Headlines

ਮਿਸ਼ਨ ਵਿਚ ਵੂਮੈਨ ਸੁਸਾਇਟੀ ਵਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਮਿਸ਼ਨ (ਬਲਵੀਰ ਕੌਰ ਢਿੱਲੋਂ)-ਬੀਤੇ ਦਿਨੀ ਬੀਸੀ ਦੇ ਖੂਬਸੂਰਤ ਸ਼ਹਿਰ ਮਿਸ਼ਨ ਵਿਖੇ ਪੰਜਾਬੀ ਮੁਟਿਆਰਾਂ ਵੂਮੈਨ ਸੁਸਾਇਟੀ ਵੱਲੋਂ ਤੀਜਾ ਤੀਆਂ ਦਾ ਤਿਉਹਾਰ ਮਿਸ਼ਨ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਪੰਜਾਬੀ ਮੁਟਿਆਰਾਂ ਵੋਮਨ ਸੁਸਾਇਟੀ ਦੇ ਪ੍ਰਧਾਨ: ਜੈਸ਼ ਬੈਂਸ, ਮੀਤ ਪ੍ਰਧਾਨ: ਜੈਸਮੀਨ ਭੰਬਰਾ, ਖਜ਼ਾਨਚੀ: ਕੈਰਨ ਬੰਗਰ, ਸਕੱਤਰ: ਬਲਨੀਤ ਤੂਰ, ਨਿਰਦੇਸ਼ਕ: ਬਿੰਦਰ ਰੰਧਾਵਾ, ਰਿੰਮੀ ਪੁਰੇਵਾਲ-ਦਿਓਲ ਅਤੇ ਮਨਪ੍ਰੀਤ ਬਰਾੜ ਅਤੇ ਉਹਨਾਂ ਦੇ ਵਲੰਟੀਅਰਾਂ ਦੀ ਅਣਥੱਕ ਮੇਹਨਤ ਨਾਲ਼ ਇਹ ਮੇਲਾ ਹੋਣਾ ਸੰਭਵ ਹੋਇਆ ਅਤੇ ਬਹੁਤ ਸਫਲ ਰਿਹਾ। ਬਹੁਤ ਸਾਰੀਆਂ ਨੌਨ ਪ੍ਰੌਫਿਟ ਸੰਸਥਾਵਾਂ ਜਿਵੇਂ ਕਿ ਯੂਨਾਈਟਡ ਵੇ, ਬੀ ਸੀ ਨਰਸਿਸ ਯੂਨੀਅਨ, ਐਚ ਈ ਯੂ ਹੌਸਪਿਟਲ ਯੂਨੀਅਨ, ਵਾਇਲੈਂਸ ਪ੍ਰਵੈਂਸ਼ਨ ਅਤੇ ਸਾਰਾ ਫਾਰ ਵੋਮਨ ਆਦਿ। ਪੰਜਾਬੀ ਮੁਟਿਆਰਾਂ ਵੋਮਨ ਸੁਸਾਇਟੀ ਵੱਲੋਂ ਸਾਰਾ ਫਾਰ ਵੋਮਨ ਸੰਸਥਾ ਨੂੰ $1100 ਡਾਲਰ ਦਾਨ ਕੀਤੇ ਗਏ।
ਇਹ ਮੇਲਾ ਮਿਸ਼ਨ ਦੇ ਫਰੇਜ਼ਰ ਰਿਵਰ ਪਾਰਕ ਵਿੱਚ  ਖੁੱਲ੍ਹੇ ਅਸਮਾਨ ਹੇਠਾਂ ਸਜਾਏ ਇਕ ਵੱਡੇ ਅਕਾਰ ਦੇ ਪੰਡਾਲ ਵਿੱਚ  ਹੋਇਆ। ਇਸ ਮੇਲੇ ਵਿੱਚ ਹਰ ਉਮਰ ਦੀਆਂ ਔਰਤਾਂ ਅਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਸਟੇਜ ਤੇ ਗੀਤਾਂ ਤੋਂ ਇਲਾਵਾ ਢੋਲ ਦੇ ਡੱਗੇ ਤੇ ਬੋਲੀਆਂ ਪਾ ਰੌਣਕਾਂ ਲਾ ਕੇ ਮੇਲੇ ’ਚ ਮੌਜ਼ੂਦ ਬਹੁਗਿਣਤੀ ਮੁਟਿਆਰਾਂ ਦੇ ਨੱਚਣ ਲਾਈ ਪੈਰ ਥਿਰਕਣ ਲਾ ਦਿੱਤੇ। ਮੁਟਿਆਰਾਂ ਇਸ ਮੇਲੇ ਵਿੱਚ ਝੂਮਦੀਆਂ ਨਜ਼ਰੀ ਆਈਆਂ।
ਇਸ ਮੇਲੇ ਦਾ ਦਿਲਚਸਪ ਤੱਥ ਇਹ ਸੀ ਕਿ ਮੇਲੇ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਦੇ ਵੱਖ—ਵੱਖ ਕੋਨਿਆਂ ’ਤੇ ਪੁਰਾਤਨ ਵਿਰਸੇ ਨਾਲ ਜੁੜੀਆਂ ਵਸਤਾਂ ਹੱਥੀਂ ਬੁਣੀਆਂ ਦਰੀਆਂ, ਚਾਦਰਾਂ, ਪੱਖਿਆਂ, ਚਰਖੇ  ਅਤੇ ਹੋਰ ਬਹੁਤ ਤਰਾਂ ਦੇ ਪੁਰਾਤਨ ਸਮਾਨ ਨਾਲ਼ ਸਜਾਵਟ ਕੀਤੀ ਗਈ। ਖੁੱਲੇ ਅਸਮਾਨ ਹੇਠ ਭੈਣਾਂ ਤੇ ਬੱਚੀਆਂ ਨੇ ਦਰਖਤਾਂ ਤੇ ਪਈਆਂ  ਪੀਂਘਾਂ ਝੂਟੀਆਂ ।ਸਾਰੀ ਪਾਰਕ ਨੂੰ ਬਹੁਤ ਹੀ ਅਦਭੁਤ ਤਰੀਕੇ ਨਾਲ ਸਜਾਇਆ ਗਿਆ। ਪੁਰਾਤਨ ਚੀਜ਼ਾਂ ਨਾਲ ਸੈਲਫੀਆਂ ਲੈਣ ਅਤੇ ਵੀਡੀਓ ਬਣਾਉਣ ਵਿੱਚ ਮੁਟਿਆਰਾਂ ਮਸ਼ਰੂਫ ਨਜ਼ਰੀ ਪਈਆਂ। ਤੀਆਂ ਦੇ ਮੇਲੇ ਦੀਆਂ ਵੱਖ-ਵੱਖ ਝਲਕੀਆਂ ਤੋਂ ਇਲਾਵਾ ਮਨਦੀਪ ਕੌਰ ਵੱਲੋਂ ਗਿੱਧੇ ਅਤੇ ਭੰਗੜੇ ਦੇ ਬਹੁਤ ਸਾਰੇ ਦ੍ਰਿਸ਼ ਪੇਸ਼ ਕੀਤੇ ਗਏ। ਭੈਣਾਂ ਤੇ ਬੱਚਿਆਂ ਵੱਲੋਂ ਬਹੁਤ ਸਾਰੀਆਂ ਖੇਡਾਂ ਖੇਡੀਆਂ ਗਈਆਂ ਜ਼ਿਹਨਾਂ ਵਿੱਚੋਂ ਰੱਸਾ-ਕਸ਼ੀ  ਖਾਸ ਸੀ।
ਇਸ ਤੋਂ ਇਲਾਵਾ ਮੇਲੇ ਦੇ ਇੱਕ ਪਾਸੇ ਬਹੁਤ ਸਾਰੇ  ਸਟਾਲ ਲਗਾਏ ਗਏ ਅਤੇ ਆਈਆਂ ਹੋਈਆਂ ਔਰਤਾਂ ਨੇ ਮਨੋਰੰਜਨ ਦੇ ਨਾਲ਼ ਨਾਲ਼ ਖਰੀਦਦਾਰੀ ਦਾ ਵੀ ਆਨੰਦ ਮਾਣਿਆ। ਇਹ ਮੇਲਾ ਵੇਖ ਪੰਜਾਬ ਦੇ ਕਿਸੇ ਮੇਲੇ ਵਰਗਾ ਮਾਹੌਲ ਸਿਰਜਿਆ ਮਹਿਸੂਸ ਹੋ ਰਿਹਾ ਸੀ।ਮੇਲੇ ਦੇ ਅਖੀਰਲੇ ਪੜਾਅ ’ਚ ਮੇਲੇ ਦੀ  ਆਯੋਜਿਕ ਅਤੇ ਉਨ੍ਹਾਂ ਦੀ ਬਾਕੀ ਟੀਮ ਵੱਲੋਂ ਮੁੱਖ ਮਹਿਮਾਨਾਂ ਅਤੇ ਮੀਡੀਏ ਤੋਂ ਬੀ ਕੌਰ ਮੀਡੀਆ ਅਤੇ ਪਲੱਸ ਟੀ ਵੀ ਤੋਂ ਬਲਜਿੰਦਰ ਕੌਰ ਸਮੇਤ ਕਈ ਹੋਰ ਸਖਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤੇ ਗਏ। ਮੇਲੇ ਦਾ ਆਨੰਦ ਮਾਣਨ ਆਏ ਸਾਰੇ ਮਹਿਮਾਨਾਂ ਨੇ ਇਸ ਮੇਲੇ ਦਾ ਖੂਬ ਆਨੰਦ ਮਾਣਿਆ। ਮੇਲੇ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜੈਸਿਕਾ ਵੱਲੋਂ ਬਾਖੂਬੀ ਨਿਭਾਈ ਗਈ।
ਪ੍ਰਬੰਧਕਾਂ ਨੇ ਸਾਰੇ ਵਲੰਟੀਅਰਾਂ ਅਤੇ ਸਪੌਂਸਰਾਂ ਦਾ ਧੰਨਵਾਦ ਕੀਤਾ, ਖਾਸ ਤੌਰ ‘ਤੇ ਪਰਨੀਤ ਥਿੰਦ ਦਾ ਜਿਨ੍ਹਾਂ ਨੇ ਜ਼ੀਰੋ ਤੋਂ ਸਾਰੇ ਸਜਾਵਟ ਵਾਲ਼ੇ ਕਰਾਫਟ ਵਰਕ ਨੂੰ ਬਣਾਉਣ ਵਿੱਚ ਸਾਡੀ ਮਦਦ ਕੀਤੀ ਅਤੇ ਪਲੈਟੀਨਮ ਸਪਾਂਸਰ: ਕੈਨਕੋ ਐਬਟਸਫੋਰਡ, ਸਿਲਵਰਡੇਲ ਮਿਸ਼ਨ ਤੋਂ ਸੁਖਦੀਪ ਧਾਲੀਵਾਲ, ਮੈਡੀ ਸਿੰਗਲਾ ਅਤੇ ਦਿਲਪ੍ਰੀਤ ਗਿੱਲ। ਪ੍ਰਬੰਧਕਾਂ ਨੇ ਅਗਲੇ ਸਾਲ ਇਸ ਤੋਂ ਵੀ ਵਧੀਆ ਤੇ ਵੱਡੇ ਪੱਧਰ ਤੇ ਮੇਲਾ ਕਰਵਾਉਣ ਲਈ ਬਚਨਵੱਧਤਾ ਪ੍ਰਗਟਾਈ।