ਪਟਿਆਲਾ 15 ਅਗਸਤ: (ਡਾ. ਸੁਖਦਰਸ਼ਨ ਸਿੰਘ ਚਹਿਲ)-ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਇੱਥੇ ਮੁੱਖ ਦਫ਼ਤਰ ਵਿਖੇ ਅਜ਼ਾਦੀ ਦਿਵਸ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਨਾਇਆ। ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਵੱਲੋਂ ਭਾਸ਼ਾ ਸਦਨ ਦੇ ਵਿਹੜੇ ’ਚ ਕੌਮੀ ਝੰਡਾ ਲਹਿਰਾਉਣ ਨਾਲ ਸਮਾਗਮ ਦੀ ਸ਼ੁਰੂਆਤ ਹੋਈ ਅਤੇ ਇਸ ਉਪਰੰਤ ਮੌਕੇ ’ਤੇ ਹਾਜ਼ਰ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲਕੇ ਰਾਸ਼ਟਰ ਗਾਣ ਗਾਇਆ। ਫਿਰ ਵਿਭਾਗ ਦੇ ਸੈਮੀਨਾਰ ਹਾਲ ’ਚ ਹੋਏ ਸਮਾਗਮ ਦੇ ਦੂਸਰੇ ਪੜਾਅ ਨੂੰ ਵਿਭਾਗ ਦੇ ਕਰਮਚਾਰੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਯਾਦਗਾਰੀ ਬਣਾ ਦਿੱਤਾ।
ਇਸ ਮੌਕੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਭਾਸ਼ਨ ਰਾਹੀਂ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੇਸ਼ ਦੇ ਅਜੋਕੇ ਹਾਲਾਤਾਂ ਦੇ ਸੰਦਰਭ ’ਚ ਕਿਹਾ ਕਿ ਸਾਨੂੰ ਅਜ਼ਾਦੀ ਕਿਵੇਂ ਮਿਲੀ, ਇਸ ਗੱਲ ’ਤੇ ਵਿਚਾਰ ਕਰਨ ਦੇ ਨਾਲੋਂ ਇੰਨਾਂ ਤੱਥਾਂ ’ਤੇ ਚਰਚਾ ਕਰਨੀ ਚਾਹੀਦੀ ਹੈ ਕਿ ਅਸੀਂ ਗੁਲਾਮ ਕਿਉਂ ਹੋਏ? ਸ. ਜ਼ਫ਼ਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਗੁਲਾਮ ਹੋਣ ’ਚ ਉਸ ਮੁਲਕ ਦੇ ਲੋਕਾਂ ਦੀਆਂ ਗਲਤੀਆਂ, ਕਮਜ਼ੋਰੀਆਂ ਤੇ ਖੁਦਗਰਜ਼ੀਆਂ ਦਾ ਵੱਡਾ ਹੱਥ ਹੁੰਦਾ ਹੈ। ਇਸ ਕਰਕੇ ਹਰੇਲ ਮੁਲਕ ਦੇ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਦੇਸ਼ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਆਪਣੀਆਂ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣ।
ਸਮਾਗਮ ਦੌਰਾਨ ਵਿਭਾਗ ਦੇ ਖੋਜ ਅਫ਼ਸਰ ਡਾ. ਸੰਤੋਖ ਸਿੰਘ ਸੁੱਖੀ, ਡਾ. ਸੱਤਪਾਲ ਸਿੰਘ ਚਹਿਲ ਤੇ ਸੀਨੀਅਰ ਸਹਾਇਕ ਗੁਰਮੇਲ ਸਿੰਘ ਸਰਕਾਰੀਆ ਨੇ ਆਪਣੀਆਂ ਕਾਵਿਕ ਪੇਸ਼ਕਾਰੀਆਂ ਨਾਲ ਰੰਗ ਬੰਨਿਆ। ਡਾ. ਮਨਜਿੰਦਰ ਸਿੰਘ ਨੇ ਆਪਣੀ ਗਾਇਕੀ ਰਾਹੀਂ ਪੰਜਾਬ ਦੇ ਲੋਕ ਰੰਗ ਪੇਸ਼ ਕੀਤੇ। ਅਖੀਰ ਵਿੱਚ ਵਿਭਾਗ ਦੀਆਂ ਮਹਿਲਾ ਕਰਮਚਾਰੀਆਂ ਹਰਪ੍ਰੀਤ ਕੌਰ, ਅਵਨੀਤ ਕੌਰ, ਮਨਦੀਪ ਕੌਰ, ਏਕਤਾ, ਕੌਸ਼ਿਕ, ਨੇਹਾ ਖੁਰਾਣਾ, ਦਮਨ ਅਤੇ ਈਸ਼ਾ ਨੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਕੀਤਾ ਗਿਆ। ਅਖੀਰ ਵਿੱਚ ਸਮਾਗਮ ’ਚ ਹਿੱਸਾ ਲੈਣ ਵਾਲੇ ਸਾਰੇ ਕਲਾਕਾਰਾਂ ਨੂੰ ਡਾਇਰੈਕਟਰ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਭਜਨ ਕੌਰ, ਚੰਦਨਦੀਪ ਕੌਰ ਤੇ ਸਤਨਾਮ ਸਿੰਘ, ਸਹਾਇਕ ਡਾਇਰੈਕਟਰ ਅਸ਼ਰਫ ਮਹਿਮੂਦ ਨੰਦਨ, ਆਲੋਕ ਚਾਵਲਾ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਸੁਰਿੰਦਰ ਕੌਰ ਅਤੇ ਵੱਡੀ ਗਿਣਤੀ ’ਚ ਕਰਮਚਾਰੀ ਹਾਜ਼ਰ ਸਨ।
ਤਸਵੀਰ:- ਅਜ਼ਾਦੀ ਦਿਹਾੜੇ ਨੂੰ ਮੌਕੇ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਕੀਤੇ ਗਏ ਸਮਾਗਮ ’ਚ ਹਿੱਸਾ ਲੈਣ ਵਾਲੇ ਕਲਾਕਾਰ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਤੇ ਹੋਰਨਾਂ ਅਧਿਕਾਰੀਆਂ ਨਾਲ।