Headlines

ਬੀ ਸੀ ਕੰਸਰਵੇਟਿਵ ਨੂੰ ਭਰਵੇਂ ਲੋਕ ਹੁੰਗਾਰੇ ਤੋਂ ਉਤਸ਼ਾਹ ਵਿਚ ਹਨ ਪਾਰਟੀ ਆਗੂ ਤੇ ਉਮੀਦਵਾਰ

ਈਬੀ ਸਰਕਾਰ ਹਰ ਫਰੰਟ ਤੇ ਫੇਲ- ਜੌਹਨ ਰਸਟਡ-

ਸਰੀ ਨਿਊਟਨ ਤੋਂ ਤੇਗਜੋਤ ਬੱਲ ਤੇ ਸਰੀ ਨਾਰਥ ਤੋਂ ਮਨਦੀਪ ਧਾਲੀਵਾਲ ਵਲੋਂ ਸਰਗਰਮੀਆਂ ਤੇਜ਼-

ਸਰੀ ( ਦੇ ਪ੍ਰ ਬਿ)- ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਇਕ ਬਿਆਨ ਰਾਹੀਂ ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਾਲੀ ਬੀ ਸੀ ਐਨ ਡੀ ਪੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਕਰੜੀ ਨਿੰਦਾ ਕਰਦਿਆਂ ਕਿਹਾ ਹੈ ਕਿ ਈਬੀ ਸਰਕਾਰ ਸਿਹਤ, ਸਿਖਿਆ ਅਤੇ ਆਰਥਿਕ ਫਰੰਟ ਤੇ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਅਤਿ ਦੀ ਮਹਿੰਗਾਈ ਕਾਰਣ ਲੋਕਾਂ ਦਾ ਜੀਵਨ ਪ੍ਰੇਸ਼ਾਨੀਆਂ ਵਿਚ ਘਿਰਿਆ ਪਿਆ ਹੈ। ਜਦੋਂ 2017-18 ਵਿਚ ਐਨ ਡੀ ਪੀ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਸੀ ਤਾਂ ਉਦੋ ਸੰਤੁਲਿਤ ਬਜਟ ਸੀ ਪਰ ਹੁਣ ਸੂਬਾ 7.9 ਬਿਲੀਅਨ ਡਾਲਰ ਦੇ ਘਾਟੇ ਵਿਚ ਚੱਲ ਰਿਹਾ ਹੈ ਜੋ ਕਿ ਇਤਿਹਾਸ ਵਿਚ ਸਭ ਤੋਂ ਵੱਧ ਹੈ। ਘਰਾਂ ਦੀਆਂ ਕੀਮਤਾਂ ਲੋਕਾਂ ਦੇ ਵੱਸ ਤੋਂ ਬਾਹਰ ਹਨ। ਬੀ ਸੀ ਘਰ ਬਣਾਉਣਾ ਇਕ ਸੁਪਨਾ ਬਣ ਗਿਆ ਹੈ। ਇਹੀ ਵਜਾਹ ਹੈ ਕਿ ਪਹਿਲਾਂ ਜੋ ਲੋਕ ਇਸ ਬਿਊਟੀਫੁਲ ਸੂਬੇ ਵਿਚ ਰਹਿਣਾ ਪਸੰਦ ਕਰਦੇ ਸਨ, ਉਹ ਹੁਣ ਸੂਬਾ ਛੱਡਕੇ ਹੋਰਨਾਂ ਥਾਵਾਂ ਵੱਲ ਹਿਜਰਤ ਕਰ ਰਹੇ ਹਨ। ਸਕੂਲਾਂ ਵਿਚ ਬੱਚਿਆਂ ਲਈ ਲੋੜ ਮੁਤਾਬਿਕ ਕਲਾਸ ਰੂਮ ਨਹੀ ਹਨ। ਸਿਹਤ ਸਹੂਲਤਾਂ ਦਾ ਹਾਲ ਇਹ ਹੈ ਕਿ ਹਸਪਤਾਲਾਂ ਵਿਚ ਇਲਾਜ ਲਈ ਲੰਬੀਆਂ ਲਾਈਨਾਂ ਲੱਗੀਆਂ ਹਨ। ਉਹਨਾਂ ਕਿਹਾ ਕਿ ਸਭ ਤੋਂ ਖਤਰਨਾਕ ਸਥਿਤੀ ਸੂਬੇ ਵਿਚ ਅਮਨ ਕਨੂੰਨ ਦੀ ਹੈ। ਵਪਾਰੀ ਵਰਗ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਦੀਆਂ  ਅਪਰਾਧੀਆਂ ਅਤੇ ਡਰੱਗ ਪ੍ਰਤੀ ਨਰਮ ਨੀਤੀਆਂ ਸੂਬੇ ਨੂੰ ਅਰਾਜਕਤਾ ਵਲ ਧਕ ਰਹੀਆਂ ਹਨ।  ਉਹਨਾਂ ਕਿਹਾ ਕਿ  ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧ ਦੇ ਵਧ ਰਹੇ ਸੰਕਟ ਤੇ ਕਾਬੂ ਪਾਉਣਾ ਵੱਡੀ ਚੁਣੌਤੀ ਹੈ।

ਉਹਨਾਂ ਹੋਰ ਕਿਹਾ ਕਿ ਉਹ ਅਕਤੂਬਰ ਚੋਣਾਂ ਲਈ ਲੋਕਾਂ ਤੱਕ ਪਹੁੰਚ ਕਰ ਰਹੇ ਹਨ। ਲੋਕਾਂ ਵਲੋਂ ਕੰਸਰਵੇਟਿਵ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।  ਸਰਵੇਖਣ ਰਿਪੋਰਟਾਂ ਵਿਚ ਬੀ ਸੀ ਕੰਸਰਵੇਟਿਵ ਦੀ ਲੋਕਪ੍ਰਿਯਤਾ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਸਰਵੇਖਣ ਵਿਚ ਬੀ ਸੀ ਕੰਸਰਵੇਟਿਵ ਨੂੰ ਬੀ ਸੀ ਐਨ ਡੀ ਪੀ ਦੇ ਮੁਕਾਬਲੇ ਵਿਚ 38 ਪ੍ਰਤੀਸ਼ਤ ਤੇ ਵਿਖਾਇਆ ਗਿਆ ਹੈ। ਸਰਵੇਖਣ ਦਸਦੇ ਹਨ ਕਿ  ਅਕਤੂਬਰ ਚੋਣਾਂ ਵਿਚ ਐਨ ਡੀ ਪੀ ਪੀ ਤੇ ਬੀ ਸੀ ਕੰਸਰਵੇਟਿਵ ਵਿਚਾਲੇ ਹੀ ਮੁਕਾਬਲਾ ਹੋਣ ਵਾਲਾ ਹੈ। ਉਹਨਾਂ ਲੋਕਾਂ ਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਅਤੇ ਸੂਬੇ ਵਿਚ ਲੋਕ ਹਿੱਤਾਂ ਲਈ ਕੰਮ ਕਰਨ ਵਾਲੀ ਬੀ ਸੀ ਕੰਸਰਵੇਟਿਵ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।

ਇਸੇ ਦੌਰਾਨ ਸਰੀ ਨਿਊਟਨ ਤੋਂ ਨੌਜਵਾਨ ਉਮੀਦਵਾਰ ਤੇਗਜੋਤ ਬੱਲ ਅਤੇ ਸਰੀ ਨਾਰਥ ਤੋਂ ਉਮੀਦਵਾਰ ਮਨਦੀਪ ਧਾਲੀਵਾਲ ਨੇ ਦੇਸ ਪ੍ਰਦੇਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਰੋਜ਼ਾਨਾ ਡੋਰ ਨਾਕਿੰਗ ਕਰਦੇ ਹਨ। ਲੋਕਾਂ ਵਲੋਂ ਦਿੱਤਾ ਜਾ ਰਿਹਾ ਹੁੰਗਾਰਾ ਤੇ ਪਾਰਟੀ ਆਗੂ ਜੌਹਨ ਰਸਟਡ ਦੀ ਲੋਕ ਪ੍ਰਿਯਤਾ ਵਿਚ ਵਾਧਾ ਬਹੁਤ ਹੀ ਉਤਸ਼ਾਹਜਨਕ ਹਨ। ਦੋਵਾਂ ਨੌਜਵਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਸਰੀ ਦੇ ਲੋਕਾਂ ਅਤੇ ਭਾਈਚਾਰੇ ਦੀਆਂ ਸਮੱਸਿਆਵਾਂ ਤੋਂ ਭਲੀਭਾਂਤ ਜਾਣੂ ਹਨ। ਉਹਨਾਂ ਦਾ ਮੰਨਣਾ ਹੈ ਕਿ ਬੀ ਸੀ ਕੰਸਰਵੇਟਿਵ ਦੀ ਸਰਕਾਰ ਬਣਨ ਨਾਲ ਲੋਕਾਂ ਦੀ ਸਮੱਸਿਆਵਾਂ ਦੇ ਸਥਾਈ ਹੱਲ ਸੰਭਵ ਹੈ।

ਸਰੀ ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਹਲਕੇ ਵਿਚ ਪਰਿਵਾਰ ਸਮੇਤ ਰਹਿ ਰਹੇ ਹਨ। ਉਹ  ਸਰੀ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੇ ਮਨ ਦੀ ਗੱਲ ਪਾਰਟੀ ਆਗੂ ਤੇ ਲੀਡਰਸ਼ਿਪ ਤੱਕ ਪਹੁੰਚਾ ਰਹੇ ਹਨ। ਪਾਰਟੀ ਪ੍ਰੋਗਰਾਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਿਹਤ ਸਹੂਲਤਾਂ ਲਈ ਸਥਾਈ ਹੱਲ ਕੀ ਹੋ ਸਕਦਾ ਹੈ। ਬੀ ਸੀ ਕੰਸਰਵੇਟਿਵ ਸਰਕਾਰ ਬਣਨ ਦੀ ਸੂਰਤ ਵਿਚ ਸਮਰੱਥ ਹੈਲਥ ਕੇਅਰ ਸਿਸਟਮ ਬਣਾਇਆ ਜਾਵੇਗਾ। ਉਹਨਾਂ ਸਰੀ ਦੇ ਪੰਜਾਬੀ ਭਾਈਚਾਰੇ ਨੂੰ ਬੀ ਸੀ ਕੰਸਰਵੇਟਿਵ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਹੁੰਗਾਰਾ ਭਰਨ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ।

ਮਨਦੀਪ ਧਾਲੀਵਾਲ- ਸਰੀ ਨਾਰਥ
ਤੇਗਜੋਤ ਬੱਲ- ਸਰੀ ਨਿਊਟਨ