਲਿਖਣ ਕਾਰਜ ਉਨ੍ਹਾਂ ਕਿਹਾ
ਕਿ ਸਮਾਜਿਕ ਸਮੱਸਿਆਵਾਂ, ਸਾਡੀਆਂ ਟੁੱਟ ਰਹੀਆਂ ਕਦਰਾਂ ਕੀਮਤਾਂ, ਮਰਦ ਔਰਤ ਦੀਆਂ
ਸਮੱਸਿਆਵਾਂ, ਨਸ਼ਿਆਂ ਦੇ ਵਧ ਰਹੇ ਪ੍ਰਭਾਵ, ਪ੍ਰਦੂਸ਼ਿਤ ਹੋ ਰਹੇ ਵਾਤਾਵਰਣ, ਨਾਮਧਾਰੀ
ਲਹਿਰ ਸਬੰਧੀ ਉਨ੍ਹਾਂ ਨੇ ਬਹੁਤ ਸਾਰੇ ਆਰਟੀਕਲ ਲਿਖੇ ਹਨ। ਉਨ੍ਹਾਂ ਦੀਆਂ ਪੁਸਤਕਾਂ ਵੀ
ਮਾਲਵੇ ਦੇ ਇਤਿਹਾਸ ਅਤੇ ਮਾਲਵੇ ਦੇ ਸਭਿਆਚਾਰ ਬਾਰੇ ਹਨ। ਉਨ੍ਹਾਂ ਮਾਣ ਸਨਮਾਨ ਦੇਣ ਲਈ
ਤਿੰਨਾਂ ਸੰਸਥਾਵਾਂ ਦਾ ਧੰਨਵਾਦ ਕੀਤਾ।

ਅੰਤ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇਗ
ਸਿੰਘ ਅਨੰਤ ਨੇ ਹਾਜਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਡਾਕਟਰ ਲਖਬੀਰ ਸਿੰਘ ਨਾਮਧਾਰੀ
ਅਤੇ ਬਸੰਤ ਸਿੰਘ ਨਾਮਧਾਰੀ ਨੂੰ ਤਿੰਨਾਂ ਸੰਸਥਾਵਾਂ ਵੱਲੋਂ ਜੈਤੇਗ ਸਿੰਘ ਅਨੰਤ, ਗਿਆਨ
ਸਿੰਘ ਸੰਧੂ, ਸੁਰਿੰਦਰ ਸਿੰਘ ਜੱਬਲ, ਚਰਨਜੀਤ ਸਿੰਘ ਮਰਵਾਹਾ, ਡਾ. ਗੁਰਦੇਵ ਸਿੰਘ
ਸਿੱਧੂ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਖੰਗੂੜਾ, ਜਰਨੈਲ ਸਿੰਘ ਸਿੱਧੂ ਨੇ ਸਿਰੋਪਾਓ
ਅਤੇ ਵਡਮੁੱਲੀਆਂ ਪੁਸਤਕਾਂ ਨਾਲ ਸਨਮਾਨਿਤ ਕੀਤਾ।