Headlines

ਸੰਪਾਦਕੀ- ਵਿਨੇਸ਼ ਫੋਗਾਟ ਹੋਣਾ ਹੀ ਸੋਨ ਤਗਮਾ ਹੈ….

-ਸੁਖਵਿੰਦਰ ਸਿੰਘ ਚੋਹਲਾ-

ਪੈਰਿਸ ਉਲੰਪਿਕ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗਮੇ ਦੀ ਭਾਰੀ ਉਮੀਦ ਸੀ। ਇਸ ਉਮੀਦ ਦਾ ਵੱਡਾ ਕਾਰਣ ਉਸਦੀ ਸੈਮੀਫਾਈਨਲ ਮੈਚ ਦੌਰਾਨ ਉਲੰਪਿਕ ਚੈਂਪੀਅਨ ਉਪਰ ਸ਼ਾਨਦਾਰ ਜਿੱਤ ਸੀ। ਇਸ ਮੈਚ ਦੌਰਾਨ ਕੁਮੈਂਟਰੀ ਕਰਨ ਵਾਲੇ ਉਸਦੇ ਦਾਅ ਪੇਚਾਂ ਦੀ ਕਦਰ ਕਰਦਿਆਂ ਵਾਰ-ਵਾਰ ਇਹ ਦੁਹਰਾਉਂਦਿਆਂ ਸੁਣੇ ਗਏ ਕਿ ਇਸ ਵਾਰ ਭਾਰਤ ਦਾ ਕੁਸ਼ਤੀ ਵਿਚ ਗੋਲਡ ਪੱਕਾ ਹੈ। ਉਸਨੇ ਇਕ ਦਿਨ ਵਿਚ ਤਿੰਨ ਮੈਚ ਖੇਡੇ ਤੇ ਹਰ ਮੈਚ ਵਿਚ ਉਹ ਜੇਤੂ ਸ਼ੇਰਨੀ ਵਾਂਗ ਦਹਾੜਦੀ ਦਿਖੀ। ਕਿਤੇ ਨਹੀ ਲੱਗਾ ਕਿ ਉਹ ਥੱਕੀ ਹੈ ਜਾਂ ਉਸਨੂੰ ਆਰਾਮ ਦੀ ਜ਼ਰੂਰਤ ਹੈ। ਸੈਮੀਫਾਈਨਲ ਮੈਚ ਦੌਰਾਨ ਉਸਦੀ ਜੇਤੂ ਮੁਸਕਾਨ ਇਹ ਸੰਕੇਤ ਦੇਣ ਲਈ ਕਾਫੀ ਸੀ ਉਸਦਾ ਮਨੋਬਲ ਕਿਸ ਕਦਰ ਮਜ਼ਬੂਤ ਹੈ। ਭਾਵੇਂਕਿ ਫਾਈਨਲ ਵਿਚ ਪਹੁੰਚਣਾ ਚਾਂਦੀ ਤਗਮਾ ਮਿਲਣਾ ਯਕੀਨੀ ਐਲਾਨ ਹੁੰਦਾ ਹੈ ਪਰ ਇਸ ਵਾਰ ਉਹਦੇ ਸਮੇਤ ਭਾਰਤੀ ਕੁਸ਼ਤੀ ਪ੍ਰੇਮੀਆਂ ਨੂੰ ਸੋਨ ਤਗਮੇ ਦੀ ਵੱਡੀ ਉਮੀਦ ਸੀ।

ਪਰ ਇਹਨਾਂ ਉਮੀਦਾਂ ਉਪਰ ਪਾਣੀ ਫਿਰਦਿਆਂ ਕੁਸ਼ਤੀ ਦੇ ਉਲੰਪਿਕ ਇਤਿਹਾਸ ਵਿਚ ਜੋ ਕੁਝ ਵੇਖਣ-ਸੁਣਨ ਨੂੰ ਮਿਲਿਆ, ਉਹ ਕੇਵਲ ਦੁਖਦਾਈ ਹੀ ਨਹੀਂ, ਕਈ ਤਰਾਂ ਦੇ ਸਵਾਲ ਵੀ ਖੜੇ ਕਰਦਾ ਹੈ। ਜਦੋਂ ਉਲੰਪਿੰਕ ਕਮੇਟੀ ਵਲੋਂ ਉਸਦਾ ਭਾਰ ਨਿਰਧਾਰਿਤ ਭਾਰ ਤੋਂ 100 ਗਰਾਮ ਵਧਣ ਕਾਰਣ ਉਸਨੂੰ ਆਯੋਗ ਕਰਾਰ ਦੇ ਦਿੱਤਾ ਗਿਆ ਤਾਂ ਉਸ ਲਈ ਮਾਨੋ ਅਸਮਾਨ ਪਾਟ ਗਿਆ। ਧਰਤੀ ਹਿੱਲ ਗਈ। ਕਹਿੰਦੇ ਨੇ ਉਸਦੇ ਡਾਇਟੀਸ਼ਨ ਤੇ ਪ੍ਰਬੰਧਕੀ ਟੀਮ ਨੇ ਬੜੀ ਕੋਸ਼ਿਸ਼ ਕੀਤੀ ਕਿ ਉਸਦਾ ਭਾਰ ਸਾਵਾਂ ਹੋ ਸਕੇ ਪਰ ਅਜਿਹਾ ਨਹੀ ਹੋ ਸਕਿਆ। ਉਸਦੀ ਖੁਰਾਕ ਤੇ ਸਿਹਤ ਲਈ ਜਿੰਮੇਵਾਰ ਡਾਕਟਰ ਨੇ ਖਸਿਆਨੀ ਹਾਸੀ ਹੱਸਦਿਆਂ ਦੱਸਿਆ ਕਿ ਭਾਰ ਨੂੰ ਘਟਾਉਣ ਲਈ ਸਾਰੀ ਰਾਤ ਵਰਜਿਸ਼ ਕਰਵਾਈ ਗਈ। ਸੌਨਾ ਬਾਥ ਦਿੱਤਾ ਗਿਆ। ਇਥੋੱ ਤੱਕ ਕਿ ਸਿਰ ਦੇ ਵਾਲ ਵੀ ਕਟਵਾਏ ਗਏ ਪਰ ਗੱਲ ਨਹੀ ਬਣੀ। ਸਵਾਲ ਹੈ ਕਿ ਜਦੋਂ ਕੁਆਲੀਫਾਈ ਮੁਕਾਬਲਿਆਂ ਦੌਰਾਨ ਤੇ ਉਸ ਉਪਰੰਤ ਸੈਮੀਫਾਈਨਲ ਤੱਕ ਉਸਦਾ ਭਾਰ ਠੀਕ-ਠਾਕ ਸੀ ਤਾਂ ਫਾਈਨਲ ਵਿਚ ਪੁੱਜਣ ਉਪਰੰਤ ਹੀ ਅਜਿਹਾ ਕੀ ਵਾਪਰਿਆ ਕਿ ਉਸਦਾ ਭਾਰ ਡੇਢ ਕਿਲੋ ਤੱਕ ਵਧ ਗਿਆ। ਕੋਈ ਵੀ ਇਹ ਮੰਨਣ ਲਈ ਤਿਆਰ ਨਹੀ ਕਿ ਉਸਦਾ ਭਾਰ ਕੇਵਲ ਫਾਈਨਲ ਵਿਚ ਪੁੱਜਣ ਦੀ ਖੁਸ਼ੀ ਕਾਰਣ ਹੀ ਵਧ ਗਿਆ। ਕੁਝ ਤਾਂ ਘਾਲਾ ਮਾਲਾ ਜਰੂਰ ਹੈ।

ਉਲੰਪਿਕ ਕਮੇਟੀ ਵਲੋਂ ਉਸਨੂੰ ਫਾਈਨਲ ਮੁਕਾਬਲੇ ਲਈ ਆਯੋਗ ਕਰਾਰ ਦਿੱਤੇ ਜਾਣ ਉਪਰੰਤ ਧਾਹਾਂ ਮਾਰਕੇ ਰੋਈ ਭਾਰਤੀ ਧੀ ਨੇ ਜੋ ਟਵੀਟ ਆਪਣੀ ਮਾਂ ਦੇ ਨਾਮ ਕੀਤਾ, ਉਹ ਉਸਦੀ ਬੇਬਸੀ ਤੇ ਜੋਰਾਂਵਰਾਂ ਦੀ ਬਦਨੀਤੀ ਨੂੰ ਜਾਹਰ ਕਰਦਿਆਂ ਕੰਧਾਂ ਨੂੰ  ਰਵਾਉਣ ਵਾਲਾ ਹੈ। ਉਸਨੇ ਲਿਖਿਆ ਕਿ ਮਾਂ ਮੈਨੂੰ ਮੁਆਫੀ ਕਰੀਂ, ਕੁਸ਼ਤੀ ਜਿੱਤ ਗਈ ਤੇ ਮੈਂ ਹਾਰ ਗਈ ਹਾਂ। ਇਥੇ ਉਸਦਾ ਮਤਲਬ ਕੁਸ਼ਤੀ, ਖੇਡ ਨਹੀ ਬਲਕਿ ਕੁਸ਼ਤੀ ਖੇਡ ਉਪਰ ਕਾਬਜ਼ ਬੇਈਮਾਨ ਧਿਰਾਂ ਤੋਂ ਹੈ। ਉਹ ਬੇਈਮਾਨ ਧਿਰਾਂ ਜੋ ਉਸਦੇ ਉਲੰਪਿਕ ਫਾਈਨਲ ਵਿਚ ਪੁੱਜਣ ਤੋਂ ਪ੍ਰੇਸ਼ਾਨ ਸਨ। ਕੁਸ਼ਤੀ ਉਪਰ ਕਾਬਜ਼ ਧਿਰਾਂ ਤਾਂ ਉਸਨੂੰ ਉਲੰਪਿਕ ਵਿਚ ਭੇਜਣ ਤੋਂ ਹੀ ਦੁਖੀ ਸਨ। ਸ਼ਾਇਦ ਇਸੇ ਲਈ ਉਹਨਾਂ ਨੇ ਉਲੰਪਿਕ ਜੇਤੂ ਖਿਡਾਰੀਆਂ ਨੂੰ ਵੀ ਮੁੜ ਕੁਆਲੀਫਾਈ ਕਰਨ ਲਈ ਤਕੜੀ ਪ੍ਰੀਖਿਆ ਚੋ ਲੰਘਣ ਲਈ ਮਜ਼ਬੂਰ ਕਰ ਦਿੱਤਾ ਸੀ। ਜਿਕਰਯੋਗ ਹੈ ਕਿ ਵਿਨਾਸ਼ ਫੋਗਾਟ ਨੇ ਕੁਸ਼ਤੀ ਸੰਘ ਦੇ ਬਾਹੂਬਲੀ ਪ੍ਰਧਾਨ ਤੇ ਉਸਦੇ ਸਾਥੀਆਂ ਖਿਲਾਫ ਜੰਤਰ ਮੰਤਰ ਉਪਰ ਜੋ ਜੰਗ ਵਿੱਡੀ ਸੀ, ਉਸਨੇ ਦੇਸ਼ ਦੀਆਂ ਕੌਮੀ ਖੇਡ ਸੰਸਥਾਵਾਂ ਉਪਰ ਸਿਆਸਤਦਾਨਾਂ ਦੇ ਕਬਜਿਆਂ ਤੇ ਸੰਸਥਾਵਾਂ ਨੂੰ ਆਪਣੀ ਨਿੱਜੀ ਜਾਇਦਾਦ ਵਾਂਗ ਚਲਾਉਣ ਦੇ ਤੌਰ ਤਰੀਕਿਆਂ ਦਾ ਭਾਂਡਾ ਚੌਰਾਹੇ ਭੰਨ ਦਿੱਤਾ ਸੀ। ਪਰ ਸਮੇਂ ਦੀ ਸਰਕਾਰ ਨੇ ਕੁਸ਼ਤੀ ਸੰਘ ਦੇ ਬਾਹੂਬਲੀ ਪ੍ਰਧਾਨ ਖਿਲਾਫ ਕਾਰਵਾਈ ਨੂੰ ਆਨਾਕਾਨੀ ਕਰਦਿਆਂ ਖਿਡਾਰੀਆਂ ਨਾਲ ਜੋ ਵਿਵਹਾਰ ਕੀਤਾ ਸੀ, ਉਹੀ ਵੀ ਕਿਸੇ ਤੋਂ ਭੁੱਲਾ ਹੋਇਆ ਨਹੀਂ। ਵਿਨੇਸ਼ ਫੋਗਾਟ ਵਲੋਂ ਕਹੇ ਉਹ ਸ਼ਬਦ ਅੱਜ ਵੀ ਗੂੰਜਦੇ ਹਨ ਕਿ ਬੇਸ਼ੱਕ ਉਸ ਦਾ ਖੇਡ ਕੈਰੀਅਰ ਦਾਅ ਤੇ ਲੱਗ ਜਾਵੇ ਪਰ ਉਹ ਨਵੀਆਂ ਖਿਡਾਰਨਾਂ ਦੀ ਅਜ਼ਮਤ ਲਈ ਆਪਣੀ ਲੜਾਈ ਜਾਰੀ ਰੱਖੇਗੀ। ਇਹ ਕਹਾਣੀ ਸਦਾ ਯਾਦ ਰੱਖੀ ਜਾਵੇਗੀ ਕਿ ਉਸਨੇ ਇਕ ਬਾਹੂਬਲੀ ਤੇ ਹੰਕਾਰੇ ਹੋਏ ਸਿਆਸਤਦਾਨ ਦਾ ਮੁਕਾਬਲਾ ਕੀਤਾ ਸੀ। ਉਹ ਹੰਕਾਰੀ ਸਿਆਸਤਦਾਨ ਜੋ ਸੱਤਾ ਦੀ ਆੜ ਹੇਠ ਮਹਿਲਾ ਪਹਿਲਵਾਨਾਂ ਦੀ ਇਜ਼ਤ ਨਾਲ ਖਿਲਵਾੜ ਕਰ ਰਿਹਾ ਸੀ। ਜੋ  ਅਸ਼ੀਰਵਾਦ ਦੇਣ ਦੇ ਬਹਾਨੇ ਕਮਰ ਤੱਕ ਹੱਥ ਲਿਜਾਣ ਨੂੰ ਆਪਣਾ ਅਧਿਕਾਰ ਸਮਝਦਾ ਸੀ। ਮਹਿਲਾ ਪਹਿਲਵਾਨਾਂ ਦੇ ਸਡੌਲ ਜਿਸਮਾਂ ਤੇ ਗੰਦੀ ਵਾਸ਼ਨਾ ਦੇ ਪ੍ਰਛਾਵੇਂ ਨੂੰ ਦੁਰਕਾਰਨ ਦੀ ਹਿੰਮਤ ਕਰਨ ਵਾਲੀਆਂ ਵਿਨੇਸ਼ ਵਰਗੀਆਂ ਪਹਿਲਵਾਨ ਕੁੜੀਆਂ ਦੀ ਲੜਾਈ ਮਿਸਾਲੀ ਸੀ। ਤੇ ਉਹਨਾਂ ਦੀ ਇਹ ਲੜਾਈ ਅਜੇ ਵੀ ਜਾਰੀ ਹੈ।

ਉਲੰਪਿਕ ਦਾ ਫਾਈਨਲ ਮੈਚ ਖੇਡਣ ਤੋਂ ਪਹਿਲਾਂ ਉਸ ਨਾਲ ਜੋ ਵਾਪਰਿਆ ਉਸ ਲਈ ਭਾਰਤੀ ਅਧਿਕਾਰੀ ਜਾਂ ਖੇਡ ਮੰਤਰਾਲਾ ਜੋ ਵੀ ਸਫਾਈਆਂ ਦੇਣ, ਉਸ ਲਈ ਉਹਨਾਂ ਦਾ ਗੁਨਾਹ ਮੁਆਫੀਯੋਗ ਨਹੀ ਹੈ। ਇਸ ਦੌਰਾਨ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਦੇ ਸਹਿਯੋਗੀਆਂ ਤੇ ਸਮਰਥਕਾਂ ਵਲੋਂ ਸੋਸ਼ਲ ਮੀਡੀਆ ਉਪਰ ਜੋ ਗੰਦ ਖਿਲਾਰਿਆ ਗਿਆ, ਉਹ ਅਤਿ ਨਿੰਦਾਜਨਕ ਹੀ ਨਹੀ ਬਲਕਿ ਮਾਨਵੀ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲਾ ਵੀ ਹੈ। ਉਲੰਪਿਕ ਤੱਕ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਪਹਿਲਵਾਨ ਖਿਲਾਫ ਅਜਿਹੀਆਂ ਬੇਹੂਦਾ ਟਿਪਣੀਆਂ ਨੂੰ ਲੈਕੇ ਸੰਸਦ ਤੱਕ ਰੌਲਾ ਪਿਆ ਹੈ ਪਰ ਉਹ ਹਨ ਕਿ ਸ਼ਰਮ ਉਨਕੀ ਮਗਰ ਆਤੀ ਨਹੀਂ…

ਵਿਨੇਸ਼ ਫੋਗਾਟ ਨੇ ਉਲੰਪਿਕ ਕਮੇਟੀ ਦੇ ਫੈਸਲੇ ਖਿਲਾਫ ਅਪੀਲ ਕੀਤੀ ਹੈ। ਇਕ ਹੋਰ ਅਪੀਲ ਰਾਹੀਂ ਉਸਨੇ ਸਿਲਵਰ ਮੈਡਲ ਲਈ ਸਾਂਝਾ ਦਾਅਵਾ ਕੀਤਾ ਹੈ। ਉਲੰਪਿਕ ਕਮੇਟੀ ਨੇ ਵੀ ਜੋ ਫੈਸਲਾ ਲੈਣਾ ਹੈ ਉਹ ਨਿਯਮਾਂ ਤੋਂ ਬਾਹਰ ਸੰਭਵ ਨਹੀਂ ਪਰ ਦੇਸ ਅਤੇ ਦੁਨੀਆ ਦੇ ਲੋਕਾਂ ਨੇ ਵਿਨੇਸ਼ ਦੇ ਹੱਕ ਵਿਚ ਜੋ ਆਵਾਜ਼ ਬੁਲੰਦ ਕੀਤੀ ਹੈ, ਉਸ ਨਾਲ ਹਮਦਰਦੀ ਜਿਤਾਈ ਹੈ, ਉਸ ਆਵਾਜ਼ ਨੇ ਉਸਦੇ ਹੱਕ ਵਿਚ ਫੈਸਲਾ ਸੁਣਾ ਦਿੱਤਾ ਹੈ। ਚੰਗੀ ਖਬਰ ਹੈ ਕਿ ਹਰਿਆਣਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਵਿਨੇਸ਼ ਫੋਗਾਟ ਨੂੰ ਉਹ ਸਭ ਸਨਮਾਨ ਦਿੱਤਾ ਜਾਵੇਗਾ ਜੋ ਇਕ ਉਲੰਪਿਕ ਸਿਲਵਰ ਮੈਡਲ ਜੇਤੂ ਨੂੰ ਦਿੱਤਾ ਜਾਂਦਾ ਹੈ। ਪਰ ਇਸਤੋਂ ਵੀ ਵੱਡਾ ਸਨਮਾਨ, ਉਹ ਹੈ ਜੋ ਦੇਸ਼ ਦੇ ਲੋਕਾਂ ਨੇ ਖੇਡ ਸੰਸਥਾਵਾਂ ਤੇ ਕਾਬਜ਼ ਬਾਹੂਬਲੀਆਂ ਨੂੰ ਲਾਹਨਤਾਂ ਭੇਜਣ ਦੇ ਨਾਲ ਵਿਨੇਸ਼ ਫੋਗਾਟ ਨੂੰ  ਦੇਸ਼ ਦੀ ਬਹਾਦਰ ਬੇਟੀ ਤੇ ਹੋਰਾਂ ਲਈ ਪ੍ਰੇਰਨਾ ਸਰੋਤ ਹੋਣ ਵਜੋਂ ਦਿੱਤਾ ਹੈ। ਵਿਨੇਸ਼ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ। ਪਹਿਲਵਾਨੀ ਨੂੰ ਵੀ ਅਲਵਿਦਾ ਨਹੀ ਕਹਿਣਾ। ਦੇਸ਼ ਦੇ ਲੋਕ ਉਸਦੇ ਨਾਲ। ਉਸਨੇ ਅਜੇ ਹੋਰ ਲੜਨਾ ਹੈ।  ਨਵੀਂ ਪੀੜੀ ਦੀਆਂ ਕੁੜੀਆਂ, ਪਹਿਲਵਾਨ ਕੁੜੀਆਂ ਤੇ ਵਰਜਿਤ ਖੇਡਾਂ ਵਿਚ ਔਰਤਾਂ ਦੀ ਸ਼ਮੂਲੀਅਤ ਲਈ ਪ੍ਰੇਰਨਾ ਸਰੋਤ ਬਣਨਾ ਹੈ….