Headlines

ਪੈਰਿਸ ਓਲੰਪਿਕ: ਸਰਬਜੋਤ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ

ਅੰਬਾਲਾ, 10 ਅਗਸਤ

ਪੈਰਿਸ ਓਲੰਪਿਕਸ ’ਚ ਤਗ਼ਮਾ ਜਿੱਤਣ ਵਾਲੇ ਅੰਬਾਲਾ ਦੇ ਧੀਨ ਪਿੰਡ ਦੇ ਵਸਨੀਕ ਸਰਬਜੋਤ ਸਿੰਘ ਨੇ ਖੇਡ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਬਜੋਤ ਸਿੰਘ ਨੂੰ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਦੇਣ ਦਾ ਐਲਾਨ ਕੀਤਾ ਸੀ। ਇਸ ਸਬੰਧੀ ਸਰਬਜੋਤ ਸਿੰਘ ਨੇ ਕਿਹਾ, ‘‘ਡਿਪਟੀ ਡਾਇਰੈਕਟਰ ਦਾ ਕੰਮ ਤਾਂ ਚੰਗਾ ਹੈ ਪਰ ਮੈਂ ਅਜਿਹਾ ਨਹੀਂ ਕਰਾਂਗਾ। ਮੈਂ ਸ਼ੂਟਿੰਗ ’ਤੇ ਧਿਆਨ ਦੇਵਾਂਗਾ। ਪਰਿਵਾਰ ਵੀ ਚੰਗੀ ਨੌਕਰੀ ਦੀ ਮੰਗ ਕਰ ਰਿਹਾ ਹੈ ਪਰ ਮੈਂ ਸ਼ੂਟਿੰਗ ਕਰਨਾ ਚਾਹੁੰਦਾ ਹਾਂ। ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਫ਼ੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ।’’

ਇਸ ਸਬੰਧੀ ਜਦੋਂ ਸਰਬਜੋਤ ਦੇ ਪਿਤਾ ਜਤਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੀ ਪੇਸ਼ਕਸ਼ ਸਿਰ ਮੱਥੇ ਪਰ ਸਰਬਜੋਤ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਹੀ ਸਥਿਤੀ ਦਾ ਪਤਾ 17 ਅਗਸਤ ਤੋਂ ਬਾਅਦ ਲੱਗੇਗਾ। ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਯੂਥ ਪ੍ਰੋਗਰੈਸਿਵ ਸਿੱਖ ਫੋਰਸ ਵੱਲੋਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸਰਬਜੋਤ ਸਿੰਘ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਓਐੱਸਡੀ ਡਾ. ਪ੍ਰਭਲੀਨ ਸਿੰਘ ਨੇ ਵਾਈਪੀਐੱਸਐੱਫ ਵੱਲੋਂ 51 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਰਬਜੀਤ ਨੂੰ 1.25 ਲੱਖ ਰੁਪਏ ਦਾ ਚੈੱਕ ਦੇ ਕੇ ਹੌਸਲਾ-ਅਫਜ਼ਾਈ ਕੀਤੀ ਗਈ।

ਇਸ ਮੌਕੇ ਪ੍ਰਭਲੀਨ ਸਿੰਘ ਅਤੇ ਖਿਡਾਰੀ ਸਰਬਜੋਤ ਸਿੰਘ ਨੇ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਭੁਪਿੰਦਰ ਸਿੰਘ ਅਸੰਧ ਅਤੇ ਹੋਰ ਅਹੁਦੇਦਾਰਾਂ ਵੱਲੋਂ ਡਾ. ਪ੍ਰਭਲੀਨ ਸਿੰਘ ਅਤੇ ਸਰਬਜੋਤ ਸਿੰਘ ਨੂੰ ਸਿਰੋਪਾਓ ਭੇਟ ਕੀਤੇ ਗਏ। ਓਐੱਸਡੀ ਡਾ. ਪ੍ਰਭਲੀਨ ਸਿੰਘ ਨੇ ਕਿਹਾ ਕਿ ਸਰਬਜੋਤ ਨੇ ਸ਼ੂਟਿੰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਦੇਸ਼ ਦੇ ਨਾਲ-ਨਾਲ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਓਲੰਪਿਕ ਖੇਡਾਂ ਵਿੱਚ ਸਰਬਜੋਤ ਸਿੰਘ ਦਾ ਪ੍ਰਦਰਸ਼ਨ ਬਿਨਾਂ ਸ਼ੱਕ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ ਸਾਬਤ ਹੋਵੇਗਾ। ਡਾ. ਪ੍ਰਭਲੀਨ ਸਿੰਘ ਨੇ ਖਿਡਾਰੀ ਸਰਬਜੋਤ ਸਿੰਘ ਦੀ ਮਨੋਹਰ ਲਾਲ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਵੀ ਕਰਵਾਈ।